ਮੋਰਿੰਡਾ/ਰੋਪੜ/ਬਲਾਚੌਰ, 7 ਨਵੰਬਰ, 2016 : ਪੰਜਾਬ ਕਾਂਗਰਸ ਨੇ ਸੂਬੇ ਤੋਂ ਨਸ਼ਿਆਂ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਸਹੁੰ ਚੁੱਕੀ ਹੈ। ਮੋਰਿੰਡਾ ਤੋਂ ਜਵਾਨੀ ਸੰਭਾਲ ਯਾਤਰਾ ਨੂੰ ਝੰਡੀ ਦਿਖਾਉਂਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ 2017 'ਚ ਸੱਤਾ 'ਚ ਆਉਣ ਤੋਂ ਬਾਅਦ ਪਹਿਲੇ ਛੇ ਮਹੀਨਿਆਂ ਅੰਦਰ ਸੂਬੇ ਤੋਂ ਇਨ੍ਹਾਂ ਸਮੱਸਿਆਵਾਂ ਦਾ ਖਾਤਮਾ ਕਰ ਦੇਵੇਗੀ। ਬੀਤੇ ਦੱਸ ਸਾਲਾਂ ਦੌਰਾਨ ਪੰਜਾਬ ਦੇ ਨੌਜ਼ਵਾਨ ਨੇ ਬਹੁਤ ਸਹਿਆ ਹੈ। ਅਕਾਲੀ ਭਾਜਪਾ ਸਰਕਾਰ ਦੌਰਾਨ ਨਸ਼ੇ ਪੰਜਾਬ ਦੇ ਹਰੇਕ ਘਰ 'ਚ ਵੜ ਚੁੱਕੇ ਹਨ ਅਤੇ ਪੁਲਿਸ-ਸਿਆਸਤਦਾਨਾਂ ਦੀ ਮਿਲੀਭੁਗਤ ਹੇਠ ਅਸਾਨੀ ਨਾਲ ਉਪਲਬਧ ਹਨ। ਭ੍ਰਿਸ਼ਟਾਚਾਰ ਨੇ ਜ਼ਿੰਦਗੀ ਦੇ ਹਰ ਹਿੱਸੇ ਨੂੰ ਨਿਗਲ ਲਿਆ ਹੈ। ਪੰਜਾਬ ਦੇ ਪਹਿਲੇ ਪਰਿਵਾਰ ਦੀ ਦੋਲਤ ਕਈ ਗੁਣਾਂ ਵੱਧ ਚੁੱਕੀ ਹੈ, ਜਦਕਿ ਸੂਬਾ ਹਰੇਕ ਮਾਮਲੇ 'ਚ ਤਬਾਹ ਹੋ ਚੁੱਕਾ ਹੈ।
ਜਵਾਨੀ ਸੰਭਾਲ ਯਾਤਰਾ ਦੇ ਨੌਜ਼ਵਾਨਾਂ ਨੂੰ ਸੰਬੋਧਨ ਕਰਦਿਆਂ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਨੇ ਕਿਹਾ ਕਿ ਇਸ ਵਾਰ ਨੋਜ਼ਵਾਨ ਪੰਜਾਬ 'ਚ ਕ੍ਰਾਂਤੀ ਲਿਆਉਣਗੇ ਤੇ 2017 ਦੀਆਂ ਚੋਣਾਂ 'ਚ ਕਾਂਗਰਸ ਨੂੰ ਮਜ਼ਬੂਤ ਕਰਦਿਆਂ ਪਾਰਟੀ ਦੀ ਸਰਕਾਰ ਬਣਾਉਣਗੇ। ਬੀਤੇ 10 ਸਾਲਾਂ ਦੌਰਾਨ ਪੰਜਾਬ ਨੂੰ ਤਬਾਹ ਕਰਨ ਵਾਲੀ ਇਸ ਭ੍ਰਿਸ਼ਟ ਤੇ ਧੋਖੇਬਾਜ ਅਕਾਲੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ 'ਚ ਨੌਜ਼ਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਨੇ ਪੰਜਾਬ ਦੇ ਨੌਜ਼ਵਾਨਾਂ ਵੋਟਰਾਂ ਨੂੰ ਆਪਣੀ ਅੰਤਰ ਆਤਮਾ ਦੀ ਅਵਾਜ਼ ਸੁਣਨ ਤੇ ਕਾਂਗਰਸ ਨੂੰ ਵੋਟ ਦੀ ਅਪੀਲ ਕੀਤੀ। ਕਾਂਗਰਸ ਪਾਰਟੀ ਦਾ ਅਮੀਰ ਇਤਿਹਾਸ ਹੈ ਅਤੇ ਪੰਜਾਬ ਸਮੇਤ ਭਾਰਤ 'ਚ ਅਹਿਮ ਵਿਕਾਸ ਕਾਰਜ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਹੀ ਹੋਏ ਹਨ।
ਬਾਅਦ 'ਚ ਨੌਜ਼ਵਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਵਿਧਾਈ ਪਾਰਟੀ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਤਰਨਤਾਰਨ ਦੇ ਸਵ. ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਆਪਣੀ ਇਕਜੁੱਟਤਾ ਪ੍ਰਗਟਾਈ, ਜਿਹੜੇ ਬੀਤੇ ਦਿਨ ਜੰਮੂ ਕਸ਼ਮੀਰ 'ਚ ਸਰਹੱਦ ਪਾਰ ਤੋਂ ਗੋਲੀਬਾਰੀ ਦੌਰਾਨ ਮਾਰੇ ਗਏ ਸਨ।
ਚੰਨੀ ਨੇ ਬੀਤੇ ਦਿਨ ਜਲੰਧਰ 'ਚ ਜੰਗ-ਏ-ਅਜ਼ਾਦੀ ਮੈਮੋਰੀਅਲ ਦੇ ਉਦਘਾਟਨ ਦੌਰਾਨ ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਿਕ ਮੈਂਬਰਾਂ ਦੀ ਕੀਤੀ ਗਈ ਬੇਇਜੱਤੀ ਉਪਰ ਦੁੱਖ ਪ੍ਰਗਟਾਇਆ ਅਤੇ ਉਨ੍ਹਾਂ ਨਾਲ ਕੀਤੇ ਗਏ ਇਸ ਬੁਰੇ ਵਤੀਰੇ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਗੈਰ ਕਿਸੇ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ। ਚੰਨੀ ਨੇ ਕਿਹਾ ਕਿ ਬਾਦਲ ਉਨ੍ਹਾਂ ਦੇ ਭਾਸ਼ਣ ਤੋਂ ਤੁਰੰਤ ਬਾਅਦ ਹੋਈ ਨਾਅਰੇਬਾਜੀ ਤੋਂ ਬਾਅਦ ਜਗ੍ਹਾ ਛੱਡਣ ਦੀ ਬਜਾਏ ਉਨ੍ਹਾਂ ਦਾ ਦਰਦ ਵੰਡ ਸਕਦੇ ਸਨ। ਇਸ ਲੜੀ ਹੇਠ ਮੁੱਖ ਮੰਤਰੀ ਦੀ ਕੀ ਗੱਲ ਕਰਨੀ, ਇਥੋਂ ਤੱਕ ਕਿ ਇਕ ਮੰਤਰੀ ਵੀ ਉਨ੍ਹਾਂ ਕੋਲ ਨਹੀਂ ਗਿਆ। ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਥੇ ਮੌਜ਼ੂਦ ਮੰਤਰੀਆਂ ਦਾ ਇਸ ਤੋਂ ਮਾੜਾ ਵਤੀਰਾ ਹੋਰ ਕੀ ਹੋ ਸਕਦਾ ਸੀ। ਜਦਕਿ ਸੁਖਬੀਰ ਬਾਦਲ ਨੇ ਇਸ ਤੋਂ ਪਹਿਲਾਂ ਉਨ੍ਹਾਂ ਦਾ ਸਨਮਾਨ ਕੀਤਾ ਸੀ।
ਸ੍ਰੀ ਚਮਕੌਰ ਸਾਹਿਬ ਹਲਕੇ ਦੇ ਨੌਜ਼ਵਾਨਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਚੰਨੀ ਨੇ ਕਿਹਾ ਕਿ ਨੌਜ਼ਵਾਨਾਂ ਦਾ ਭਾਰੀ ਸਮਰਥਨ ਮਿੱਲਣ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਯਾਤਰਾ ਦਾ ਦੂਜਾ ਪੜਾਅ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਹ ਯਾਤਰਾ 22 ਹਲਕਿਆਂ ਨੂੰ ਕਵਰ ਕਰੇਗੀ ਅਤੇ 11 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਪੂਰਨ ਹੋਵੇਗੀ। ਯਾਤਰਾ 5 ਦਿਨਾਂ ਦੌਰਾਨ 300 ਕਿਲੋਮੀਟਰ ਦਾ ਦਾਇਰਾ ਕਵਰ ਕਰੇਗੀ। ਯਾਤਰਾ 'ਚ 1500 ਤੋਂ ਵੱਧ ਸਾਈਕਲ ਚਾਲਕ ਹਿੱਸਾ ਲੈਣਗੇ। ਪਹਿਲੇ ਦਿਨ ਯਾਤਰਾ ਸ੍ਰੀ ਚਮਕੌਰ ਸਾਹਿਬ, ਰੋਪੜ, ਕਾਠਗੜ੍ਹ ਤੋਂ ਹੁੰਦਿਆਂ ਬਲਾਚੌਰ ਪਹੁੰਚ ਕੇ ਰੁੱਕੇਗੀ।