ਚੰਡੀਗੜ੍ਹ, 31 ਅਕਤੂਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੰਟਰੋਲ ਰੇਖਾ ਨੇੜੇ ਇਕ ਸਿੱਖ ਸਿਪਾਹੀ ਦੀ ਬੇਰਹਮੀ ਨਾਲ ਹੱਤਿਆ ਤੇ ਉਸਦਾ ਸਰੀਰ ਖੁਰਦ ਬੁਰਦ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਗੈਰ ਮਨੁੱਖੀ ਘਟਨਾ 'ਤੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਫੌਜ਼ਾਂ ਨੂੰ ਸਰਹੱਦ ਪਾਰ ਲੜਾਈ ਜ਼ਾਰੀ ਰੱਖਣ ਲਈ ਭੜਕਾਉਣ ਵਾਸਤੇ ਕੀਤਾ ਗਿਆ ਪ੍ਰਤੀਤ ਹੁੰਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਮੇਚਿਲ ਸੈਕਟਰ ਸਥਿਤ ਕਾਲਾ ਪੋਸਟ 'ਚ ਪਟਰੋਲਿੰਗ ਕਰ ਰਹੇ 17 ਸਿੱਖ ਰੈਜੀਮੇਂਟ ਦੇ ਸਿਪਾਹੀ ਮਨਦੀਪ ਸਿੰਘ ਦਾ ਕਤਲ ਕਰਕੇ ਉਸਦੇ ਸਰੀਰ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਸੀ। ਇਸ ਘਿਣੌਣੀ ਹਰਕਤ ਨਾਲ ਭਾਰਤੀ ਫੌਜ਼ ਨੂੰ ਗੁੱਸਾ ਆਉਣਾ ਲਾਜ਼ਮੀ ਹੈ, ਜੋ ਆਪਣਾ ਬਦਲਾ ਲੈ ਕੇ ਰਹੇਗੀ।
ਇਸ ਲੜੀ ਹੇਠ ਭਾਰਤ ਸਰਕਾਰ ਨੂੰ ਇਹ ਮਾਮਲਾ ਪਾਕਿਸਤਾਨੀ ਅਥਾਰਿਟੀਜ਼ ਨਾਲ ਉੱਚ ਪੱਧਰ 'ਤੇ ਚੁੱਕਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਜੇ ਪਾਕਿਸਤਾਨੀ ਸਰਕਾਰ ਇਸ ਭਿਆਨਕ ਗੁਨਾਹ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੀ ਹੈ, ਤਾਂ ਭਾਰਤੀ ਫੌਜ਼ ਨੂੰ ਮਾਮਲਾ ਆਪਣੇ ਹੱਥਾਂ 'ਚ ਲੈਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਤੁਸੀਂ ਸਾਡੇ ਸਿਪਾਹੀਆਂ 'ਤੇ ਅਜਿਹੇ ਅੱਤਿਆਚਾਰ ਨਹੀਂ ਕਰ ਸਕਦੇ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਬਿਨ੍ਹਾਂ ਕਾਰਨ ਮਨਦੀਪ ਦੀ ਕੀਤੀ ਗਈ ਹੱਤਿਆ ਅਤੇ ਬਾਅਦ 'ਚ ਉਸਦੇ ਸਰੀਰ ਨੂੰ ਖੁਰਦ ਬੁਰਦ ਕਰਨਾ, ਸੱਭ ਕੁਝ ਭਾਰਤੀ ਫੌਜ਼ਾਂ ਨੂੰ ਵਿਅਸਤ ਰੱਖਣ ਵਾਸਤੇ ਕੀਤਾ ਗਿਆ ਸੀ, ਜਦਕਿ ਅੱਤਵਾਦੀਆਂ ਨੇ ਕੰਟਰੋਲ ਰੇਖਾ ਪਾਰ ਭਾਰਤੀ ਇਲਾਕੇ 'ਚ ਦਾਖਲ ਹੋਣ ਲਈ ਇਸਦਾ ਫਾਇਦਾ ਲਿਆ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਮਨਦੀਪ ਬੇਰਹਮੀ ਨਾਲ ਕਤਲ ਕੀਤੇ ਜਾਣ ਤੇ ਸਰੀਰ ਖੁਰਦ ਬੁਰਦ ਕੀਤੇ ਜਾਣ ਤੋਂ ਪਹਿਲਾਂ ਹੀ ਨਿਸ਼ਾਨੇ 'ਤੇ ਸੀ, ਲੇਕਿਨ ਇਸ ਘਟਨਾ ਨੇ ਇਹ ਜ਼ਰੂਰ ਸਾਫ ਕਰ ਦਿੱਤਾ ਹੈ ਕਿ ਪਾਕਿਸਤਾਨ ਆਪਣਾ ਰਸਤਾ ਨਹੀਂ ਬਦਲਣਾ ਚਾਹੁੰਦਾ ਹੈ ਅਤੇ ਵਿਸ਼ਵ ਪੱਧਰ 'ਤੇ ਕਨਵੈਨਸ਼ਨਾਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਉਪਰ ਲਗਾਏ ਜਾਣ ਦੇ ਬਾਵਜੂਦ ਅਜਿਹੀਆਂ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਰਹੇਗਾ। ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਨਵੀਂ ਦਿੱਲੀ ਨੂੰ ਜ਼ੋਰਦਾਰ ਤਰੀਕੇ ਨਾਲ ਯੂ.ਐਨ. ਤੇ ਹੋਰਨਾਂ ਅੰਤਰ ਰਾਸ਼ਟਰੀ ਮੰਚਾਂ 'ਤੇ ਇਹ ਮੁੱਦਾ ਚੁੱਕਣਾ ਚਾਹੀਦਾ ਹੈ, ਤਾਂ ਜੋ ਇਸਲਾਮਾਬਾਦ ਦੀਆਂ ਇਨ੍ਹਾਂ ਗਲਤ ਹਰਕਤਾਂ ਦਾ ਭਾਂਡਾਫੋੜ ਕੀਤਾ ਜਾ ਸਕੇ ਤੇ ਉਸਨੂੰ ਵਿਸ਼ਵ ਸਮਾਜ 'ਚ ਇਕੱਲਾ ਕੀਤਾ ਜਾ ਸਕੇ।