ਰਵੀ ਜੱਖੂ
ਨਵੀਂ ਦਿੱਲੀ, 22 ਦਸੰਬਰ 2020 - ਖੇਤੀ ਕਾਨੂੰਨਾਂ ਬਾਰੇ ਸੋਸ਼ਲ ਮੀਡੀਆ 'ਤੇ ਇੰਨ੍ਹਾਂ ਦਾ ਵਿਰੋਧ ਕਰ ਰਹੇ ਬਾਲੀਵੁੱਡ ਸੈਲੀਬ੍ਰਿਟੀਜ਼ ਤੇ ਹੋਰਨਾਂ ਨੂੰ 24 ਦਸੰਬਰ ਨੂੰ ਵੈੱਬ ਮੀਟ 'ਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਦੇ ਆਈ.ਟੀ ਵਿੰਗ ਦੇ ਹੈੱਡ ਬਲਜੀਤ ਸਿੰਘ ਨੇ ਅੱਜ ਕਿਸਾਨਾਂ ਦੀ ਚੱਲਦੀ ਪ੍ਰੈੱਸ ਕਾਨਫਰੰਸ 'ਚ ਇਸ ਗੱਲ ਦਾ ਐਲਾਨ ਕਰਦਿਆਂ ਕਿਹਾ ਕਿ 24 ਦਸੰਬਰ ਨੂੰ ਦੁਪਹਿਰ 12 ਵਜੇ ਡਿਜਿਟਲ ਪਲੇਟਫ਼ਾਰਮ (ZOOM) ਦਾ ਲਿੰਕ ਕਿਸਾਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਾਇਆ ਜਾਏਗਾ ਤੇ ਪਹਿਲੇ ਦਸ ਹਜ਼ਾਰ ਲੋਕਾਂ ਨੂੰ ਇਸ ਵੈੱਬੀਨਾਰ 'ਚ ਜੋੜਿਆ ਜਾਵੇਗਾ।
ਇਹ ਵੈੱਬ ਮੀਟ ਖਾਸ ਤੌਰ 'ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸੋਸ਼ਲ ਮੀਡੀਆ 'ਤੇ ਭੰਡਣ ਵਾਲਿਆਂ ਲਈ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਇਸ ਵੈੱਬ ਮੀਟ ਰਾਹੀਂ ਸੱਚਾਈ ਬਾਰੇ ਜਾਣੂ ਕਰਾਇਆ ਜਾ ਸਕੇ।
ਇਸ ਤੋਂ ਇਲਾਵਾ ਇਸ ਵੈੱਬੀਨਾਰ ਨੂੰ ਫੇਸਬੁੱਕ, ਇੰਸਟਾਗ੍ਰਾਮ 'ਤੇ ਵੀ ਲਾਇਵ ਕੀਤਾ ਜਾਵੇਗਾ। ਜਿਸ 'ਚ ਖਾਸ ਤੌਰ 'ਤੇ ਕੰਗਣਾ ਰਣੌਤ, ਮੁਕੇਸ਼ ਖੰਨਾ (ਸ਼ਕਤੀਮਾਨ) ਨੂੰ ਇਸ ਵੈੱਬੀਨਾਰ 'ਚ ਪੂਰੀ ਤਿਆਰੀ ਨਾਲ ਆਉਣ ਲਈ ਸੱਦਾ ਦਿੱਤਾ ਗਿਆ ਹੈ ਕਿ ਤਾਂ ਜੋ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ ਜਾ ਸਕੇ।