← ਪਿਛੇ ਪਰਤੋ
ਅਸ਼ੋਕ ਵਰਮਾ
- ਅੰਬਾਨੀ ਅਡਾਨੀ ਮਗਰੋਂ ਜਨਔਸ਼ਧੀ ਸਟੋਰ ਬਣੇ ਨਿਸ਼ਾਨਾ
ਬਠਿੰਡਾ, 27 ਦਸੰਬਰ 2020 - ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਰਿਲਾਇੰਸ ਅਤੇ ਅਡਾਨੀ ਤੋਂ ਸ਼ੁਰੂ ਹੋਕੇ ਜਨ ਔਸ਼ਧੀ ਸਟੋਰਾਂ ਤੱਕ ਜਾ ਪੁੱਜਿਆ ਹੈ। ਅੱਜ ਇਸੇ ਮਾਮਲੇ ਨੂੰ ਲੈਕੇ ਤਲਵੰਡੀ ਸਾਬੋ ਵਿੱਚ ਜਨ ਔਸ਼ਧੀ ਸਟੋਰ ਦੇ ਬੋਰਡ ਤੇ ਲੱਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਤੇ ਕਾਲਖ ਮਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਨੇ ਅੱਜ ਸ਼ਾਮ ਛੇ ਵਜੇ ਆਪਣੇ ਵਿਰੋਧ ਨੂੰ ਅੰਜਾਮ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਕਾਲੇ ਕਾਨੂੰਨਾ ਖਿਲਾਾਫ ਡਟਣ ਦਾ ਸੱਦਾ ਦਿੱਤਾ ਹੈ।ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਅੱਜ ਨਰਿੰਦਰ ਮੋਦੀ ਦੀ ਫੋਟੋ ਨੂੰ ਨਿਸ਼ਾਨਾ ਬਣਾਉਂਦਿਆਂ ਕਿਸਾਨ ਆਗੂਆਂ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਦਿਨ ਰਾਤ ਦਾ ਧਰਨਾ ਦੇ ਕੇ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਾਉਣ ’ਚ ਜੁਟੇ ਹੋਏ ਹਨ ਇਸ ਦੇ ਨਾਲ ਹੀ ਪ੍ਰਧਾਨਮੰਤਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤਹਿਤ ਤਲਵੰਡੀ ਸਾਬੋ ਦੀ ਪ੍ਰਧਾਨਮੰਤਰੀ ਜਨ ਔਸ਼ਧੀ ਮੈਡੀਕਲ ਸਟੋਰ ਤੇ ਕਾਲਖ ਮਲ ਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਤਹਿਤ ਨੌਜਵਾਨਾਂ ਨੂੰ ਰੁਜਗਾਰ ਦੇਣ ਅਤੇ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਐਨਡੀਏ ਸਰਕਾਰ ਨੇ ਇਹ ਸਟੇਰ ਖੁਲਵਾਏ ਸਨ। ਇਹਨਾਂ ਸਟੋਰਾਂ ਤੇ ਲਾਏ ਜਾਣ ਵਾਲੇ ਬੋਰਡਾਂ ਤੇ ਹਰ ਉਸ ਪ੍ਰਧਾਨ ਮੰਤਰੀ ਦੀ ਫ਼ੋਟੋ ਲੱਗੇਗੀ ਜੋ ਵੀ ਉਸ ਵਕਤ ਇਸ ਅਹੁਦੇ ਤੇ ਹੋਵੇਗਾ। ਇਹਨਾਂ ਸਟੋਰਾਂ ਤੇ ਆਮ ਨਾਲੋਂ ਦਵਾਈਆਂਸਸਤੀਆਂ ਵਿਕਦੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਵਿਰੋਧ ਜਾਰੀ ਰੱਖਿਆ ਜਾਏਗਾ।
Total Responses : 267