ਅਸ਼ੋਕ ਵਰਮਾ
ਬਠਿੰਡਾ, 6 ਦਸੰਬਰ 2020 - ਬਠਿੰਡਾ ਦੀ ਹੋਮਲੈਂਡ ਕਲੋਨੀ ਵਾਸੀ ਅਤੇ ਮਾਨਸਾ ਜ਼ਿਲ੍ਹੇ ’ਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਸੇਵਾਮੁਕਤ ਪੁਲਿਸ ਇੰਸਪੈਕਟਰ ਹਰਪਾਲ ਸਿੰਘ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਅਤੇ ਕਿਸਾਨ ਅੰਦੋਲਨ ਦੇ ਹੱਕ ’ਚ ਪੁਲਿਸ ’ਚ ਨਿਭਾਈਆਂ ਆਪਣੀਆਂ ਸ਼ਾਨਾਦਾਰ ਸੇਵਾਵਾਂ ਬਦਲੇ ਮਿਲੇ ਦੋ ਰਾਸ਼ਟਰਪਤੀ ਮੈਡਲ ਕੇਂਦਰ ਸਰਕਾਰ ਨੂੰ ਵਾਪਿਸ ਕਰ ਦਿੱਤੇ ਹਨ। ਸੇਵਾਮੁਕਤ ਅਧਿਕਾਰੀ ਨੇ ਦੋਵਾਂ ਮੈਡਲਾਂ ਨੂੰ ਕੋਰੀਅਰ ਰਾਹੀਂ ਕੇਂਦਰ ਕੋਲ ਭੇਜਿਆ ਹੈ। ਦੋਵਾਂ ਮੈਡਲਾਂ ਚੋਂ ਇੱਕ ਵਿਸ਼ਿਸ਼ਟ ਸੇਵਾ ਮੈਡਲ ਨਾਲ ਉਹਨਾਂ ਨੂੰ ਤੱਤਕਾਲੀ ਰਾਸ਼ਟਰਪਤੀ ਪ੍ਰਣਵ ਮੁਖਰਜੀ ਵੱਲੋਂ ਸਨਮਾਨਿਆ ਗਿਆ ਸੀ। ਇਸ ਤੋਂ ਇਲਾਵਾ 15 ਅਗਸਤ 2002 ਨੂੰ ਉਸ ਸਮੇਂ ਦੇ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ ਵੀ ਉਹਨਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਸੀ।
ਮੈਡਲ ਵਾਪਿਸ ਕਰਨ ਮੌਕੇ ਲਿਖੇ ਆਪਣੇ ਪੱਤਰ ’ਚ ਉਹਨਾਂ ਲਿਖਿਆ ਹੈ ਕਿ ਉਹ ਆਪਣੇ ਦੋਨੋਂ ਮੈਡਲ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਹੋ ਰਹੇ ਕਿਸਾਨ ਅੰਦੋਲਨ ਦੇ ਹੱਕ ’ਚ ਅਤੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਨਾ ਸੁਣਨ ਬਲਕਿ ਅਪਮਾਨਿਤ ਕਰਨ ਦੇ ਰੋਸ ਵਜੋਂ ਵਾਪਸ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਅਤੇ ਉਹਨਾਂ ਨੇ ਆਪਣੀ ਸਮਝ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਾਰਣ ਇਹ ਫੈਸਲਾ ਲਿਆ ਹੈ। ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਸੇਵਾਮੁਕਤ ਪੁਲਿਸ ਇੰਸਪੈਕਟਰ ਹਰਪਾਲ ਸਿੰਘ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਨਾਲ ਕਿਸਾਨ ਸੰਘਰਸ਼ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਕੇਂਦਰ ਸਰਕਾਰ ਤੇ ਦਬਾਅ ਵਧਣਾ ਹੈ।