ਚੰਡੀਗੜ੍ਹ, 24 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਅਰਵਿੰਦ ਕੇਜਰੀਵਾਲ 'ਤੇ ਇਕ ਹੋਰ ਹਮਲਾ ਬੋਲਦਿਆਂ ਜਾਣਨਾ ਚਾਹਿਆ ਹੈ ਕਿ ਕੀ ਉਹ ਪੰਜਾਬ ਦੇ ਮਾਫੀਆ ਨੂੰ ਦਿੱਲੀ ਦੇ ਮਾਫੀਆ ਨਾਲ ਬਦਲਣ ਦੀ ਯੋਜਨਾ ਬਣਾ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੇ ਇਥੇ ਜ਼ਾਰੀ ਇਕ ਪ੍ਰੈਸ ਨੋਟ 'ਚ ਕਿਹਾ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਸ਼ਾਸਨ ਹੇਠ ਮਾਫੀਆ ਦੇ ਪੂਰੀ ਤਰ੍ਹਾਂ ਕੰਟਰੋਲ ਨਾਲ ਮਾਫੀਆ ਰਾਜ ਦੇ ਮੱਦੇਨਜ਼ਰ ਇਹ ਸਮਝਣਾ ਅਸਾਨ ਹੈ ਕਿ ਕੇਜਰੀਵਾਲ ਹੁਣ ਦਿੱਲੀ ਦੇ ਮਾਫੀਆ ਦਾ ਕੰਟਰੋਲ ਪੰਜਾਬ ਤੱਕ ਵਧਾਉਣਾ ਚਾਹੁੰਦੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਗੁਰਕੀਰਤ ਸਿੰਘ ਕੋਟਲੀ, ਅਮਰੀਕ ਸਿੰਘ ਢਿਲੋਂ ਤੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੇਜਰੀਵਾਲ ਵੱਲੋਂ ਪੰਜਾਬ 'ਚ ਬਾਦਲ ਸਰਕਾਰ ਦੀ ਸ਼ੈਅ ਹੇਠ ਚੱਲ ਰਹੇ ਵੱਖ ਵੱਖ ਮਾਫੀਆਵਾਂ ਨੂੰ ਖਤਮ ਕਰਨ ਦੀਆਂ ਗੱਲਾਂ ਦਾ ਮਤਲਬ ਕੁਝ ਹੋਰ ਨਹੀਂ, ਬਲਕਿ ਆਪ ਆਗੂ ਦੀ ਦਿੱਲੀ ਤੋਂ ਆਪਣੇ ਮਾਫੀਆ ਨੂੰ ਇਥੇ ਲਿਆਉਣ ਦੀ ਚਲਾਕੀ ਭਰੀ ਸੋਚ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂ ਨੇ ਕਿਹਾ ਕਿ ਦਿੱਲੀ ਦਾ ਪਾਰਕਿੰਗ ਮਾਫੀਆ, ਆਟੋ ਮਾਫੀਆ, ਸ਼ਰਾਬ ਮਾਫੀਆ ਅਤੇ ਇਥੋਂ ਤੱਕ ਕਿ ਪਾਣੀ ਟੈਂਕਰ ਮਾਫੀਆ ਪੰਜਾਬ 'ਚ ਅਕਾਲੀਆਂ ਦੇ ਕੰਟਰੋਲ ਵਾਲੇ ਵੱਖ ਵੱਖ ਮਾਫੀਆਵਾਂ ਨਾਲੋਂ ਘੱਟ ਬਦਨਾਮ ਨਹੀਂ ਹੈ। ਇਥੋਂ ਤੱਕ ਕਿ ਦਿੱਲੀ ਤੋਂ ਮਾਫੀਆ ਦਾ ਸਫਾਇਆ ਕਰਨਾ ਆਪ ਵੱਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਕੀਤਾ ਗਿਆ ਇਕ ਅਹਿਮ ਵਾਅਦਾ ਸੀ। ਲੇਕਿਨ ਕੇਜਰੀਵਾਲ ਨੇ ਆਪਣਾ ਇਹ ਵਾਅਦਾ ਪੂਰਾ ਕਰਨ ਹਿੱਤ ਕੁਝ ਨਹੀਂ ਕੀਤਾ, ਬਲਕਿ ਅਸਲਿਅਤ 'ਚ ਉਨ੍ਹਾਂ ਦੇ ਸ਼ਾਸਨ ਦੌਰਾਨ ਮਾਫੀਆ ਨੂੰ ਹੋਰ ਵੱਧਣ ਤੇ ਮਜ਼ਬੂਤ ਹੋਣ ਦੀ ਇਜ਼ਾਜਤ ਦਿੱਤੀ ਗਈ ਹੈ।
ਕਾਂਗਰਸੀ ਆਗੂਆਂ ਨੇ ਖੁਲਾਸਾ ਕੀਤਾ ਕਿ ਇਸ ਬਾਰੇ ਆਪ ਦੇ ਆਪਣੇ ਵਿਧਾਇਕ ਕਹਿ ਚੁੱਕੇ ਹਨ ਕਿ ਪਾਰਕਿੰਗ ਮਾਫੀਆ ਨੇ ਦਿੱਲੀ ਦੀਆਂ ਕਈ ਸੜਕਾਂ ਉਪਰ ਕਬਜ਼ਾ ਜਮ੍ਹਾ ਰੱਖਿਆ ਹੈ, ਇਥੋਂ ਤੱਕ ਕਿ ਮਜ਼ਬੂਤ ਆਟੋ-ਫਾਇਨਾਂਸਰਾਂ ਦਾ ਜਾਅਲ ਸ਼ਹਿਰ 'ਚ ਯਾਤਰੀਆਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਰਿਹਾ ਹੈ। ਇਸੇ ਤਰ੍ਹਾਂ, ਭਾਵੇਂ ਇਨ੍ਹਾਂ ਦੀ ਪਾਣੀ ਦੇ ਵਪਾਰ 'ਚ ਮਿਲੀਭੁਗਤ ਨਹੀਂ ਹੋਵੇ, ਫਿਰ ਵੀ ਕੇਜਰੀਵਾਲ ਸਰਕਾਰ ਦੀ ਢਿੱਲ ਕਾਰਨ ਮਾਫੀਆ ਨੇ ਦਿੱਲੀ 'ਚ ਪਾਣੀ ਦੇ ਟੈਂਕਰਾਂ ਉਪਰ ਆਪਣੀ ਪੱਕੜ ਮਜ਼ਬੂਤ ਕੀਤੀ ਹੋਈ ਹੈ। ਹਾਲਾਤ ਇਥੋਂ ਤੱਕ ਮਾੜੇ ਹਨ ਕਿ ਭੱਖਦੀ ਗਰਮੀ 'ਚ ਦਿੱਲੀ ਵਾਸੀਆਂ ਨੂੰ ਬਲੈਕ ਮਾਰਕੀਟ 'ਚ ਪਾਣੀ ਖ੍ਰੀਦਣਾ ਪੈਂਦਾ ਹੈ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਜੇ ਸ਼ਰਾਬ ਮਾਫੀਆ ਦੀ ਗੱਲ ਕੀਤੀ ਜਾਵੇ, ਜਿਸਨੂੰ ਕੇਜਰੀਵਾਲ ਨੇ ਪੰਜਾਬ ਤੋਂ ਸਾਫ ਕਰਨ ਦਾ ਐਲਾਨ ਕੀਤਾ ਹੈ, ਤਾਂ ਸਵਰਾਜ ਅਭਿਆਨ ਵੱਲੋਂ ਆਰ.ਟੀ.ਆਈ ਹੇਠ ਮੰਗੀ ਜਾਣਕਾਰੀ ਮੁਤਾਬਿਕ ਕੇਜਰੀਵਾਲ ਸਰਕਾਰ ਬਣਨ ਤੋਂ ਬਾਅਦ ਸ਼ਹਿਰ 'ਚ 58 ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ। ਜਿਨ੍ਹਾਂ ਨੇ ਆਪ ਆਗੂਆਂ ਨੂੰ ਕੌਮੀ ਰਾਜਧਾਨੀ 'ਚ ਮਾਫੀਆ ਨੂੰ ਕੰਟਰੋਲ ਕਰਨ ਹਿੱਤ ਕੀਤੇ ਉਪਾਆਂ ਨੂੰ ਦਰਸਾਉਣ ਲਈ ਕਿਹਾ ਹੈ।
ਇਸ ਲੜੀ ਹੇਠ, ਜਿਵੇਂ ਕੇਜਰੀਵਾਲ ਨੇ ਦਿੱਲੀ ਦੀ ਸੱਤਾ 'ਚ ਆਉਣ ਤੋਂ ਬਾਅਦ ਆਪਣੇ ਚੋਣਾਂ ਤੋਂ ਪਹਿਲਾਂ ਦੇ ਵਾਅਦਿਆਂ ਨੂੰ ਭੁਲਾ ਦਿੱਤਾ ਹੈ, ਉਹ ਪੰਜਾਬ 'ਚ ਵੀ ਉਸੇ ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ। ਬੀਤੇ ਦੋ ਸਾਲਾਂ ਦੌਰਾਨ ਦਿੱਲੀ ਨੂੰ ਲੁੱਟਣ ਤੋਂ ਬਾਅਦ ਆਪ ਦੇ ਕੌਮੀ ਕਨਵੀਨਰ ਸੰਭਾਵਿਤ ਤੌਰ 'ਤੇ ਆਪਣੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਵੀ ਹੁਣ ਪੰਜਾਬ 'ਚ ਖੁੱਲ੍ਹਾ ਛੱਡਣਾ ਚਾਹੁੰਦੇ ਹਨ। ਜਿਸ 'ਤੇ ਪਾਰਟੀ ਆਗੂਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕੇਜਰੀਵਾਲ ਦੀ ਮਿੱਠੀਆਂ ਗੱਲਾਂ 'ਚ ਨਾ ਆਉਣ, ਜਿਹੜੀਆਂ ਬਾਦਲਾਂ ਦੇ ਦੁਹਰੇ ਮਾਪਦੰਡਾਂ ਦੀ ਤਰ੍ਹਾਂ ਹੀ ਜ਼ਹਿਰੀਲੀਆਂ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਜੇ ਬਾਦਲਾਂ ਨੇ ਪੰਜਾਬ ਨੂੰ ਤਬਾਹ ਕੀਤਾ ਹੈ, ਤਾਂ ਕੇਜਰੀਵਾਲ ਐਂਡ ਕੰਪਨੀ ਪੰਜਾਬ ਦੀ ਹੋਂਦ ਹੀ ਮਿਟਾਉਣ ਦੀ ਯੋਜਨਾ ਬਣਾ ਰਹੇ ਹਨ। ਦੋਨਾਂ ਨੂੰ ਸੂਬੇ ਦੇ ਵੋਟਰਾਂ ਵੱਲੋਂ ਸਬਕ ਸਿਖਾਏ ਜਾਣ ਦੀ ਲੋੜ ਹੈ।