ਅਸ਼ੋਕ ਵਰਮਾ
ਨਵੀਂ ਦਿੱਲੀ, 17 ਦਸੰਬਰ 2020 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਅੰਬਾਨੀ ਅਡਾਨੀ ਸਮੇਤ ਸਮੂਹ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ’ਚ ਤੇਜੀ ਲਿਆਉਣ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਅਸਲ ’ਚ ਕਾਰਪੋਰੇਟ ਖਿਲਾਫ ਬਗਾਵਤ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏਗੀ ਜਿਸ ਕਰਕੇ ਇਹ ਬਾਈਕਾਟ ਨੂੰ ਤੇਜ ਕਰਨਾ ਜਰੂਰੀ ਹੈ। ਸੰਘਰਸ਼ ਕਮੇਟੀ ਨੇ ਅੱਜ ਖੇਤੀ ਕਾਨੂੰਨਾਂ ਲਈ ਬਣਾਈ ਜਾਣ ਵਾਲੀ ਕਮੇਟੀ ਨੂੰ ਮਾਮਲਾ ਲਟਕਾਉਣ ਵਾਲੀ ਗੱਲ ਕਰਾਰ ਦਿੰਦਿਆਂ ਇਹ ਕਾਨੂੰਨ ਬਿਨਾਂ ਕਿਸੇ ਹੀਲ ਹੁੱਜਤ ਦੇ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਲੀ ਵਿੱਚ ਕੁੰਡਲੀ-ਸਿੰਧੂ ਬਾਰਡਰ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ, ਸਾਰੀਆਂ ਫਸਲਾਂ ਦੀ ਖਰੀਦ ਗਾਰੰਟੀ ਵਾਲਾ ਕਾਨੂੰਨ ਆਦਿ ਮੰਗਾਂ ਮੁਖ ਮੰਗਾਂ ਹਨ ਅਤੇ ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਕੋਈ ਕਮੇਟੀ ਇਸ ਮਸਲੇ ਦਾ ਹੱਲ ਨਹੀਂ ਹੈ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਛਲ ਦੀ ਨੀਤੀ ਉਤੇ ਚੱਲ ਰਹੀ ਹੈ ਅਤੇ ਪ੍ਰਚਾਰ ਮਾਧਿਅਮਾਂ ਰਾਹੀਂ ਫਰਜੀ ਜਥੇਬੰਦੀਆਂ ਖੜੀਆਂ ਕਰਕੇ ਉਹਨਾਂ ਕੋਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਦਾਅਵੇ ਕਰਵਾਏ ਜਾ ਰਹੇ ਹਨ। ਉਹਨਾਂ ਆਖਿਆ ਕਿ ਜਦੋਂ ਸਾਰੇ ਦਾਅ ਪੇਚ ਕਿਸਾਨ ਸੰਘਰਸ਼ ਦੇ ਦਬਾਅ ਹੇਠ ਪੇਤਲੇ ਪੈ ਗਏ ਤਾਂ ਸਰਕਾਰ ਹੁਣ ਅਦਾਲਤ ਦੇ ਸਹਾਰੇ ਅੰਦੋਲਨ ਖਤਮ ਕਰਵਾਉਣ ਦੇ ਯਤਨਾਂ ’ਚ ਲੱਗ ਗਈ ਹੈ। ਉਹਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦਾ ਅੜੀਅਲ ਰਵੱਈਆ ਹੀ ਬਾਬਾ ਰਾਮ ਸਿੰਘ ਸੰਘੇੜਾ ਦੀ ਮੌਤ ਦਾ ਕਾਰਨ ਬਣਿਆ ਹੈ ਅਤੇ ਇਸ ਅੰਦੋਲਨ ਦੌਰਾਨ 20 ਤੋਂ ਵੱਧ ਲੋਕ ਸ਼ਹੀਦ ਹੋ ਚੁੱਕੇ ਹਨ। ਉਹਨਾਂ ਸਮੂਹ ਭਾਰਤੀਆਂ ਅਤੇ ਪੰਜਾਬੀਆਂ ਨੂੰ ਭਾਜਪਾ ਦੇ ਕੇਂਦਰੀ ਅਤੇ ਸੂਬਾਈ ਆਗੂ ਅਤੇ ਮੰਤਰੀਆਂ ਦੀ ਆਮਦ ਮੌਕੇ ਉਹਨਾਂ ਦਾ ਵਿਰੋਧ ਕਰਨ ਲਈ ਵੀ ਕਿਹਾ।
ਆਗੂਆਂ ਨੇ ਕਿਹਾ ਕਿ ਖੇਤੀ ਮੰਤਰੀ ਤੋਮਰ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਕਿਸਾਨਾਂ ਮਜਦੂਰਾਂ ਨੂੰ ਭਰਮਾਉਣ ਵਾਲੇ ਹਨ ਕਿ ਇਹ ਮੋਰਚਾ ਲੰਮਾ ਚੱਲੇਗਾ ਇਸ ਲਈ ਮਾਨਸਿਕ ਤਿਆਰੀ ਕਰਨ, ਕਾਰਪੋਰੇਟ ਘਰਾਣਿਆਂ ਦੀਆਂ ਵਸਤੂਆਂ ਦਾ ਬਾਈਕਾਟ ਅਤੇ ਉਹਨਾਂ ਦੇ ਅਦਾਰਿਆਂ ਦਾ ਵਿਰੋਧ ਹੋਰ ਜਿਆਦਾ ਤੇਜ ਕਰਨ ਦੀ ਲੋੜ ਤੇ ਜੋਰ ਦਿੱਤਾ। ਇਸ ਮੌਕੇ ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜਵਾਂ, ਇੰਦਰਜੀਤ ਸਿੰਘ ਕੱਲੀਵਾਲਾ, ਸਾਹਿਬ ਸਿੰਘ ਦੀਨੇਕੇ, ਬਲਜਿੰਦਰ ਸਿੰਘ ਤਲਵੰਡੀ, ਰਣਬੀਰ ਸਿੰਘ ਰਾਣਾ, ਰਣਜੀਤ ਸਿੰਘ ਕਲੇਰ ਬਾਲਾ, ਜਗਦੀਪ ਕੌਰ,ਬੀਬੀ ਰਜਨੀ ਦਿੱਲੀ, ਰਜਾਨੰਦ ਕਰੂਪਲ ਮਹਾਰਾਸ਼ਟਰ, ਗੁਰਦੇਵ ਸਿੰਘ, ਤਰਨਾ ਦਲ ਬਾਬਾ ਮਨਮੋਹਨ ਸਿੰਘ ਅਤੇ ਦਿਆਲ ਸਿੰਘ ਮੀਆਵਿੰਡ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।