- ਅਕਾਲੀ ਦਲ ਪ੍ਰਧਾਨ ਨੇ ਆਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਐਕਟਾਂ ਦੇ ਵਿਰੋਧ ਦਾ ਡਰਾਮਾ ਕਰ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ
- ਦਿੱਲੀ ਪਹਿਲਾ ਤੇ ਇਕਲੌਤਾ ਰਾਜ ਜਿਸਨੇ ਕਿਸਾਨ ਵਿਰੋਧੀ ਐਕਟ ਲਾਗੂ ਕੀਤੇ
ਚੰਡੀਗੜ੍ਹ, 2 ਦਸੰਬਰ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਾਗੂ ਕਰ ਕੇ ਪਹਿਲਾਂ ਹੀ ਕਸੂਤੀ ਫਸੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਿਰਫ ਸਿਰੇ ਦੀ ਸਿਆਸੀ ਬੇਈਮਾਨੀ ਨਹੀਂ ਹੈ ਬਲਕਿ ਇਹ ਭੋਲੇ ਭਾਲੇ ਤੇ ਨੇਕ ਦਿਲ ਕਿਸਾਨਾਂ ਦੇ ਵਿਸ਼ਵਾਸ ਨਾਲ ਕੀਤਾ ਗਿਆ ਅਣਮਨੁੱਖੀ ਧੋਖਾ ਵੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਤੇ ਕਿਸਾਨ ਇਸ ਗੱਲੋਂ ਹੈਰਾਨ ਹਨ ਕਿ ਕੇਜਰੀਵਾਲ ਨੇ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਨ ਵਿਚ ਕਿੰਨੀ ਕਾਹਲ ਵਿਖਾਈ ਹੈ ਤੇ 23 ਨਵੰਬਰ ਨੂੰ ਇਸਦਾ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਤੋਂ ਤਾਂ ਮਗਰਮੱਛ ਦੇ ਹੰਝੂਆਂ ਬਾਰੇ ਵੀ ਸਿੰਖਣ ਦੀ ਲੋੜ ਹੈ ਕਿਉਂਕਿ ਉਸਨੇ ਤਾਂ ਜਾਅਲੀ ਹੰਝੂ ਕੇਰੇ ਹਨ। ਉਹਨਾਂ ਕਿਹਾ ਕਿ ਹੁਣ ਮਗਰਮੱਛ ਦੇ ਹੰਝੂ ਕੇਰਨ ਦੇ ਅਖਾਣ ਨੂੰ ਕੇਜਰੀਵਾਲ ਦੇ ਹੰਝੂ ਵਿਚ ਬਦਲ ਦੇਣਾ ਚਾਹੀਦਾ ਹੈ।
ਬਾਦਲ ਨੇ ਕਿਹਾ ਕਿ ਤਾਜ਼ਾ ਧੋਖੇ ਨਾਲ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਇਕ ਵਾਰ ਫਿਰ ਤੋਂ ਬੇਨਕਾਬ ਹੋ ਗਈ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੁੰ ਗਜ਼ਟ ਨੋਟੀਫਿਕੇਸ਼ਨ ਤੁਰੰਤ ਵਾਪਸ ਲੈ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਤੁਰੰਤ ਐਲਾਨ ਕਰਨਾ ਚਾਹੀਦਾ ਹੈ ਕਿ ਦਿੱਲੀ ਸਰਕਾਰ ਤਿੰਨ ਖੇਤੀ ਕਾਨੂੰਨ ਲਾਗੂ ਨਹੀਂ ਕਰੇਗੀ ਤੇ ਐਮ ਐਸ ਪੀ ’ਤੇ ਸਰਕਾਰੀ ਖਰੀਦ ਯਕੀਨੀ ਬਣਾਏਗੀ।