ਚੰਡੀਗੜ੍ਹ, 29 ਸਤੰਬਰ, 2016 : ਚੇਅਰਮੈਨ ਕੋਟੇ ਰਾਹੀਂ ਬਿਨਾ ਵਾਰੀ ਦੇ ਟਿਊਬਵੈਲ ਕੁਨੈਕਸ਼ਨ ਦੇਣ ਦੇ ਨਾਂਅ 'ਤੇ ਗ਼ਰੀਬ ਕਿਸਾਨਾਂ ਦੀ ਕੀਤੀ ਜਾ ਰਹੀ ਭਾਰੀ ਲੁੱਟ ਦਾ ਦਾ ਪਰਦਾਫ਼ਾਸ਼ ਕਰਦਿਆਂ ਆਮ ਆਦਮੀ ਪਾਰਟੀ ਨੇ ਅੱਜ ਅਜਿਹੇ ਦਸਤਾਵੇਜ਼ ਜਾਰੀ ਕੀਤੇ, ਜੋ ਦਰਸਾਉਂਦੇ ਹਨ ਕਿ ਆਮ ਵਰਗ ਦੇ ਕਿਸਾਨਾਂ ਤੋਂ ਨਿਯਮਤ ਰੂਪ ਵਿੱਚ ਵਸੂਲੀ ਜਾਣ ਵਾਲੀ ਫ਼ੀਸ ਦੇ ਮੁਕਾਬਲੇ; 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਤੋਂ ਤਿੰਨ ਤੋਂ ਚਾਰ ਗੁਣਾ ਵੱਧ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਹਨ।
ਅੱਜ ਇੱਥੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਅਤੇ ਪੰਜਾਬ ਡਾਇਲਾਗ ਟੀਮ ਦੀ ਮੈਂਬਰ ਚੰਦਰ ਸੁਤਾ ਡੋਗਰਾ ਨੇ ਖੁਲਾਸਾ ਕੀਤਾ ਕਿ ਬਾਦਲ ਸਰਕਾਰ ਚੇਅਰਮੈਨ ਕੋਟੇ ਦੀ ਆੜ ਵਿਚ ਨਾ ਕੇਵਲ ਕਿਸਾਨਾਂ ਲੁੱਟ ਰਹੀ ਹੈ ਬਲਕਿ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਰਾਜਨੀਤਿਕ ਤੌਰ 'ਤੇ ਬਲੈਕਮੇਲ ਵੀ ਕਰ ਰਹੀ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਇੰਤਜਾਰ ਕਰਨ ਅਤੇ ਬੇਹੱਦ ਮਹਿੰਗੇ ਟਿਊਬਵੈਲ ਕਨੈਕਸ਼ਨ ਲੈਣ ਲਈ ਅਕਾਲੀ ਜੱਥੇਦਾਰਾਂ ਦੇ ਤਰਲੇ-ਮਿਨੰਤਾਂ ਨਾ ਕਰਨ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਕਿਸਾਨਾਂ ਨੂੰ ਜਰਨਲ ਕੋਟੇ 'ਤੇ ਅਧਾਰਿਤ ਵਾਜ੍ਹਬ ਦਰਾਂ 'ਤੇ ਟਿਊਬਵੈਲ ਕਨੈਕਸ਼ਨ ਮੁਹੱਇਆ ਕਰਵਾਏ ਜਾਣਗੇ।
ਚੰਦਰ ਸੁਤਾ ਡੋਗਰਾ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਸਰਕਾਰ ਨਾ ਕੇਵਲ ਹਜ਼ਾਰਾਂ ਗ਼ਰੀਬ ਕਿਸਾਨਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਪਿਛਲੇ ਦਰਵਾਜ਼ੇ ਤੋਂ ਮਹਿੰਗੇ ਕੁਨੈਕਸ਼ਨ ਲੈਣ ਲਈ ਮਜਬੂਰ ਕਰ ਰਹੀ ਹੈ, ਸਗੋਂ ਪੀ.ਐਸ.ਪੀ.ਸੀ.ਐਲ. ਵੱਲੋਂ ਚੇਅਰਮੈਨ ਦੇ ਅਖ਼ਤਿਆਰੀ ਕੋਟੇ ਅਧੀਨ ਕੁੱਲ ਕੁਨੈਕਸ਼ਨਾਂ ਵਿੱਚੋਂ ਇੱਕ-ਚੌਥਾਈ ਤੋਂ ਵੀ ਵੱਧ ਕੁਨੈਕਸ਼ਨ ਕੇਵਲ ਸਿਆਸੀ ਆਧਾਰ 'ਤੇ ਅਕਾਲੀ ਦਲ ਦੇ ਨੇੜਲਿਆਂ ਤੇ ਉਸ ਦੇ ਆਗੂਆਂ ਨੂੰ ਹੀ ਚੋਣਾਂ ਤੋਂ ਠੀਕ ਪਹਿਲਾਂ ਜਾਣਬੁੱਝ ਕੇ ਜਾਰੀ ਕੀਤੇ ਜਾ ਰਹੇ ਹਨ।
ਮੈਡਮ ਚੰਦਰ ਸੁਤਾ ਡੋਗਰਾ ਨੇ ਕਿਹਾ, ''ਅਸੀਂ ਆਮ ਵਰਗ ਦੇ ਗ਼ਰੀਬ ਕਿਸਾਨਾਂ ਨੂੰ ਆਮ ਦਰਾਂ ਭਾਵ 45,000/- ਰੁਪਏ 'ਚ ਹੀ ਕੁਨੈਕਸ਼ਨ ਜਾਰੀ ਕਰਾਂਗੇ; ਜਿਵੇਂ ਇਸ ਸਰਕਾਰ ਨੇ ਇਸ ਵਰ੍ਹੇ ਜੁਲਾਈ 'ਚ ਗ਼ਰੀਬ ਕਿਸਾਨਾਂ ਲਈ 1,50,000/- ਰੁਪਏ ਅਤੇ 1,70,000/- ਰੁਪਏ ਵਿੱਚ ਕੁਨੈਕਸ਼ਨ ਦੇਣੇ ਤੈਅ ਕੀਤੇ ਸਨ, ਅਸੀਂ ਇੰਝ ਨਹੀਂ ਕਰਾਂਗੇ।'' ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ-ਭਾਜਪਾ ਦੀ ਅਗਵਾਈ ਹੇਠਲੀ ਭ੍ਰਿਸ਼ਟ ਸਰਕਾਰ ਦੀਆਂ ਚਾਲਾਂ ਦੇ ਸ਼ਿਕਾਰ ਨਾ ਬਣਨ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਤਾਂ ਗ਼ਰੀਬ ਕਿਸਾਨਾਂ ਲਈ ਟਿਊਬਵੈਲ ਕੁਨੈਕਸ਼ਨਾਂ ਦੇ ਆਮ ਰੇਟ ਕਰ ਦਿੱਤੇ ਜਾਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਕਿਸਾਨ ਨੂੰ ਰਿਸ਼ਵਤ ਨਾ ਦੇਣੀ ਪਵੇ ਅਤੇ ਉਨ੍ਹਾਂ ਨੂੰ ਆਪਣਾ ਬਣਦਾ ਹੱਕ ਵੀ ਪਿਛਲੇ ਦਰਵਾਜ਼ੇ 'ਤੋਂ ਮਹਿੰਗੇ ਭਾਅ ਨਾ ਲੈਣਾ ਪਵੇ। ਇਸ ਵੇਲੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਇੱਕ ਗ਼ਰੀਬ ਕਿਸਾਨ ਦੇ ਟਿਊਬਵੈਲ ਬੋਰ ਕਰਨ, ਕਮਰੇ ਦੀ ਉਸਾਰੀ ਕਰਨ ਅਤੇ ਸਬਮਰਸੀਬਲ ਮੋਟਰ ਆਦਿ ਉੱਤੇ ਤਿੰਨ ਤੋਂ ਸਾਢੇ ਤਿੰਨ ਲੱਖ ਰੁਪਏ ਖ਼ਰਚ ਹੋ ਰਹੇ ਹਨ। ਮੈਡਮ ਡੋਗਰਾ ਨੇ ਸੁਆਲ ਕੀਤਾ,''ਕੀ ਇਹ ਵਿਵਹਾਰਕ ਹੈ? ਇੰਝ ਤਾਂ ਤੁਸੀਂ ਕਿਸਾਨਾਂ ਨੂੰ ਹੋਰ ਵੀ ਜ਼ਿਆਦਾ ਕਰਜ਼ੇ ਦੀ ਕੁੜਿੱਕੀ ਵਿੱਚ ਫਸਾ ਰਹੇ ਹਨ ਅਤੇ ਇਸ ਦਾ ਨਤੀਜਾ ਹੋਰ ਵਧੇਰੇ ਕਿਸਾਨ-ਖ਼ੁਦਕੁਸ਼ੀਆਂ ਵਿੱਚ ਨਿੱਕਲ ਸਕਦਾ ਹੈ।''
ਮੈਡਮ ਡੋਗਰਾ ਨੇ ਗ਼ਰੀਬ ਕਿਸਾਨਾਂ ਤੋਂ ਵਸੂਲੀਆਂ ਜਾ ਰਹੀਆਂ ਭਾਰੀ ਰਕਮਾਂ ਦੇ ਵੇਰਵੇ ਦਿਦਿਆਂ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੇ ਦੋ ਵਾਧੂ ਵਰਗ ਬਣਾ ਦਿੱਤੇ ਹਨ - ਇੱਕ ਤਾਂ ਹੈ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ, ਜਿਨ੍ਹਾਂ ਲਈ ਕੱਟ-ਆੱਫ਼ ਮਿਤੀ 15 ਮਾਰਚ, 2016 ਰੱਖੀ ਗਈ ਹੈ ਅਤੇ ਦੂਜਾ ਹੈ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ, ਜਿਨ੍ਹਾਂ ਲਈ ਕੱਟ-ਆੱਫ਼ ਮਿਤੀ 31 ਮਾਰਚ, 2007 ਹੈ - ਦੋਵਾਂ ਨੂੰ 1,50,000/- ਰੁਪਏ ਅਦਾ ਕਰਨ ਲਈ ਆਖਿਆ ਜਾ ਰਿਹਾ ਹੈ। ਚੇਅਰਮੈਨ ਦੇ ਕੋਟੇ ਅਧੀਨ; 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਰੇਟ 1,70,000/- ਰੁਪਏ ਹੈ।
ਮੈਡਮ ਡੋਗਰਾ ਨੇ ਪੀ.ਐਸ.ਪੀ.ਸੀ.ਐਲ. ਦੇ ਉੱਚ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਸੱਤਾਧਾਰੀ ਅਕਾਲੀ ਦਲ ਦੇ ਹੱਥਾਂ ਵਿੱਚ ਖੇਡਦਿਆਂ ਉਨ੍ਹਾਂ ਦੇ ਸਿਆਸੀ ਹਿਤ ਪੂਰਨੇ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਇੱਕ ਉੱਚ ਪੱਧਰੀ ਜਾਂਚ ਕਰਵਾਏਗੀ ਅਤੇ ਅਜਿਹੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ, ਜਿਨ੍ਹਾਂ ਨੇ ਚੇਅਰਮੈਨ ਦੇ ਕੋਟੇ ਦੇ ਕੁੱਲ ਕੁਨੈਕਸ਼ਨਾਂ-50,000 ਦੇ ਇੱਕ-ਚੌਥਾਈ ਤੋਂ ਵੱਧ ਕੁਨੈਕਸ਼ਨ ਜਾਰੀ ਕੀਤੇ ਹੋਣਗੇ ਅਤੇ ਜਿਨ੍ਹਾਂ ਨੇ ਇਹ ਕੁਨੈਕਸ਼ਨ ਸਿਆਸੀ ਹਿਤਾਂ ਤੋਂ ਪ੍ਰੇਰਿਤ ਹੋ ਕੇ ਜਾਰੀ ਕੀਤੇ ਹੋਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਜਾਰੀ ਕਰਨ ਲਈ ਪ੍ਰਵਾਨ ਕੀਤੇ ਗਏ 1.86 ਲੱਖ ਕੁਨੈਸ਼ਨਾਂ ਵਿੱਚੋਂ ਚੇਅਰਮੈਨ ਦੇ ਕੋਟੇ ਲਈ 50,000 ਰਾਖਵੇਂ ਹਨ ਅਤੇ ਆਮ ਵਰਗ ਲਈ ਕੇਵਲ 30,000 ਕੁਨੈਕਸ਼ਨ ਹਨ!! ਇਹ ਕੁਨੈਕਸ਼ਨ ਕੇਵਲ ਤੇ ਕੇਵਲ ਅਕਾਲੀ ਜੱਥੇਦਾਰਾਂ ਅਤੇ ਹਲਕਾ ਇੰਚਾਰਜਾਂ ਦੀਆਂ ਲਿਖਤੀ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਜਾਰੀ ਕੀਤੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਚੇਅਰਮੈਨ ਪ੍ਰਵਾਨਗੀ ਦੇ ਦਿੰਦਾ ਹੈ। ਜਦ ਕਿ ਕੁਨੈਕਸ਼ਨ ਲੈਣ ਲਈ ਰੂਟੀਨ 'ਚ ਆਉਣ ਵਾਲੀਆਂ ਆਮ ਅਰਜ਼ੀਆਂ ਉੱਤੇ ਚੇਅਰਮੈਨ ਵੱਲੋਂ ਕੋਈ ਗ਼ੌਰ ਹੀ ਨਹੀਂ ਕੀਤਾ ਜਾਂਦਾ। ਆਮ ਵਰਗ ਅਧੀਨ ਕੁਨੈਕਸ਼ਨ ਉਨ੍ਹਾਂ ਨੂੰ ਹੀ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੇ ਜਨਵਰੀ 1992 ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਦਿੱਤੀਆਂ ਹੋਈਆਂ ਹਨ।
ਬਿਕਰਮ ਸਿੰਘ ਮਜੀਠੀਆ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੇ ਚੋਟੀ ਦੇ ਅਕਾਲੀ ਆਗੂਆਂ ਦੇ ਹਲਕਿਆਂ ਵਿੱਚ ਕੀਤੀਆਂ ਗਈਆਂ ਅਜਿਹੀਆਂ ਲਿਹਾਜ਼ਦਾਰੀਆਂ ਤੇ ਤਰਫ਼ਦਾਰੀਆਂ ਇਨ੍ਹਾਂ ਅੰਕੜਿਆਂ ਤੋਂ ਪੂਰੀ ਤਰ੍ਹਾਂ ਸਪੱਸ਼ਟ ਹਨ; ਜੋ ਦਰਸਾਉਂਦੇ ਹਨ ਕਿ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੇ ਅਖ਼ਤਿਆਰੀ ਕੋਟੇ ਅਧੀਨ ਹੁਣ ਜਾਰੀ ਕੀਤੇ ਗਏ 28,626 ਕੁਨੈਕਸ਼ਨਾਂ ਵਿੱਚੋਂ 1,712 ਤਾਂ ਮਜੀਠੀਆ ਦੇ ਵਿਧਾਨ ਸਭਾ ਹਲਕੇ ਵਿੱਚ ਜਾਰੀ ਕੀਤੇ ਗਏ ਹਨ ਅਤੇ 1,056 ਕੁਨੈਕਸ਼ਨ ਸੁਖਬੀਰ ਬਾਦਲ ਦੇ ਜਲਾਲਾਬਾਦ ਹਲਕੇ 'ਚ ਜਾਰੀ ਹੋਏ ਹਨ। ਇੰਝ ਇਨ੍ਹਾਂ ਦੋਵੇਂ ਹਲਕਿਆਂ ਵਿੱਚ ਲਗਭਗ 10 ਫ਼ੀ ਸਦੀ ਕੁਨੈਕਸ਼ਨ ਇਸੇ ਤਰੀਕੇ ਜਾਰੀ ਹੋਏ ਹਨ। ਟਿਊਬਵੈਲ ਕੁਨੈਕਸ਼ਨ ਲੈਣ ਲਈ ਸਾਲ 1992 ਤੋਂ ਲੈ ਕੇ 4 ਲੱਖ ਤੋਂ ਵੱਧ ਅਰਜ਼ੀਆਂ ਹਾਲੇ ਵੀ ਪੀ.ਐਸ.ਪੀ.ਸੀ.ਐਲ. ਕੋਲ ਮੁਲਤਵੀ ਪਈਆਂ ਹਨ।