ਚੰਡੀਗੜ੍ਹ, 3 ਨਵੰਬਰ, 2016 : ਪੰਜਾਬ ਕਾਂਗਰਸ ਸਾਬਕਾ ਫੌਜ਼ੀ ਵੱਲੋਂ ਓ.ਆਰ.ਓ.ਪੀ ਦੇ ਮੁੱਦੇ 'ਤੇ ਖੁਦਕੁਸ਼ੀ ਦੇ ਮਾਮਲੇ 'ਚ ਵੀਰਵਾਰ ਨੂੰ ਲੜਾਈ ਲਈ ਉਤਰ ਆਈ ਅਤੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕ ਸੂਬੇਦਾਰ ਰਾਮ ਕਿਸ਼ਨ ਦੇ ਪਰਿਵਾਰ ਨਾਲ ਕੀਤੇ ਗਏ ਨਿੰਦਣਯੋਗ ਤੇ ਗੈਰ ਮਨੁੱਖੀ ਵਤੀਰੇ ਖਿਲਾਫ ਪਾਰਟੀ ਵਰਕਰਾਂ ਵੱਲੋਂ ਸ਼ੁੱਕਰਵਾਰ ਨੂੰ ਸਾਰੇ ਜ਼ਿਲ੍ਹਿਆਂ 'ਚ ਸੂਬਾ ਪੱਧਰੀ ਪ੍ਰਦਰਸ਼ਨ ਕੀਤੇ ਜਾਣ ਦਾ ਐਲਾਨ ਕੀਤਾ ਹੈ।
ਮੋਦੀ ਸਰਕਾਰ ਤੇ ਖਾਸ ਕਰਕੇ ਰੱਖਿਆ ਮੰਤਰੀ ਮਨੋਹਰ ਪਾਰਿਕਰ 'ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇਦਾਰ ਰਾਮ ਕਿਸ਼ਨ ਦੀ ਖੁਦਕੁਸ਼ੀ ਲਈ ਦੋਵੇਂ ਜ਼ਿੰਮੇਵਾਰ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਧਰਨੇ ਦੇਣ ਦੇ ਆਦੇਸ਼ ਦਿੱਤੇ ਗਏ ਹਨ, ਜਦਕਿ ਉਹ ਵਿਅਕਤੀਗਤ ਤੌਰ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਦੇ ਇਕ ਵਫਦ ਦੀ ਅਗਵਾਈ ਕਰਦਿਆਂ ਰਾਜਪਾਲ ਪੰਜਾਬ ਨੂੰ ਸਾਬਕਾ ਫੌਜ਼ੀ ਦੇ ਪਰਿਵਾਰ ਨਾਲ ਪੁਲਿਸ ਦੇ ਦੁਰਵਿਹਾਰ ਖਿਲਾਫ ਰੋਸ ਪ੍ਰਗਟਾਉਂਦਾ ਇਕ ਮੰਗ ਪੱਤਰ ਸੌਂਪਣਗੇ।
ਇਸ ਸਬੰਧੀ ਇਥੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦਿੱਲੀ ਪੁਲਿਸ ਵੱਲੋਂ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਸਮੇਤ ਸੂਬੇਦਾਰ (ਰਿਟਾ.) ਰਾਮ ਕਿਸ਼ਨ ਦੇ ਪਰਿਵਾਰ ਨਾਲ ਕੀਤੀ ਗਈ ਧੱਕੇਸ਼ਾਹੀ ਦੀ ਦੁਖਦ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ, ਜਿਨ੍ਹਾਂ ਸੂਬੇਦਾਰ ਰਾਮ ਕਿਸ਼ਨ ਨੇ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ ਗਈ ਸੀ। ਸੁਸਾਇਡ ਨੋਟ 'ਚ ਰਾਮ ਕਿਸ਼ਨ ਨੇ ਇਹ ਗੰਭੀਰ ਕਦਮ ਚੁੱਕਣ ਲਈ ਓ.ਆਰ.ਓ.ਪੀ. 'ਚ ਫੈਸਲਾ ਲੈਣ ਲਈ ਲੰਬੀ ਦੇਰੀ ਨੂੰ ਜ਼ਿੰਮੇਵਾਰ ਦੱਸਿਆ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਫੌਜ਼ੀਆਂ ਲਈ ਵਨ ਰੈਂਕ ਵਨ ਪੈਨਸ਼ਨ 'ਤੇ ਵਾਰ ਵਾਰ ਵਾਅਦੇ ਕੀਤੇ ਜਾਣ ਦੇ ਬਾਵਜੂਦ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੇ ਵਾਅਦੇ ਤੋਂ ਪਿੱਛੇ ਹੱਟ ਗਏ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇਦਾਰ ਰਾਮ ਕਿਸ਼ਨ ਵੱਲੋਂ ਕੀਤੀ ਗਈ ਖੁਦਕੁਸ਼ੀ ਸਿਪਾਹੀਆਂ ਦੀ ਮਾੜੀ ਹਾਲਤ ਪ੍ਰਤੀ ਐਨ.ਡੀ.ਏ ਸਰਕਾਰ ਦੀ ਪੂਰੀ ਤਰ੍ਹਾਂ ਅਣਦੇਖੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਫੋਰਸਾਂ ਦਾ ਮਨੋਬਲ ਪੂਰੀ ਤਰ੍ਹਾਂ ਡਿੱਗ ਚੁੱਕਾ ਹੈ, ਜਿਹੜੀਆਂ ਇਸ ਘਟਨਾ ਤੋਂ ਬਾਅਦ ਹੋਰ ਵੀ ਗੰਭੀਰ ਸਥਿਤੀ 'ਚ ਪਹੁੰਚ ਚੁੱਕੀਆਂ ਹਨ।
ਉਨ੍ਹਾਂ ਨੇ ਮੋਦੀ ਨੂੰ ਕਿਹਾ ਕਿ ਇਕ ਪਾਸੇ ਤੁਸੀਂ ਸਾਡੀਆਂ ਰੱਖਿਆ ਫੋਰਸਾਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਉਸ ਤੋਂ ਸਿਆਸੀ ਫਾਇਦਾ ਲੈਣ ਦੀ ਵੀ ਕੋਸ਼ਿਸ਼ ਕਰਦੇ ਹੋ, ਅਤੇ ਦੂਜੇ ਹੱਥ ਤੁਸੀਂ ਉਨ੍ਹਾਂ ਨੂੰ ਓ.ਆਰ.ਓ.ਪੀ ਨਾ ਦੇ ਕੇ ਉਨ੍ਹਾਂ ਦਾ ਮਨੋਬਲ ਡੇਗ ਰਹੇ ਹੋ। ਇਥੋਂ ਤੱਕ ਕਿ ਉਨ੍ਹਾਂ ਦੀ ਬਰਾਬਰੀ ਵਾਲੇ ਸਿਵਲ ਅਹੁਦੇਦਾਰਾਂ ਮੁਕਾਬਲੇ ਵੀ ਉਨ੍ਹਾਂ ਦਾ ਸਟੇਟਸ ਡੇਗ ਰਹੇ ਹੋ। ਉਨ੍ਹਾਂ ਨੇ ਮੋਦੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸਦੇ ਦੇਸ਼ ਲਈ ਗੰਭੀਰ ਤੇ ਭਿਆਨਕ ਨਤੀਜ਼ੇ ਨਿਕਲ ਕੇ ਸਾਹਮਣੇ ਆ ਸਕਦੇ ਹਨ। ਰੱਖਿਆ ਫੋਰਸਾਂ ਦਾ ਮਨੋਬਲ ਡਿੱਗਣਾ ਪੂਰਾ ਦੇਸ਼ ਨਹੀਂ ਸਹਿਣ ਕਰ ਸਕਦਾ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਸਾਬਕਾ ਫੌਜ਼ੀਆਂ ਦੀਆਂ ਸਮੱਸਿਆਵਾਂ ਪ੍ਰਤੀ ਰੱਖਿਆ ਮੰਤਰੀ ਮਨੋਹਰ ਪਾਰਿਕਰ ਦੀ ਅਸੰਵੇਦਨਸ਼ੀਲਤਾ ਨੂੰ ਲੈ ਕੇ ਉਨ੍ਹਾਂ ਨੂੰ ਬਦਲੇ ਜਾਣ ਦੀ ਮੰਗ ਕੀਤੀ। ਕੈਪਟਨ ਅਮਰਿੰਦਰ ਨੇ ਰੱਖਿਆ ਮੰਤਰੀ ਕੋਲ ਫੌਜ਼ ਦੀ ਕਾਰਜਪ੍ਰਣਾਲੀ ਬਾਰੇ ਕੋਈ ਜਾਣਕਾਰੀ ਨਾ ਹੋਣ ਦਾ ਦੋਸ਼ ਲਗਾਉਂਦਿਆਂ, ਉਨ੍ਹਾਂ ਨੂੰ ਤੁਰੰਤ ਬਦਲੇ ਜਾਣ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਖੁਦ ਵੀ ਇਕ ਸਿਪਾਹੀ ਹੋਣ ਕਾਰਨ, ਉਹ ਕਿਸੇ ਵੀ ਮਾਮਲੇ 'ਚ ਰੱਖਿਆ ਫੋਰਸਾਂ ਦੇ ਸਨਮਾਨ ਨਾਲ ਸਮਝੌਤਾ ਕਰਨ ਦੀ ਇਜਾਜਤ ਨਹੀਂ ਦੇ ਸਕਦੇ। ਲੇਕਿਨ ਮੋਦੀ ਸਰਕਾਰ ਦੇਸ਼ ਦੇ ਰੱਖਿਆ ਮੁਲਾਜ਼ਮਾਂ ਦਾ ਮਨੋਬਲ ਡੇਗਣ ਦੀ ਦਿਸ਼ਾ 'ਚ ਚੱਲ ਪਈ ਲੱਗਦੀ ਹੈ। ਉਹ ਵਿੱਤ ਮੰਤਰੀ ਅਰੂਨ ਜੇਤਲੀ ਉਪਰ ਵੀ ਵਰ੍ਹੇ, ਜਿਹੜੇ ਭਾਜਪਾ ਵੱਲੋਂ ਚੋਣ ਮੈਨਿਫੈਸਟੋ 'ਚ ਵਾਅਦਾ ਕੀਤੇ ਜਾਣ ਦੇ ਬਾਵਜੂਦ ਓ.ਆਰ.ਓ.ਪੀ ਦੇ ਵਿਵਾਦਤ ਮੁੱਦੇ 'ਤੇ ਸਾਬਕਾ ਫੌਜ਼ੀਆਂ ਦੀ ਅਪੀਲ ਨੂੰ ਖਾਰਿਜ਼ ਕਰਦੇ ਆ ਰਹੇ ਸਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੰਮੂ ਤੇ ਕਸ਼ਮੀਰ 'ਚ ਸਰਹੱਦਾਂ 'ਤੇ ਲਗਾਤਾਰ ਬਣੀ ਹੋਈ ਤਨਾਅਪੂਰਨ ਸਥਿਤੀ ਦੇ ਸਬੰਧ 'ਚ ਇਕ ਵਾਰ ਫਿਰ ਤੋਂ ਚੇਤਾਵਨੀ ਦਿੰਦਿਆਂ ਦੁਹਰਾਇਆ ਕਿ ਪਾਕਿਸਤਾਨ ਨਾਲ ਗੱਲਬਾਤ ਹੀ ਇਸਦਾ ਇਕੋਮਾਤਰ ਹੱਲ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਤੇ ਅੱਖ ਰੱਖੀ ਬੈਠੀ ਐਨ.ਡੀ.ਏ ਸਰਕਾਰ ਜਾਣਬੁਝ ਕੇ ਸਰਹੱਦਾਂ ਨਾਲ ਤਨਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਵੱਲੋਂ ਲਗਾਤਾਰ ਡਿਪਲੋਮੇਟਾਂ ਨੂੰ ਹਟਾਏ ਤੇ ਵਾਪਿਸ ਬੁਲਾਏ ਜਾਣ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਗੱਲਬਾਤ ਹੀ ਇਕੋਮਾਤਰ ਵਿਕਲਪ ਹੈ ਅਤੇ ਦੋਨਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਗੋਲੀਬਾਰੀ ਨੂੰ ਤੁਰੰਤ ਰੋਕੇ ਜਾਣ ਦੀ ਲੋੜ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਰਜੀਕਲ ਸਟ੍ਰਾਈਕਾਂ 'ਤੇ ਸਿਆਸੀਕਰਨ ਨੂੰ ਲੈ ਕੇ ਵੀ ਐਨ.ਡੀ.ਏ ਸਰਕਾਰ ਦੀ ਅਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ 'ਚ ਕੋਈ ਨਵਾਂ ਨਹੀਂ ਹੈ, ਜਿਹੜੇ ਆਪ੍ਰੇਸ਼ਨ ਭਾਰਤੀ ਫੌਜ਼ ਵੱਲੋਂ ਕੀਤੇ ਜਾਂਦੇ ਸਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਰਹੱਦ ਪਾਰ ਕੀਤੀ ਜਾਣ ਵਾਲੀ ਅਜਿਹੀ ਕਾਰਵਾਈ ਨੂੰ ਰੇਡ ਕਿਹਾ ਜਾਂਦਾ ਸੀ ਤੇ ਹੁਣ ਇਹ ਇਸਨੂੰ ਸਰਜੀਕਲ ਸਟ੍ਰਾਈਕਾਂ ਦਾ ਨਾਂਮ ਦੇ ਕੇ ਇਸ ਤੋਂ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ।