ਅਸ਼ੋਕ ਵਰਮਾ
ਨਵੀਂ ਦਿੱਲੀ, 15 ਦਸੰਬਰ 2020 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਜੀਓ ਕੰਪਨੀ ਦੇ ਮੋਬਾਇਲ ਸਿਮ ਅਗਨ ਭੇਂਟ ਕਰਕੇ ਰਿਲਾਇੰਸ ਦੇ ਬਾਈਕਾਟ ਦਾ ਸੱਦਾ ਦੇਣ ਦੀ ਤਿਆਰੀ ਖਿੱਚ੍ਹ ਲਈ ਹੈ। ਇਸ ਦੇ ਨਾਲ ਹੀ ਸੰਘਰਸ਼ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਖੇਤੀ ਕਾਨੂੰਨਾਂ ਨੂੰ ਮਾਂ ਵਰਗੇ ਕਹਿ ਕੇ ਕਿਸਾਨਾਂ ਨਾਲ ਛਲ ਕਰਨਾ ਕਰਾਰ ਦਿੱਤਾ ਹੈ। ਦਿੱਲੀ ਦੇ ਕੰਡਲੀ ਸਿੰਘੂ ਬਾਰਡਰ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਲਾਏ ਮੋਰਚੇ ਦੇ 17ਵੇਂ ਦਿਨ ਦੋਸ਼ ਲਾਇਆ ਕਿ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣਨ ਤੋਂ ਮੁਨਕਰ, ਹੋ ਗਈ ਹੈ ਪਰ ਸੰਘਰਸ਼ ਦੇ ਜੋਰ ਤੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਸਾਹ ਲਿਆ ਜਾਏਗਾ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਅੰਦੋਲਨ ਵਾਲੀ ਜਗਾ ਤੇ ਜੈਮਰ ਲਗਾ ਕੇ ਲਗਪਗ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਬਰਾਬਰ ਕੰਮ ਕਰ ਰਹੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਆਖਿਆ ਕਿ ਕੁੰਡਲੀ ਵਿਚ ਬਿਜਲੀ ਵੀ ਬੰਦ ਹੋਣ ਨਾਲ ਪਾਣੀ ਦਾ ਸੰਕਟ ਬਣਾ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਇਸ ਪਿੱਛੇ ਮੋਦੀ ਸਰਕਾਰ ਦੀ ਮੰਸ਼ਾ ਅੰਦੋਲਨ ਨੂੰ ਬਦਨਾਮ ਕਰਕੇ ਲੋਕਾਂ ਵਿੱਚੋਂ ਆਗੂਆਂ ਦਾ ਵਿਸ਼ਵਾਸ ਖਤਮ ਕਰਨਾ ਹੈ । ਇਸ ਦੇ ਨਾਲ ਹੀ ਆਮ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦਾ ਠੀਕਰਾ ਅੰਦੋਲਨਕਾਰੀਆਂ ਦੇ ਸਿਰ ਭੰਨਣਾ ਚਾਹੁੰਦੀ ਹੈ।
ਉਹਨਾਂ ਦੱਸਿਆ ਕਿ ਇਸ ਸਾਰੇ ਕੁੱਝ ਦੇ ਬਾਵਜੂਦ ਕਿਸਾਨਾਂ ਮਜਦੂਰਾਂ ਦੇ ਹੌਸਲੇ ਬੁਲੰਦ ਹਨ ਅਤੇ ਆਮ ਲੋਕਾਂ ਦੀ ਹਮਦਰਦੀ ਤੇ ਏਕਤਾ ਵਿੱਚ ਵਾਧਾ ਹੋਇਆ ਹੈ। ਸੰਘਰਸ਼ ਨੂੰ ਤੇਜ ਕਰਨ ਦਾ ਐਲਾਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਹਰ ਚਾਲ ਫੇਲ ਕੀਤੀ ਜਾਏਗੀ। ਉਹਨਾਂ ਆਖਿਆ ਕਿ ਕਾਰਪੋਰੇਟ ਘਰਾਣੇ ਮੋਦੀ ਸਰਕਾਰ ਤੇ ਦਬਾਅ ਪਾ ਰਹੇ ਹਨ ਜਿਸ ਕਰਕੇ ਕੇਂਦਰੀ ਮੰਤਰੀ ਗੁੰਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ ਅਤੇ ਫਰਜੀ ਕਿਸਾਨ ਜਥੇਬੰਦੀਆਂ ਖੜੀਆਂ ਕਰਕੇ ਖੇਤੀ ਕਾਨੂੰਨਾਂ ਦੇ ਹੱਕ ’ਚ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਾਂ ਕਰਨ ਦੀ ਅੜੀ ਫੜ ਕੇ ਮੁਲਕ ਦੇ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ ਹੈ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਤਿੰਨੇ ਖੇਤੀ ਕਨੂੰਨਾਂ, ਬਿਜਲੀ ਸੋਧ ਬਿੱਲ 2020, ਪਰਾਲੀ ਐਕਟ ਰੱਦ , ਸਾਰੀਆਂ ਫਸਲਾਂ ਦੇ ਭਾਅ ਡਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਗੂ ਕਰਕੇ ਸਰਕਾਰੀ ਖਰੀਦ ਕਰਨ ਵਾਲਾ ਕਾਨੂੰਨ ਲਿਆਂਦਾ ਜਾਵੇ ਨਹੀਂ ਤਾਂ ਕੇਂਦਰ ਸਰਕਾਰ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਵਿੱਢੀ ਲੜਾਈ ਜਾਰੀ ਰਹੇਗੀ। ਅੱਜ ਦੇ ਧਰਨੇ ’ਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂਆਂ ਧਰਮ ਸਿੰਘ ਸਿੱਧੂ, ਇੰਦਰਜੀਤ ਸਿੰਘ ਬਾਠ, ਬਲਜਿੰਦਰ ਤਲਵੰਡੀ, ਰਣਧੀਰ ਸਿੰਘ ਰਾਣਾ,ਦਿਆਲ ਸਿੰਘ ਮੀਆਂਵਿੰਡ, ਨਿਸ਼ਾਨ ਸਿੰਘ ਭੁਲੱਥ, ਰਣਜੀਤ ਸਿੰਘ ਕਲੇਰ ਬਾਲਾ, ਇਕਬਾਲ ਸਿੰਘ ਵੜਿੰਗ ਤੋਂ ਇਲਾਵਾ ਛੱਤੀਸਗੜ,ਬਿਹਾਰ, ਦਿੱਲੀ ਸਮੇਤ ਹੋਰ ਵੀ ਕਈ ਸੂਬਿਆਂ ਦੇ ਬੁਲਾਰਿਆਂ ਨੇ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ।
ਬੁੱਧਵਾਰ ਨੂੰ ਸਾੜਾਂਗੇ ਜਿਓ ਦੇ ਸਿੰਮ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਸੀ ਕਿ ਬੁੱਧਵਾਰ ਨੂੰ ਸਵੇਰ ਵਕਤ ਜੀਓ ਕੰਪਨੀ ਦੇ ਸਿੰਮ ਸਾੜਕੇ ਰਿਲਾਇੰਸ ਸਮੇਤ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਆਖਿਆ ਕਿ ਵੱਡੇ ਕਾਰੋਬਾਰਾਂ ਦੇ ਬਾਵਜੂਦ ਇਹਨਾਂ ਧਨਾਢ ਘਰਾਣਿਆਂ ਨੇ ਹੁਣ ਮੋਦੀ ਸਰਕਾਰ ਨਾਲ ਮਿਲ ਕੇ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਦੀ ਸਾਜਿਸ਼ ਰਚੀ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਅਮੀਰਾਂ ਖਾਤਰ ਖੇਤੀ ਕਾਨੂੰਨ ਲਾਗੂ ਕਰਨ ਦਾ ਫੈਸਲਾ ਮੋਦੀ ਸਰਕਾਰ ਨੂੰ ਮਹਿੰਗਾ ਪਵੇਗਾ ਇਸ ਲਈ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।