ਅਸ਼ੋਕ ਵਰਮਾ
ਬਠਿੰਡਾ,16 ਦਸੰਬਰ2020: ਪੰਜਾਬ ਦੇ ਕਿਸਾਨਾਂ ਦੀਆਂ ਪੈਲੀਆਂ ਖੁੱਸਣ ਦੇ ਡਰ ਨੇ ਕਰਜਿਆਂ ਕਾਰਨ ਖੁਦਕਸ਼ੀਆਂ ਕਰ ਗਏ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਵੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੇ ਰਾਹ ਪਾ ਦਿੱਤਾ ਹੈ। ਪੰਜਾਬ ਦੇ ਹਜਾਰਾਂ ਕਿਸਾਨ ਪ੍ਰੀਵਾਰ ਅਜਿਹੇ ਹਨ ਜਿਹਨਾਂ ਦੇ ਘਰਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗਿਆ ਹੋਇਆ ਹੈ। ਇਸ ਤੋਂ ਪਹਿਲਾਂ ਕਿ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਲਿਆਂਦੇ ਇਹ ਕਾਨੂੰਨ ਹੋਰਨਾਂ ਘਰਾਂ ਦੇ ਹਾਸੇ ਰੁੱਸ ਜਾਣ ਇਹ ਪ੍ਰੀਵਾਰ ਮੋਦੀ ਸਰਕਾਰ ਵੱਲੋਂ ਲਾਇਆ ਜਾਣ ਵਾਲਾ ਇਹ ਰੋਗ ਸਦਾ ਲਈ ਕੱਟਣਾ ਚਾਹੁੰਦੇ ਹਨ। ਖਾਸ ਤੌਰ ਤੇ ਖੁਦਕਸ਼ੀ ਦੀ ਮਾਰ ਹੇਠ ਆਈਆਂ ਵਿਧਵਾਵਾਂ ਦਿੱਲੀ ’ਚ ਆਪਣੇ ਦੁੱਖ ਦੱਸਣਗੀਆਂ ਕਿ ਕਿਸ ਤਰਾਂ ਸਰਕਾਰਾਂ ਦੀਆਂ ਕਾਰਪੋਰੇਟ ਪ੍ਰਸਤ ਨੀਤੀਆਂ ਉਹਨਾਂ ਦੇ ਘਰਾਂ ਅਤੇ ਪੈਲੀਆਂ ਨੂੰ ਖਾ ਗਈਆਂ ਹਨ।
ਜਮੀਨ ਚਲੇ ਜਾਣ ਦਾ ਦਰਦ ਕੋਈ ਮਾਨਸਾ ਦੇ ਪਿੰਡ ਕੋਟ ਧਰਮੂੰ ਦੇ ਕਿਸਾਨ ਰਣਜੀਤ ਸਿੰਘ ਦੇ ਪ੍ਰੀਵਾਰ ਨੂੰ ਪੁੱਛ ਕੇ ਦੇਖੋ ਜੋ ਕਰਜਿਆਂ ਦੀ ਪੰਡ ਦਾ ਬੋਝ ਨਾਂ ਸਹਾਰਦਾ ਹੋਇਆ ਜਹਾਨੋ ਤੁਰ ਗਿਆ। ਪਿੱਛੇ ਵਿਧਵਾ ਕਰਮਜੀਤ ਕੌਰ ਨੂੰ ਜਿੰਦਗੀ ਨਾਲ ਲੜਨਾ ਪੈ ਰਿਹਾ ਹੈ ਜਿਸ ਦੀ 15 ਏਕੜ ਜਮੀਨ ਨੂੰ ਕਰਜਾ ਖਾ ਗਿਆ। ਸਿਰਫ ਇੱਕ ਏਕੜ ਜਮੀਨ ਅਤੇ ਮੰਦਬੁੱਧੀ ਬੱਚਾ ਬਚੇ ਹਨ। ਵਿਧਵਾ ਕਰਮਜੀਤ ਕੌਰ ਘਰ ਦਾ ਗੁਜਾਰਾ ਚਲਾਉਣ ਲਈ ਮਜਦੂਰੀ ਕਰ ਰਹੀ ਹੈ। ਇਹ ਵਿਧਵਾ ਆਖਦੀ ਹੈ ਕਿ ਕਾਸ਼ ਮੋਦੀ ਨੇ ਆਪਣੇ ਮਨ ਕੀ ਬਾਤ ਦੀ ਥਾਂ ਕਿਸਾਨਾਂ ਦੇ ਮਨਾਂ ਦੀ ਬਾਤ ਸੁਣੀ ਹੁੰਦੀ ਤਾਂ ਆਹ ਦਿਨ ਨਹੀ ਦੇਖਣੇ ਪੈਣੇ ਸਨ।
ਇਸੇ ਤਰਾਂ ਹੀ ਸਮਾਓ ਦੇ ਕਿਸਾਨ ਜਗਬੀਰ ਸਿੰਘ ਨੇ ਵੀ ਕਰਜੇ ਦੇ ਦੁੱਖੋਂ ਜਿੰਦਗੀ ਨੂੰ ਹੱਥ ਜੋੜ ਦਿੱਤੇ। ਇਹ ਪ੍ਰੀਵਾਰ ਵੀ ਏਦਾਂ ਦੇ ਹੀ ਹਾਲਾਤਾਂ ਨਾਲ ਜੂਝ ਰਿਹਾ ਹੈ। ਉਹਨਾਂ ਅਖਿਆ ਕਿ ਜਦੋਂ ਸਰਕਾਰਾਂ ਦਾ ਹੱਲਾ ਤੇਜ ਹੋਵੇ ਤਾਂ ਪੀੜਤ ਕਿਸ ਤਰਾਂ ਚੁੱਪ ਬੈਠ ਸਕਦੇ ਹਨ। ਪਿੰਡ ਕੋਠਾ ਗੁਰੂ ਦੀ ਮਨਜੀਤ ਕੌਰ ਕੋਲ ਹੁਣ ਗੁਆਉਣ ਲਈ ਤਾਂ ਕੁੱਝ ਨਹੀਂ ਬਚਿਆ ਪਰ ਹੋਰਨਾਂ ਨਾਲ ਇਹ ਵਰਤਾਰਾ ਨਾਂ ਵਰਤੇ ਇਸ ਲਈ ਲੜਨ ਵਾਸਤੇ ਤਿਆਰ ਬੈਠੀ ਹੈ। ਨਰਮੇਂ ਨੂੰ ਸੁੰਡੀ ਪੈ ਗਈ ਤੇ ਜਮੀਨਾਂ ਨੂੰ ਬੈਂਕ । ਕਰਜੇ ਨੇ ਪਤੀ ਜੇਹਲ ਦਿਖਾ ਦਿੱਤੀ ਤੇ ਆਖਰ ਦੋ ਏਕੜ ਪੈਲੀ ਵਿਕ ਗਈ।
ਇਸੇ ਪਿੰਡ ਦੀ ਬਜ਼ੁਰਗ ਬਲਵੀਰ ਕੌਰ ਦੱਸਦੀ ਹੈ ਕਿ ਕਿਵੇਂ ਹੱਥੋਂ ਜਮੀਨ ਕਿਰੀ ਤੇ ਕਿਵੇਂ ਜਿੰਦਗੀ। ਉਸਦਾ ਪਤੀ ਕੈਂਸਰ ਨੇ ਖੋਹ ਲਿਆ ਅਤੇ ਕਰਜੇ ਨੇ ਜਮੀਨਾਂ। ਜਦੋਂ ਸ਼ਾਹੂਕਾਰਾਂ ਦੇ ਦਬਕੇ ਝੱਲਣੇ ਵਿਤੋਂ ਬਾਹਰ ਹੋ ਗਏ ਤਾਂ ਪੁੱਤ ਖੁਦਕਸ਼ੀ ਵਾਲੇ ਰਾਹ ਤੁਰ ਗਿਆ। ਪਿੰਡ ਕੋਠਾ ਗੁਰੂ ਦੀ ਕਿਸਾਨ ਆਗੂ ਮਾਲਣ ਕੌਰ ਪੀੜਤ ਪ੍ਰੀਵਾਰਾਂ ਨੂੰ ਲਾਮਬੰਦ ਕਰ ਰਹੀ ਹੈ। ਉਹ ਆਖਦੀ ਹੈ ਕਿ ‘ਜਮੀਨਾਂ ਤਾਹੀਓ ਵਿਕਦੀਆਂ ਹਨ ਜਦੋਂ ਪੈਲੀ ਸਾਥ ਛੱਡ ਦੇਵੇ ਤੇ ਸਰਕਾਰਾਂ ਬਾਂਹ ਨਾਂ ਫੜਨ। ਉਸ ਨੇ ਆਖਿਆ ਕਿ ਸੈਂਕੜੇ ਬਜ਼ੁਰਗ ਅਤੇ ਵਿਧਵਾ ਔਰਤਾਂ ਦੇ ਚਿਹਰੇ ਤੋਂ ਪੰਜਾਬ ਦੇ ਖੇਤੀ ਸੰਕਟ ਦੇ ਨਕਸ਼ ਦੇਖੇ ਜਾ ਸਕਦੇ ਹਨ।
ਮਾਲਣ ਕੌਰ ਆਖਦੀ ਹੈ ਕਿ ਮੋਦੀ ਸਰਕਾਰ ਤਾਂ ਨਵੇਂ ਖੇਤੀ ਕਾਨੂੰਨ ਲਿਆ ਕੇ ਕਿਸਾਨ ਪ੍ਰੀਵਾਰਾਂ ਨੂੰ ਮੌਤ ਦੇ ਮੂੰਹ ਧੱਕ ਰਹੀ ਹੈ ਜਿਸ ਕਰਕੇ ਹੁਣ ਪੀੜਤ ਪ੍ਰੀਵਾਰਾਂ ਨੇ ਵੀ ਝੰਡਾ ਚੁੱਕਿਆ ਹੋਇਆ ਹੈ। ਬਜ਼ੁਰਗ ਕੌਰ ਸਿੰਘ ਦਾ ਲੜਕਾ ਖੁਦਕਸ਼ੀ ਦੇ ਰਾਹ ਚਲਾ ਗਿਆ ਅਤੇ ਮਗਰੋਂ ਨੂੰਹ ਵੀ ਪੁੱਤ ਦੇ ਪਿੱਛੇ ਤੁਰ ਗਈ। ਉਹ ਦੱਸਦਾ ਹੈ ਕਿ ਜਦੋਂ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਲੱਗਿਆ ਤਾਂ ਉਹਨਾਂ ਨੂੰ ਫਖਰ ਮਹਿਸੂਸ ਹੋਇਆ ਸੀ । ਸਰਕਾਰਾਂ ਨੇ ਹੌਲੀ ਹੌਲੀ ਭਰਮ ਦੂਰ ਕਰ ਦਿੱਤੇ ਜਦੋਂਕਿ ਮੋਦੀ ਸਰਕਾਰ ਤਾਂ ਕਿਸਾਨਾਂ ਦੀ ਦੁਸ਼ਮਣ ਹੀ ਬਣ ਗਈ ਹੈ। ਪੀੜਤ ਪ੍ਰੀਵਾਰ ਨੇ ਆਖਿਆ ਕਿ ਮੋਦੀ ਸਰਕਾਰ ਹੋਸ਼ ’ਚ ਆਏ।
ਇਹ ਕੁੱਝ ਮਿਸਾਲਾਂ ਹਨ ਕਰਜਿਆਂ ਅਤੇ ਰੁੱਸੀਆਂ ਪੈਲੀਆਂ ਨੇ ਇਸ ਨੂੰ ਕਪਾਹ ਪੱਟੀ ’ਚ ਘਰ ਘਰ ਦੀ ਕਹਾਣੀ ਬਣਾ ਦਿੱਤਾ ਹੈ। ਕਦੇ ਅਮਰੀਕਨ ਸੁੰਡੀ ਤੇ ਕਦੀ ਚਿੱਟੀ ਮੱਖੀ ਕਿਸਾਨਾਂ ਦੇ ਅਰਮਾਨ ਚੱਟਦੀ ਰਹੀ । ਮਹੱਤਵਪੂਰਨ ਤੱਥ ਹੈ ਇਹਨਾਂ ਅਲਾਮਤਾਂ ਤੇ ਤਾਂ ਕਿਸੇ ਵੀ ਕੀਟਨਾਸ਼ਕ ਨੇ ਅਸਰ ਨਹੀਂ ਕੀਤਾ ਹੈ। ਕਿਸਾਨ ਜਰੂਰ ਇਹਨਾਂ ਕੀਟਨਾਸ਼ਕਾਂ ਰਹੀਂੇ ਖੁਦ ਸੁਰਖੁਰੂ ਹੋ ਗਏ ਪਰ ਪ੍ਰੀਵਾਰਾਂ ਸਿਰ ਕਰਜਿਆਂ ਤੇ ਝੋਰਿਆਂ ਦੀ ਪੰਡ ਜਿਓਂ ਦੀ ਤਿਓਂ ਹੈ ਜਿਸ ਨੂੰ ਦਿਖਾਉਣ ਲਈ ਉਹ ਮੋਦੀ ਸਰਕਾਰ ਦੇ ਬੂਹੇ ਤੇ ਢੁੱਕੇ ਹਨ। ਪੀੜਤਾਂ ਨੇ ਆਖਿਆ ਕਿ ਇਹ ਪਹਿਲੀ ਵਾਰ ਹੈ ਕਿ ਕੋਈ ਸਰਕਾਰ ਧੱਕੇ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੀ ਹੈ ਅਤੇ ਕਿਸਾਨ ਵਿਰੋਧ ਕਰ ਰਹੇ ਹਨ।
ਮੋਦੀ ਸਰਕਾਰ ਨੇ ਕੰਨਾਂ ’ਚ ਰੂੰਅ ਪਾਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਸਮਝ ਨਹੀਂ ਪੈਂਦੀ ਕਿ ਮੋਦੀ ਸਰਕਾਰ ਨੇ ਕੰਨਾਂ ’ਚ ਰੂੰ ਕਿਓਂ ਪਾ ਲਈ ਹੈ। ਉਹਨਾਂ ਆਖਿਆ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਠੰਢ ਦੇ ਦਿਨਾਂ ’ਚ ਬੋਲੀ ਸਰਕਾਰ ਨੂੰ ਮਸਲੇ ਸੁਨਾਉਣ ਲਈ ਵਿਧਵਾ ਔਰਤਾਂ ਨੂੰ ਸੜਕਾਂ ਤੇ ਉੱਤਰਨਾ ਪੈ ਰਿਹਾ ਹੈ। ਉਹਨਾਂ ਲੀਡਰਾਂ ਨੂੰ ਨਸੀਹਤ ਦਿੱਤੀ ਕਿ ਉਹ ਹੁਣ ਦੂਸ਼ਣਬਾਜੀ ਛੱਡ ਦੇਣ ਅਤੇ ਖੇਤਾਂ ਦੇ ਰਾਜਿਆਂ ਦੇ ਦੁੱਖ ਸਮਝਣ ਜੋ ਪਹਿਲਾਂ ਹੀ ਲੁੱਟੇ ਜਾ ਚੁੱਕੇ ਹਨ।