ਅਸ਼ੋਕ ਵਰਮਾ
ਬਰਨਾਲਾ,1 ਜਨਵਰੀ 2021 - ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਦੌਰਾਨ ਕੜਾਕੇ ਦੀ ਠੰਢ ਦੇ ਬਾਵਜੂਦ ਜੁਝਾਰੂ ਕਾਫਲਿਆਂ ਨੂੰ ਸੰਗਰਾਮੀ ਮੁਬਾਰਕਵਾਦ ਦਿੰਦਿਆਂ ਕਿਸਾਨਾਂ, ਮਜਦੂਰਾਂ ,ਔਰਤਾਂ ਤੇ ਵੱਖ ਵੱਖ ਵਰਗਾਂ ਨੇ ਲੜਾਈ ਜਾਰੀ ਰੱਖਣ ਦੇ ਨਾਲ ਨਾਲ ਤੇਜ ਕਰਨ ਦਾ ਸੱਦਾ ਦਿੱਤਾ। ਅੱਜ ਬੁਲਾਰਿਆਂ ਨੇ ਆਪਣੇ ਵਿਚਾਰਾਂ ਰਾਹੀਂ ਦਿੱਲੀ ਦੀ ਬਰੂਹਾਂ ਤੇ ਡੇਰਾ ਜਮਾਈ ਬੈਠੇ ਅਤੇ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਵਿੱਚ ਹੋਰ ਵਧੇਰੇ ਜੋਸ਼ ਨਾਲ ਸ਼ਾਮਿਲ ਹੋਣ ਲਈ ਜੋਸ਼ੀਲੀ ਵਧਾਈ ਵੀ ਦਿੱਤੀ।
ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱੱਪਲੀ, ਗੁਰਦੇਵ ਸਿੰਘ ਮਾਂਗੇਵਾਲ,, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਅਮਰਜੀਤ ਕੌਰ, ਜਸਵਿੰਦਰ ਸਿੰਘ ਮੰਡੇਰ, ਜਸਮੇਲ ਸਿੰਘ ਕਾਲੇਕੇ, ਨੇਕਦਰਸ਼ਨ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਜਿਹੜੀ ਮੋਦੀ ਹਕੂਮਤ ਲੋਕਾਂ ਦੀ ਹੱਕੀ ਆਵਾਜ ਨੂੰ ਟਿੱਚ ਜਾਣਦਿਆਂ ਲਗਾਤਾਰ ਲੋਕ ਵਿਰੋਧੀ ਫੈਸਲੇ ਕਰਦੀ ਆ ਰਹੀ ਸੀ ਉਸ ਨੂੰ ਹੁਣ ਲੋਕ ਤਾਕਤ ਦਾ ਸ਼ੀਸ਼ਾ ਦਿਖਾਉਣ ਵਾਲੇ ਮੁਬਾਰਕਾਂ ਦੇ ਹੱਕਦਾਰ ਹਨ। ਉਹਨਾਂ ਕਿਹਾ ਕਿ ਨੋਟਬੰਦੀ, ਜੀਐਸਟੀ, ਕਿਰਤ ਕਾਨੂੰਨਾਂ ਵਿੱਚ ਸੋਧਾਂ, ਸਰਕਾਰੀ ਅਦਾਰਿਆਂ (ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਜਹਾਜਰਾਨੀ, ਕੋਇਲਾ ਖਾਣਾਂ, ਬੀਮਾ, ਬੈਂਕਾਂ, ਸਿਹਤ, ਸਿੱਖਿਆ) ਦਾ ਭੋਗ ਪਾਉਣ ਦੇ ਫੈਸਲੇ ਲੈ ਰਹੀ ਸੀ। ਇਸੇ ਕੜੀ ਵਜੋਂ ਹੀ ਤਿੰਨ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ ਲੈਕੇ ਆਂਦਾ ਸੀ।
ਇਸੇ ਹੀ ਤਰਾਂ ਸਥਾਪਤੀ ਵਿਰੋਧੀ ਅਵਾਜ ਨੂੰ ਕੁਚਲਣ ਲਈ ਭੀਮਾ ਕੋਰੇਗਾਉਂ ਤੋਂ ਸ਼ੁਰੂ ਕੀਤਾ ਹਕੂਮਤੀ ਹੱਲਾ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਤਮਈ ਢੰਗ ਨਾਲ ਅੰਦੋਲਨ ਚਲਾਉਣ ਵਾਲਿਆਂ ਦੀ ਅਵਾਜ ਨੂੰ ਸਬਾਉਣ ਕੁਚਲਣ ਦੀ ਮਨਸ਼ਾ ਤਹਿਤ ਦੇਸ਼ ਧ੍ਰੋਹ ਦੇ ਮੁਕੱਦਮਿਆਂ ਰਾਹੀਂ ਜੇਲੀਂ ਡੱਕਣ ਦਾ ਅਮਲ ਸ਼ੁਰੂ ਕੀਤਾ ਹੋਇਆ ਸੀ। ਮੋਦੀ ਹਕੂਮਤ ਦਾ ਭਰਮ ਸੀ ਕਿ ਇਉਂ ਹਕੂਮਤੀ ਅੱਥਰੇ ਰਥ ਨੂੰ ਰੋਕਣ ਵਾਲੇ ਰਾਹ ਦੇ ਰੋੜੇ ਖਤਮ ਕਰ ਦਿੱਤੇ ਜਾਣਗੇ। ਪਰ ‘ ਹਰ ਮਿੱਟੀ ਦੀ ਆਪਣੀ ਖਸਲਤ,ਹਰ ਮਿੱਟੀ ਮਕੁੱਟਿਆਂ ਨੀਂ ਭੁਰਦੀ,ਹਰ ਫੱਟੜ ਮੱਥਾ ਨੀਂ ਝੁਕਦਾ ਤੇ ਬੰਨ ਲਾਇਆਂ ਹਰ ਛੱਲ ਨੀਂ ਰੁਕਦੀ’ ਦੀ ਇਤਿਹਾਸਕ ਸਚਾਈ ਅਨੁਸਾਰ ਕਿਸਾਨ ਘੋਲ ਸ਼ੁਰੂ ਹੋਇਆ। ਜਲਦ ਹੀ ਵਡੇਰੇ ਹੱਲੇ ਨੂੰ ਸਮਝਦਿਆਂ ਕਿਸਾਨ ਘੋਲ ਦਾ ਘੇਰਾ ਵਿਸ਼ਾਲ ਵੀ ਹੋਇਆ ਅਤੇ ਪੜਾਅ ਦਰ ਪੜਾਅ ਅੱਗੇ ਵਧਦਾ ਗਿਆ। ਹੁਣ ਹੁਣ ਦਿੱਲੀ ਦੀਆਂ ਬਰੂਹਾਂ ਉੱਪਰ ਪੱਕਾ ਡੇਰਾ ਜਮਾਕੇ ਬੈਠੇ ਕਿਸਾਨ ਕਾਫਲਿਆਂ ਨੇ ਘੇਰਕੇ ਮੂਹਰੇ ਲਾਈ ਹੋਈ ਹੈ।
ਸੱਤਵੇਂ ਗੇੜ ਦੀ ਗੱਲਬਾਤ ਵਿੱਚ ਬਿਜਲੀ ਸੋਧ ਬਿੱਲ ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਰੱਦ ਕਰਨਾ ਸਾਂਝੇ ਕਿਸਾਨ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ। ਘਰ-ਘਰ ਤੋਂ ਉੱਠੀ ਲੋਕ ਆਵਾਜ ਸਦਕਾ ਹੀ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋਇਆ ਹੈ। ਆਗੂਆਂ ਕਿਹਾ ਕਿ ਸਾਡੇ ਲਈ ਹੱਥ ਉੱਪਰ ਹੱਥ ਧਰਕੇ ਬੈਠਣ ਦਾ ਸਮਾਂ ਨਹੀਂ ਹੈ, ਸਗੋਂ ਖੇਤੀ ਵਿਰੋਧੀ ਕਾਨੂੰਨ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਅਤੇ ਘੱਟੋ-ਘੱਟ ਕੀਮਤ ਉੱਪਰ ਫਸਲਾਂ ਦੀ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਕਰਨੈਲ ਸਿੰਘ ਗਾਂਧੀ ਸਹਿਜੜਾ, ਜਗਰੂਪ ਸਿੰਘ ਛੀਨੀਵਾਲਕਲਾਂ, ਸੁਰਿੰਦਰ ਸਿੰਘ ਸਹਿਜੜਾ, ਕਰਮਜੀਤ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਸਹਿਜੜਾ, ਗੁਰਤੇਜ ਸਿੰਘ ਠੀਕਰੀਵਾਲ, ਚੰਦ ਸਿੰਘ ਠੀਕਰੀਵਾਲ, ਝਰਮਲ ਸਿੰਘ ਠੀਕਰੀਵਾਲ ਸ਼ਾਮਿਲ ਹੋਏ। ਬੁਲਾਰਿਆਂ ਸਭਨਾਂ ਤਬਕਿਆਂ ਨੂੰ ਵੱਡੀ ਗਿਣਤੀ ਵਿੱਚ ਇਸੇ ਤਰਾਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਗਤਾਰਤਾ ਬਣਾਏ ਰੱਖਣ ਦੀ ਜੋਰਦਾਰ ਅਪੀਲ ਕੀਤੀ।