ਪਟਿਆਲਾ, 22 ਅਕਤੂਬਰ, 2016 : ਪਟਿਆਲਾ ਦੇ ਡਵੀਜਨਲ ਕਮਿਸ਼ਨਰ ਸ. ਅਜੀਤ ਸਿੰਘ ਪੰਨੂ ਨੇ ਪਟਿਆਲਾ ਡਵੀਜਨ ਵਿੱਚ ਪੈਂਦੇ 5 ਜ਼ਿਲ੍ਹਿਆਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਉਹ ਆਉਣ ਵਾਲੀਆ ਵਿਧਾਨ ਸਭਾ ਚੋਣਾ ਨੂੰ ਨਿਰਪੱਖ ਤੇ ਅਮਨ-ਪੂਰਵਕ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾਂ ਕਰਨ ਅਤੇ ਇਹਨਾਂ ਨੂੰ ਪੂਰਨ ਰੂਪ ਵਿੱਚ ਲਾਗੂ ਵੀ ਕਰਵਾਉਣ। ਡਵੀਜਨਲ ਕਮਿਸ਼ਨਰ ਅੱਜ ਪਟਿਆਲਾ ਦੇ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਦੇ ਸੈਮੀਨਾਰ ਹਾਲ ਵਿੱਚ ਪਟਿਆਲਾ ਡਵੀਜਨ ਵਿੱਚ ਪੈਂਦੇ 5 ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ, ਫਤਹਿਗੜ੍ਹ ਸਾਹਿਬ, ਸੰਗਰੂਰ ਤੇ ਬਰਨਾਲਾ ਦੇ ਰੀਟਰਨਿੰਗ ਅਫ਼ਸਰਾਂ ਲਈ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਚਾਰ ਰੋਜਾ ਸਰਟੀਫਿਕੇਸ਼ਨ ਪ੍ਰੋਗਰਾਮ ਦੌਰਾਨ ਪਹਿਲੇ ਦਿਨ ਸਮੂਹ ਰੀਟਰਨਿੰਗ ਅਫ਼ਸਰਾਂ ਨੂੰ ਸੰਬੋਧਨ ਕਰ ਰਹੇ ਸਨ। ਸ. ਪੰਨੂ ਨੇ ਕਿਹਾ ਕਿ ਸਮੂਹ ਰੀਟਰਨਿੰਗ ਅਫ਼ਸਰ ਆਪਣੀ ਚੋਣ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨੇਪਰੇ ਚਾੜਨ ਕਿਊਂਕਿ ਚੋਣ ਡਿਊਟੀ ਦੌਰਾਨ ਛੋਟੀ ਤੋਂ ਛੋਟੀ ਅਣਗਹਿਲੀ ਨੂੰ ਵੀ ਚੋਣ ਕਮਿਸ਼ਨ ਵੱਲੋਂ ਬੜੀ ਗੰਭੀਰਤਾਂ ਨਾਲ ਲਿਆ ਜਾਂਦਾ ਹੈ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਤੇ ਪਹਿਰਾ ਦਿੰਦੇ ਹੋਏ ਚੋਣ ਦੇ ਅਮਲ ਨੂੰ ਨਿਰਪੱਖ ਤੇ ਸਫਲਤਾ ਪੂਰਬਕ ਨੇਪਰੇ ਚਾੜਨ।
ਚੋਣ ਕਮਿਸ਼ਨ ਦੇ ਇਸ ਸਰਟੀਫਕੇਸ਼ਨ ਪ੍ਰੋਗਰਾਮ ਦੌਰਾਨ ਪਹਿਲੇ ਦਿਨ ਚੋਣ ਕਮਿਸ਼ਨ ਵੱਲੋਂ ਭੇਜੇ ਕੌਮੀ ਪੱਧਰ ਦੇ ਮਾਸਟਰ ਟਰੇਨਰ ਅਤੇ ਉਤਰ ਪ੍ਰਦੇਸ ਦੇ ਅਧਿਕਾਰੀ ਦਿਨੇਸ਼ ਚੰਦਰਾ ਅਤੇ ਗੁਜਰਾਤ ਤੋਂ ਵਿਸ਼ੇਸ਼ ਤੌਰ 'ਤੇ ਪੁਜੇ ਕੌਮੀ ਮਾਸਟਰ ਟਰੇਨਰ ਸ਼੍ਰੀ ਮੁਨੀਰ ਵੋਹਰਾ ਨੇ ਰੀਟਰਨਿੰਗ ਅਫ਼ਸਰਾਂ ਨੂੰ ਜਿਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਉਥੇ ਹੀ ਉਹਨਾਂ ਨਾਲ ਚੋਣ ਅਮਲ ਨੂੰ ਪਾਰਦਾਰਸ਼ਤਾ ਤੇ ਨਿਰਪੱਖਤਾ ਨਾਲ ਨੇਪਰੇ ਚਾੜਨ ਦੇ ਗੁਰ ਵੀ ਸਾਂਝੇ ਕੀਤੇ। ਮਾਸਟਰ ਟਰੇਨਰਾਂ ਨੇ ਰੀਟਰਨਿੰਗ ਅਧਿਕਾਰੀਆਂ ਨੂੰ ਚੋਣ ਲੜਨ ਦੇ ਇਛੁਕ ਉਮੀਦਵਾਰਾਂ ਦੀ ਯੋਗਤਾ ਤੇ ਅਯੋਗਤਾ, ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰਾਂ ਨੂੰ ਭਰਨਾ ਤੇ ਉਹਨਾਂ ਦੀ ਪੜਤਾਲ ਅਤੇ ਨਾਮਜਦਗੀ ਪੱਤਰਾਂ ਦੀ ਵਾਪਸੀ ਤੇ ਚੋਣ ਲੜਨ ਵਾਲੇ ਉਮੀਦਵਾਰ ਨੂੰ ਚੋਣ ਨਿਸ਼ਾਨ ਦੀ ਅਲਾਟਮੈਂਟ ਅਤੇ ਪੋਸਟਲ ਵੋਟਾਂ ਸਬੰਧੀ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਦਾਨ ਕੀਤੀ।
ਚੋਣ ਕਮਿਸ਼ਨ ਦੇ ਇਸ ਸਰਟੀਫਿਕੇਸ਼ਨ ਪ੍ਰੋਗਰਾਮ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਮੋਹਿੰਦਰਪਾਲ, ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ ਅਤੇ ਪਟਿਆਲਾ ਡਵੀਜਨ ਵਿੱਚ ਪੈਂਦੇ 5 ਜ਼ਿਲ੍ਹਿਆਂ ਦੇ ਰੀਟਰਨਿੰਗ ਅਧਿਕਾਰੀ ਵੀ ਹਾਜਰ ਸਨ।