ਅਸ਼ੋਕ ਵਰਮਾ
ਬਰਨਾਲਾ, 18 ਦਸੰਬਰ 2020 - ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ79 ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਕਿਸਾਨ ਮਰਦ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ , ਬਿੱਕਰ ਸਿੰਘ ਔਲਖ, ਉਜਾਗਰ ਸਿੰਘ ਬੀਹਲਾ , ਗੁਰਚਰਨ ਸਿੰਘ ਸਰਪੰਚ , ਬਾਰਾ ਸਿੰਘ ਬਦਰਾ, ਨਛੱਤਰ ਸਿੰਘ ਆਦਿ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਇਹ ਸਾਰੇ ਕਾਨੂੰਨ ਲਿਆਂਦੇ ਹਨ ਉਦੋਂ ਤੋਂ ਹੀ ਕਿਸਾਨ ਜਥੇਬੰਦੀਆਂ ਦੇ ਸਾਂਝੇ ਪੜਾਅਵਾਰ ਸੰਘਰਸ਼ ਤੋਂ ਬਾਅਦ ਹੁਣ 26ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ।
ਉਹਨਾਂ ਦੱਸਿਆ ਕਿ ਖਰਾਬ ਮੌਸਮ, ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਇਹਨਾਂ ਲੱਖਾਂ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹਨਾਂ ਨੇ ਜਿੱਤ ਹਾਸਲ ਕਰਕੇ ਹੀ ਮੁੜਨ ਦਾ ਤਹੱਈਆ ਕੀਤਦਾ ਹੋਇਆ ਹੈ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ ਅਤੇ ਸੂਬਿਆਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ । ਉਹਨਾਂ ਕਿਹਾ ਕਿ ਹੌਲੀ ਹੌਲੀ ਸਭ ਲੋਕ ਸਮਝ ਰਹੇ ਹਨ ਕਿ ਸੰਵਿਧਾਨ ਕੇਂਦਰ ਸਰਕਾਰ ਨੂੰ ਇਹ ਤਿੰਨੇ ਖੇਤੀ ਵਿਰੋਧੀ ਕਾਨੂੰਨ ਪਾਸ ਕਰਨ ਦੀ ਇਜਾਜਤ ਨਹੀਂ ਦਿੰਦਾ ਹੈ ਕਿਉਂਕਿ ਇਹ ਨਿਰੋਲ ਰਾਜਾਂ ਦੇ ਅਧਿਕਾਰਾਂ ਦਾ ਮਸਲਾ ਹੈ ਫਿਰ ਵੀ ਕੇਂਦਰ ਨੇ ਰਾਜਾਂ ਦੇ ਅਧਿਕਾਰਾਂ ਉੱਪਰ ਮੋਦੀ ਸਰਕਾਰ ਦਾ ਸਿੱਧਾ ਡਾਕਾ ਮਾਰਿਆ ਹੈ। ਉਹਨਾਂ ਆਖਿਆ ਕਿ ਹਰਿਆਣਾ ਦੇ ਕਿਸਾਨਾਂ ਦਾ ਸਹਿਯੋਗ ਬਹੁਤ ਜਿਆਦਾ ਕਾਬਿਲੇ ਤਾਰੀਫ ਹੈ ਅਤੇ ਹਰਿਆਣਾ ਦੀ ਪੇਂਡੂ ਤੇ ਸ਼ਹਿਰੀ ਲੋਕਾਈ ਜੀਅ ਜਾਨ ਨਾਲ ਇਸ ਸੰਘਰਸ਼ ਦੀ ਰੀੜ ਦੀ ਹੱਡੀ ਬਣ ਚੁੱਕੀ ਹੈ।
ਉਹਨਾਂ ਦੱਸਿਆ ਕਿ ਹਰਿਆਣਾ ਦੇ ਕਰੀਬ ਸਾਢੇ ਤਿੰਨ ਹਜਾਰ ਤੇਲ ਪੰਪ ਮਾਲਕਾਂ ਨੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਕਾਫਲਿਆਂ ਲਈ ਰਹਿਣ, ਚਾਹ ਰੋਟੀ, ਸੌਣ ਤੋਂ ਲੈਕੇ ਡੀਜਲ ਪੈਟਰੋਲ ਦਾ ਪ੍ਰਬੰਧ ਆਪਣੇ ਪੱਧਰ ਤੇ ਕਰਕੇ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਵਧ ਰਹੇ ਲੋਕ ਕਿਸਾਨ ਕਾਫਲੇ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਇਹ ਤਿੰਨੋਂ ਬਿਲ ਵਾਪਸ ਲੈਣ ਲਈ ਮਜਬੂਰ ਕਰਨਗੇ। ਬੁਲਾਰਿਆਂ ਨੇ ਅਗਾਮੀ 20 ਦਸੰਬਰ ਨੂੰ ਸਾਂਝੇ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਜਾਣ ਸ਼ਹੀਦੀ ਸਮਾਗਮਾਂ ਵਿੱਚ ਵੱਡੇ ਇਕੱਠ ਕਰਨ ਦਾ ਸੱਦਾ ਦਿੱਤਾ ਤਾਂ ਜੋ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਅੱਗੇ ਤੋਰਨ ਅਤੇ ਪੂਰੇ ਕਰਨ ਦਾ ਪ੍ਰਣ ਕੀਤਾ ਜਾ ਸਕੇ।
ਓਧਰ ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ ਨੂੰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਅਮਰਜੀਤ ਸਿੰਘ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਜਸਪਾਲ ਕੌਰ, ਪਰਮਜੀਤ ਕੌਰ ਠੀਕਰੀਵਾਲ, ਗੁਰਮੇਲ ਸ਼ਰਮਾ, ਸ਼ੇਰ ਸਿੰਘ, ਜਸਮੇਲ ਸਿੰਘ ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਪੜਾਅਵਾਰ ਅੱਗੇ ਵਧ ਰਹੇ ਵਡੇਰੇ ਲੋਕ ਹਿੱਤਾਂ ਵਾਲੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਜੋਰਦਾਰ ਅਪੀਲ ਕੀਤੀ।