ਜੀਵਨ ਰਾਮਗੜ੍ਹ
ਕੈਲਗਰੀ, 1 ਦਸੰਬਰ 2020 - ਭਾਰਤ ਦੀ ਕੇਂਦਰ ਸਰਕਾਰ ਵਲੋਂ ਤਾਜਾ ਬਣਾਏ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਪੂਰੇ ਭਾਰਤ ਦੇ ਕਿਸਾਨਾਂ ਦਾ ਰੋਹ ਕੈਨੇਡਾ 'ਚ ਵੀ ਪੁੱਜ ਗਿਆ। ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਵਸਦੇ ਪੰਜਾਬੀਆਂ ਨੇ ਅੱਜ ਕਿਸਾਨਾਂ ਦੇ ਹੱਕ ਚ ਅੱਜ ਕਾਰ ਰੈਲੀ ਕੀਤੀ। ਕੜਾਕੇ ਦੀ ਮਾਇਨਸ 8 ਡਿਗਰੀ ਠੰਡ ਚ ਪੰਜਾਬੀਆਂ ਨੇ ਗਰਮਜੋਸ਼ੀ ਨਾਲ ਸ਼ਮੂਲੀਅਤ ਕਰਕੇ ਪੰਜਾਬ ਦੇ ਕਿਸਾਨ ਅੰਦੋਲਨ ਦੇ ਹਾਮੀ ਹੋਣ ਦਾ ਨਾਅਰਾ ਮਾਰਿਆ।
ਕਰੋਨਾ ਕਾਰਣ ਸਥਾਨਕ ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਦੀ ਪਾਲਣਾ ਕਰਦਿਆਂ ਸਾਰੇ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਕਾਰਾਂ ਰਾਹੀਂ ਰੋਡ ਮਾਰਚ ਕਰਕੇ ਭਾਰਤ ਸਰਕਾਰ ਕੋਲੋਂ ਕਿਸਾਨ ਵਿਰੋਧੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ। ਪੰਜਾਬੀ ਭਾਈਚਾਰੇ ਵੱਲੋਂ ਇਹ ਰੋਸ ਰੈਲੀ ਕੈਲਗਰੀ ਦੇ ਜੈਨੇਸਿਸ ਸੈਂਟਰ ਤੋਂ ਸੁਰੂ ਕਰਕੇ ਸਥਾਨਕ ਡਾਊਨ ਟਾਊਨ, ਸਿਟੀ ਸੈਂਟਰ ਰਾਹੀਂ ਲਾਗਲੇ ਕਸਬਾ ਚੈਸਟਰਮੀਅਰ ਵਿਖੇ ਸਮਾਪਤ ਕੀਤੀ ਗਈ । ਰੋਸ ਰੈਲੀ ਦੌਰਾਨ ਗੁਰਤੇਜ ਬਰਾੜ ਅਤੇ ਜਗਪ੍ਰੀਤ ਸੇਰਗਿੱਲ ਤੇ ਗੁਰਲਾਲ ਮਾਣੂੰਕੇ ਗਿੱਲ ਨੇ ਕਿਹਾ ਕਿ ਭਾਰਤ ਦੀ ਰਾਜਧਾਨੀ ਵਿਖੇ ਅੰਦੋਲਨ ਕਰ ਰਹੇ ਪੰਜਾਬ ਦੇ ਕਿਸਾਨਾਂ ਦੀ ਅਵਾਜ ਨੂੰ ਭਾਰਤ ਦੀ ਸਰਕਾਰ ਨੂੰ ਸੁਣ ਕੇ ਤੁਰੰਤ ਕਿਸਾਨ ਵਿਰੋਧੀ ਕਾਨੂੰਨ ਵਾਪਿਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਕੈਨੇਡਾ ਦੀ ਧਰਤੀ ਤੇ ਵਸਦੇ ਹਨ ਪ੍ਰੰਤੂ ਆਪਣੀ ਧਰਤੀ ਦਾ ਮੋਹ ਉਹ ਕਦੇ ਵੀ ਨਹੀਂ ਛੱਡ ਸਕਦੇ। ਜਿਸ ਸਦਕਾ ਉਨ੍ਹਾਂ ਆਪਣਾ ਨੈਤਿਕ ਫਰਜ ਸਮਝਕੇ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਦੇ ਹੱਕ ਆਵਾਜ ਬੁਲੰਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਰੋਸ ਰੈਲੀ ਚ 500 ਕਾਰਾਂ ਸਮੇਤ ਪੰਜਾਬੀਆਂ ਨੇ ਹਿੱਸਾ ਲਿਆ।
ਇਸੇ ਤਰ੍ਹਾਂ ਕੈਲਗਰੀ ਤੋਂ 300 ਕਿਲੋਮੀਟਰ ਦੂਰੀ ਵਾਲੇ ਐਡਮੰਟਨ ਸਹਿਰ ਵਿਖੇ ਵੀ ਪੰਜਾਬੀ ਨੌਜਵਾਨਾ ਨੇ ਹੱਥਾਂ ਵਿੱਚ ਕਿਸਾਨ ਹਿਤੈਸੀ ਅਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਮਾਟੋ ਫੜਕੇ ਕੜਕਦੀ ਠੰਡ ਵਿੱਚ ਚੌਕਾਂ ਵਿੱਚ ਰੋਸ ਜ਼ਾਹਰ ਕੀਤਾ।