ਅਸ਼ੋਕ ਵਰਮਾ
ਨਵੀਂ ਦਿੱਲੀ,29ਦਸੰਬਰ2020:ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਕੇਸ਼ ਟਿਕੈਤ ਨੇ ਅੱਜ ਮੋਦੀ ਸਰਕਾਰ ਨੂੰ ਲਲਕਾਰ ਮਾਰੀ ਹੇ ਕਿ ਜੇ ਖੇਤੀ ਕਾਨੂੰਨਾਂ ਦੀ ਵਾਪਿਸੀ ਨਹੀਂ ਤਾਂ ਘਰ ਵਾਪਿਸੀ ਵੀ ਨਹੀਂ ਹੋਵੇਗੀ। ਖਚਾਖਚ ਭਰੇ ਪੰਡਾਲ ’ਚ ਬੈਠੇ ਕਿਸਾਨਾਂ ,ਮਜਦੂਰਾਂ,ਔਰਤਾਂ ਅਤੇ ਵੱਖ ਵੱਖ ਵਰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹਨਾਂ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਪੂਰੀ ਤਰਾਂ ਰੱਦ ਕਰਵਾਉਣ ਤੋਂ ਘੱਟ ਕੁੱਝ ਵੀ ਪ੍ਰਵਾਨ ਨਹੀਂ ਕੀਤਾ ਜਾਏਗਾ। ਉਹਨਾਂ ਆਖਿਆ ਕਿ ਪੰਜਾਬ ਤੋਂ ਸ਼ੁਰੂ ਹੋਇਆ ਇਹ ਕਿਸਾਨ ਅੰਦੋਲਨ ਹੁਣ ਪੂਰੇ ਮੁਲਕ ਦੇ ਜਨ ਅੰਦੋਲਨ ‘ਚ ਤਬਦੀਲ ਹੋ ਗਿਆ ਹੈ।
ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨਾਲ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਤਿੰਨੇ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਨ , ਸਾਰੇ ਸੂਬਿਆਂ ‘ਚ ਘੱਟੋ ਘੱਟ ਖਰੀਦ ਮੁੱਲ ‘ਤੇ ਸਰਕਾਰੀ ਖਰੀਦ ਨੂੰ ਸੰਵਿਧਾਨਕ ਦਰਜਾ ਦੇਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਬੁਲਾਈ ਮੀਟਿੰਗ ‘ਚ ਪੰਜਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕਿਸੇ ਸੋਧ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਹਨਾਂ ਐਲਾਨ ਕੀਤਾ ਕਿ ਸੰਘਰਸ਼ ਨੂੰ ਹੋਰ ਤੇਜ ਤੇ ਵਿਸ਼ਾਲ ਕਰਨ ਲਈ ਬੁੱਧਵਾਰ ਨੂੰ ਹਰਿਆਣਾ ਦੇ ਪਿੰਡਾਂ ‘ਚ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਆਉਂਦੇ ਦਿਨਾਂ ਵਿੱਚ ਟਿੱਕਰੀ ਬਾਰਡਰ ਤੋਂ ਲੈਕੇ ਸਾਹਜਪੁਰ ਬਾਰਡਰ ਤੱਕ ਵਿਸ਼ਾਲ ਮਾਰਚ ਕੱਢਣ ਦੀ ਰਣਨੀਤੀ ਵੀ ਘੜੀ ਗਈ ਹੈ।
ਉਹਨਾਂ ਨੌਜਵਾਨਾਂ ਦੇ ਜਜਬੇ ਤੇ ਜਬਤ ਦੀ ਪ੍ਰਸੰਸਾ ਕਰਦਿਆਂ ਉਹਨਾਂ ਨੂੰ ਹੋਰ ਵਧੇਰੇ ਸ਼ਿੱਦਤ ਨਾਲ ਜਿੰਮੇਵਾਰੀਆਂ ਸੰਭਾਲਣ ਲਈ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਮੌਕੇ ਹਰਿਆਣਾ ਤੋਂ ਕਿਸਾਨ ਸਭਾ ਜੀਂਦ ਦੇ ਆਗੂ ਜੋਗੀ ਰਾਮ ਨੇ ਆਖਿਆ ਕਿ ਭਾਜਪਾ ਹਕੂਮਤ ਵਲੋਂ ਐਸ ਵਾਈ ਐਲ ਨਹਿਰ ਦਾ ਮੁੱਦਾ ਉਠਾਕੇ ਇਸ ਘੋਲ ‘ਚ ਫੁੱਟ ਪਾਉਣ ਦੀ ਚਾਲ ਨੂੰ ਕਿਸਾਨ ਕਦੇ ਕਾਮਯਾਬ ਨਹੀਂ ਹੋਣ ਦੇਣਗੇ।
ਬੀਕੇਯੂ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੀ ਆਗੂ ਬਲਜੀਤ ਕੌਰ ਭੱਠਲ ਨੇ ਸੰਬੋਧਨ ਕਰਦਿਆਂ ਇੱਕ ਮਹੀਨੇ ਤੋਂ ਵਧੇਰੇ ਸਮਾਂ ਬੀਤਣ ਅਤੇ ਭਾਰੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਔਰਤਾਂ ਦੇ ਮੋਰਚੇ ‘ਤੇ ਡਟੇ ਰਹਿਣ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਵਾਰੇ ਨਿਆਰੇ ਕਰਨ ਲਈ ਅੰਨਦਾਤੇ ਤੇ ਔਰਤਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਖੇਤੀ ਕਾਨੂੰਨ ਵਾਪਿਸ ਲਵੇ ਨਹੀਂ ਤਾਂ ‘ਮਾਈ ਭਾਗੋ’ ਦੀਆਂ ਵਾਰਿਸਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਕਿਉਂਕਿ ਖੇਤੀ ਸੰਕਟ ਕਾਰਨ ਮਾੜੇ ਦਿਨਾਂ ਦੌਰਾਨ ਨਾਂ ਡੋਲਣ ਵਾਲੀਆਂ ਇਹ ਔਰਤਾਂ ਉਦੋਂ ਨਹੀਂ ਡੋਲੀਆਂ ਤਾਂ ਹੁਣ ਕਾਹਦਾ ਡਰ ਰਹਿ ਗਿਆ ਜੋ ਮੋਦੀ ਸਰਕਾਰ ਅੱਗੇ ਝੁਕ ਜਾਣਗੀਆਂ।
ਓਧਰ ਟਿਕਰੀ ਬਾਰਡਰ ਤੇ ਲੱਗੇ ਇਸ ਮੋਰਚੇ ‘ਚ ਅੱਜ ਪੰਜਾਬ ਤੇ ਹਰਿਆਣਾ ਦੇ 11 ਕਿਸਾਨਾਂ ਵੱਲੋਂ ਭੁੱਖ ਹੜਤਾਲ ਵੀ ਰੱਖੀ ਗਈ। ਇਸ ਮੌਕੇ ਮਨਪ੍ਰੀਤ ਸਿੰਘ ਸਿੰਘੇਵਾਲਾ ਦੀ ਨਿਰਦੇਸ਼ਨਾ ਹੇਠ ਨਾਟਕ ਵੀ ਪੇਸ਼ ਕੀਤੇ ਗਏ। ਅੱਜ ਦੇ ਇਕੱਠ ਨੂੰ ਕਮਲਜੀਤ ਕੌਰ ਨਿਆਲ, ਸੁਖਵਿੰਦਰ ਕੌਰ , ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਹਰਜਿੰਦਰ ਸਿੰਘ ਬੱਗੀ ਤੇ ਬਸੰਤ ਸਿੰਘ ਕੋਠਾਗੁਰੂ ਤੇ ਸੰਦੀਪ ਸਿੰਘ ਘਰਾਚੋਂ ਤੋਂ ਇਲਾਵਾ ਪੀ ਐਸ ਯੂ ਸਹੀਦ ਰੰਧਾਵਾ ਦੀ ਆਗੂ ਕਾਜਲ ਮੂਣਕ, ਆਸ਼ਾ ਵਰਕਰ ਯੂਨੀਅਨ ਦੀ ਆਗੂ ਬਲਵਿੰਦਰ ਕੌਰ, ਠੇਕਾ ਮੁਲਾਜਮ ਮੋਰਚੇ ਦੇ ਆਗੂ ਜਗਰੂਪ ਸਿੰਘ ,ਟੀਚਰ ਐਸੋਸੀਏਸ਼ਨ ਦੇ ਆਗੂ ਕੁਲਵਿੰਦਰ ਸਿੰਘ, ਹੈਡੀਕੈਪਡ ਯੂਨੀਅਨ ਅਜਾਦ ਦੇ ਆਗੂ ਚਮਕੌਰ ਸਿੰਘ ਨੇ ਵੀ ਸੰਬੋਧਨ ਕੀਤਾ।