ਚੰਡੀਗੜ੍ਹ, 26 ਅਕਤੂਬਰ, 2016 : ਚੋਣ ਕਮਿਸ਼ਨ ਵੱਲੋਂ ਨਿਰਪੱਖ ਤੇ ਸੁਤੰਤਰ ਚੋਣਾਂ ਕਰਵਾਉਣ ਦੇ ਭਰੋਸੇ ਦਾ ਸਵਾਗਤ ਕਰਦਿਆਂ ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੇ ਨਸ਼ਿਆਂ, ਸ਼ਰਾਬ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਸਬੰਧੀ ਵਿਚਾਰ ਬਾਦਲ ਸਰਕਾਰ ਖਿਲਾਫ ਸਾਡੇ ਦੋਸ਼ਾਂ ਨੂੰ ਸਾਬਤ ਕਰਦੇ ਹਨ।
ਇਸ ਲੜੀ ਹੇਠ ਸੂਬੇ 'ਚ ਬਿਗੜ ਰਹੀ ਕਾਨੂੰਨ ਤੇ ਵਿਵਸਥਾ ਉਪਰ ਕੰਟਰੋਲ ਕਰਨ ਲਈ ਪਾਰਟੀ ਵੱਲੋ ਜ਼ਲਦੀ ਤੋਂ ਜ਼ਲਦੀ ਚੋਣ ਜਾਬਤਾ ਲਾਗੂ ਕੀਤੇ ਜਾਣ ਦੀ ਮੰਗ ਨੂੰ ਦੁਹਰਾਉਂਦਿਆਂ ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਇਹ ਜ਼ਰੂਰੀ ਹੈ ਕਿ ਸਿਆਸੀ ਵਾਤਾਵਰਨ ਸਮੇਤ ਚੋਣਾਂ ਦਾ ਸਾਹਮਣਾ ਕਰ ਰਹੇ ਸੂਬੇ 'ਚ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਲਈ ਚੋਣ ਕਮਿਸ਼ਨ ਤੁਰੰਤ ਸਖ਼ਤ ਤੇ ਲੋੜੀਂਦੇ ਕਦਮ ਚੁੱਕੇ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਅਮਰ ਸਿੰਘ ਤੇ ਅਸ਼ੋਕ ਚੌਧਰੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਖੁਦ ਪਾਇਆ ਹੈ ਕਿ ਬਾਦਲ ਸਰਕਾਰ ਨਾ ਸਿਰਫ ਸਰ੍ਹੇਆਮ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ, ਬਲਕਿ ਸੂਬੇ 'ਚ ਨਸ਼ਾ ਤੇ ਸ਼ਰਾਬ ਮਾਫੀਆ ਨੂੰ ਸ਼ੈਅ ਵੀ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਬਿਗੜ ਰਹੇ ਕਾਨੂੰਨੀ ਹਾਲਾਤਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਸਰ੍ਹੇਆਮ ਸਰਕਾਰ ਦੀ ਭੂਮਿਕਾ ਦੀ ਨਿੰਦਾ ਕੀਤੇ ਜਾਣ ਨਾਲ ਸਾਡਾ ਪੱਖ ਸਾਬਤ ਹੋ ਗਿਆ ਹੈ ਕਿ ਮੌਜ਼ੂਦਾ ਸ਼ਾਸਨ ਅਧੀਨ ਪੰਜਾਬ 'ਚ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣਾ ਦੂਰ ਦੂਰ ਤੱਕ ਮੁਮਕਿਨ ਨਹੀਂ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਐਤਵਾਰ ਨੂੰ ਚੋਣ ਕਮਿਸ਼ਨ ਨਾਲ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦਾ ਇਕ ਵਫਦ ਬਾਦਲ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੈ ਕੇ ਪਹਿਲਾਂ ਹੀ ਸ਼ੰਕਾ ਦਾ ਪ੍ਰਗਟਾਵਾ ਕਰ ਚੁੱਕਾ ਹੈ। ਜਿਨ੍ਹਾਂ ਨੇ ਸੂਬੇ 'ਚ ਵੱਧ ਰਹੇ ਸ਼ਰਾਬ ਤੇ ਨਸ਼ਾ ਮਾਫੀਆ ਦਾ ਜ਼ਿਕਰ ਕਰਦਿਆਂ ਚੋਣ ਕਮਿਸ਼ਨ ਨੂੰ ਚੋਣਾਂ ਤੋਂ ਪਹਿਲਾਂ ਲੋੜੀਂਦੇ 45 ਦਿਨਾਂ ਦੇ ਜ਼ਰੂਰੀ ਸਮੇਂ ਦਾ ਇੰਤਜ਼ਾਰ ਕਰਨ ਦੀ ਬਜਾਏ, ਤੁਰੰਤ ਚੋਣ ਜਾਬਤਾ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ 3 ਦਿਨਾਂ ਤੋਂ ਘੱਟ ਸਮੇਂ ਦੌਰਾਨ ਚੋਣ ਕਮਿਸ਼ਨ ਉਸੇ ਨਤੀਜ਼ੇ 'ਚ ਪਹੁੰਚ ਗਿਆ ਹੈ ਕਿ ਸੂਬੇ 'ਚ ਨਸ਼ੇ ਤੇ ਸ਼ਰਾਬ ਮਾਫੀਆ ਦੀ ਸਪੱਸ਼ਟ ਤੌਰ 'ਤੇ ਬਹੁਤ ਹੀ ਗੰਭੀਰ ਅਤੇ ਵੱਡੇ ਪੱਧਰ 'ਤੇ ਫੈਲ੍ਹੀ ਹੋਈ ਸਮੱਸਿਆ ਹੈ।
ਇਸ ਲੜੀ ਹੇਠ ਕਾਂਗਰਸ ਦੀ ਸ਼ਿਕਾਇਤ 'ਤੇ ਗੰਭੀਰ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਪੁਲਿਸ ਤੇ ਹੋਰਨਾਂ ਇਨਫੋਰਸਮੇਂਟ ਅਫਸਰਾਂ ਨਾਲ ਲੜੀਵਾਰ ਰਿਵਿਊ ਮੀਟਿੰਗਾਂ ਕੀਤੀਆਂ ਸਨ ਅਤੇ ਨਸ਼ਾ ਤੇ ਸ਼ਰਾਬ ਮਾਫੀਆ 'ਤੇ ਨੱਥ ਪਾਉਣ ਸਬੰਧੀ ਸਖ਼ਤ ਨਿਰਦੇਸ਼ ਦਿੱਤੇ ਸਨ। ਪੁਲਿਸ ਅਫਸਰਾਂ ਨੂੰ ਮੁੱਖ ਚੋਣ ਕਮਿਸ਼ਨ ਨਸੀਮ ਜੈਦੀ ਨੇ ਨਸ਼ਾ ਮਾਫੀਆ 'ਤੇ ਕਾਬੂ ਪਾਉਣ ਲਈ 15 ਨਵੰਬਰ ਤੱਕ ਮਜ਼ਬੂਤ ਰਣਨੀਤੀ ਤਿਆਰ ਕਰਨ ਲਈ ਕਿਹਾ ਸੀ।
ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਤੇ ਮੁੱਖ ਚੋਣ ਕਮਿਸ਼ਨਰ ਵੱਲੋਂ ਸਾਰੇ ਭਗੌੜਿਆਂ ਨੂੰ ਕਾਬੂ ਕਰਨ ਦੇ ਨਿਰਦੇਸ਼ਾਂ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਨੇ ਚੋਣ ਕਮਿਸ਼ਨ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਨੀਮ ਫੌਜ਼ੀ ਦਲਾਂ ਦੀ ਤੈਨਾਤੀ ਕਰਨ ਸੁਝਾਅ ਦਾ ਵੀ ਸਵਾਗਤ ਕੀਤਾ ਹੈ, ਜੋ ਵੋਟਾਂ ਲਈ ਨਿਰਪੱਖ ਤੇ ਸੁਤੰਤਰ ਵਾਤਾਵਰਨ ਤਿਆਰ ਕਰਨ ਵਾਸਤੇ ਇਕ ਅਹਿਮ ਕਦਮ ਸਾਬਤ ਹੋਵੇਗਾ, ਜਿਸਦੀ ਬਹੁਤ ਲੋੜ ਸੀ।