ਚੰਡੀਗੜ੍ਹ/ ਜਲੰਧਰ, 25 ਸਤੰਬਰ, 2016 : ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਜਲੰਧਰ ਵਿਚ ਇਸ ਗੱਲ ਦਾ ਐਲਾਨ ਕੀਤਾ ਕਿ 2017 ਵਿਚ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ 'ਛਾਪੇਮਾਰੀ ਰਾਜ' ਦਾ ਅੰਤ ਕਰ ਦਿੱਤਾ ਜਾਵੇਗਾ। ਮਹਾਰਾਜਾ ਅਗਰਸੈਨ ਜਯੰਤੀ ਦੇ ਮੌਕੇ ਮੁੱਖ ਮਹਿਮਾਨ ਵਜੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਆਪ ਦੀ ਸਰਕਾਰ ਤੋਂ ਬਾਅਦ ਵਪਾਰੀਆਂ ਅਤੇ ਕਾਰੋਬਾਰੀਆਂ ਉਤੇ ਛਾਪੇ ਮਾਰਨੇ ਬੰਦ ਕਰ ਦਿੱਤੇ ਗਏ ਹਨ। ਕੇਜਰੀਵਾਲ ਨੇ ਕਿਹਾ ਕਿ, ''ਅਸੀ ਇਹ ਮਹਿਸੂਸ ਕੀਤਾ ਹੈ ਕਿ ਛਾਪੇਮਾਰੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਥਾਂ ਵਧਾਵਾ ਦਿੰਦੀ ਹੈ। ਇਸਦੇ ਨਾਲ ਸਰਕਾਰ ਨੂੰ ਵੀ ਕਰ ਦਾ ਘਾਟਾ ਪੈਂਦਾ ਹੈ। ਇਸ ਲਈ ਇਹ ਅਤਿਅੰਤ ਜਰੂਰੀ ਹੈ ਕਿ ਸਰਕਾਰ ਨੂੰ ਛਾਪੇਮਾਰੀ ਰਾਜ ਖਤਮ ਕਰ ਦੇਣਾ ਚਾਹੀਦਾ ਹੈ।'' ਉਨ੍ਹਾਂ ਕਿਹਾ ਕਿ ਇਸ ਨੀਤੀ ਰਾਹੀਂ ਇੰਸਪੈਕਟਰ ਸਰਕਾਰੀ ਖਜਾਨੇ ਦੀ ਥਾਂ ਆਪਣੀਆਂ ਜੇਬਾਂ ਭਰਨ ਵੱਲ ਵੱਧ ਧਿਆਨ ਦਿੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ ਬਣੀ ਤਾਂ ਉਸ ਸਮੇਂ ਮਹੀਨੇ ਵਿਚ ਕਰੀਬ 150 ਛਾਪੇ ਪੈਂਦੇ ਸਨ। ਆਪ ਨੇ ਇਸ ਨੂੰ ਸੰਪੂਰਨ ਤੌਰ ਤੇ ਬੰਦ ਕਰ ਦਿੱਤਾ ਅਤੇ ਅਜਿਹੀ ਸਥਿਤੀ ਵਿਚ ਜਿੱਥੇ ਵਿਭਾਗ ਕੋਲ ਪੂਰੇ ਸਬੂਤ ਹੋਣ ਕਿ ਕਿਸਦੇ ਖਿਲਾਫ ਛਾਪੇਮਾਰੀ ਕਰਨੀ ਹੈ ਦੀ ਸੂਰਤ ਵਿਚ ਹੀ ਛਾਪਾ ਮਾਰਿਆ ਜਾਂਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਵਪਾਰੀਆਂ ਅਤੇ ਕਾਰੋਬਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਇਨਕਮ ਟੈਕਸ ਵਿਭਾਗ ਕਾਲੇ ਧਨ ਦਾ ਟੀਚਾ ਪੂਰਾ ਕਰਨ ਦੀ ਨੀਅਤ ਨਾਲ ਦੇਸ਼ ਭਰ ਵਿਚ ਛਾਪੇਮਾਰੀ ਕਰ ਰਿਹਾ ਹੈ। ''ਛੋਟੇ ਵਪਾਰੀਆਂ ਉਤੇ ਛਾਪੇ ਮਾਰਨ ਦੀ ਥਾਂ ਇਨਕਮ ਟੈਕਸ ਵਿਭਾਗ ਨੂੰ ਵਿਜੈ ਮਾਲਿਆ ਦੇ ਘਰ ਛਾਪੇ ਮਾਰੀ ਕਰਨ ਚਾਹੀਦੀ ਹੈ, ਮੈਨੂੰ ਆਸ ਹੈ ਕਿ ਉਨ੍ਹਾਂ ਦਾ 7,000 ਕਰੋੜ ਦਾ ਟੀਚਾ ਪੂਰਾ ਹੋ ਜਾਵੇਗਾ'' ਕੇਜਰੀਵਾਲ ਨੇ ਕਿਹਾ। ਉਨ੍ਹਾਂ ਕਿਹਾ ਕਿ ਧਨਾਢ ਘਰਾਣਿਆ ਨੂੰ ਲੁੱਟਣ ਲਈ ਖੁੱਲ੍ਹ ਦਿੱਤੀ ਹੋਈ ਹੈ ਜਿਸ ਤੋਂ ਸਰਕਾਰ ਦੀ ਕਾਲੇ ਧੰਨ ਸੰਬੰਧੀ ਗੰਭੀਰਤਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਪੰਜਾਬ ਵਿਚ ਨਸ਼ੇ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਵਿਚੋਂ ਇਸ ਨੂੰ ਖਤਮ ਕਰਨਾ ਪਵੇਗਾ ਅਤੇ ਇਸਦੇ ਖਾਤਮੇ ਮਗਰੋਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਨੌਕਰੀਆਂ ਦੀ ਜਰੂਰਤ ਹੋਵੇਗੀ ਜਿਸਨੂੰ ਕਿ ਉਦਯੋਗ ਵਰਗ ਪੂਰਾ ਕਰੇਗਾ। ਇਸ ਤਰੀਕੇ ਨਾਲ ਉਹ ਨੌਜਵਾਨ ਦੁਬਾਰਾ ਨਸ਼ੇ ਦੀ ਦਲਦਲ ਵਿਚ ਨਹੀਂ ਫਸਣਗੇ।
ਕੇਜਰੀਵਾਲ ਨੇ ਕਿਹਾ ਕਿ ਕਿਸੇ ਸਮੇਂ ਬੀਜੇਪੀ ਨੂੰ ਵਪਾਰੀ ਵਰਗ ਦੀ ਪਾਰਟੀ ਕਿਹਾ ਜਾਂਦਾ ਸੀ ਪਰੰਤੂ ਆਮ ਆਦਮੀ ਪਾਰਟੀ ਦੀਆਂ ਵਪਾਰੀ ਪੱਖੀ ਨੀਤੀਆਂ ਕਾਰਨ ਆਪ ਹੁਣ ਵਪਾਰੀ ਵਰਗ ਦੀ ਸਭ ਤੋਂ ਚਹੇਤੀ ਪਾਰਟੀ ਬਣ ਗਈ ਹੈ। ਆਪ ਨੇ ਦਿੱਲੀ ਵਿਚ ਵਪਾਰੀਆਂ ਦੇ ਬਿਨਾ ਕਹੇ ਹੀ ਅਨੇਕਾਂ ਵਸਤੂਆਂ ਉਤੇ ਵੈਟ 12.5 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਸੰਸਦ ਮੈਂਬਰ ਭਗਵੰਤ ਮਾਨ ਅਤੇ ਸਾਧੂ ਸਿੰਘ, ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਲੀਗਲ ਸੈਲ ਦੇ ਇੰਚਾਰਜ ਹਿੰਮਤ ਸਿੰਘ ਸ਼ੇਰਗਿੱਲ ਅਤੇ ਸਾਬਾਕਾ ਐਮ.ਪੀ. ਜਗਮੀਤ ਸਿੰਘ ਬਰਾੜ ਵੀ ਮੌਜੂਦ ਸਨ।