ਅਸ਼ੋਕ ਵਰਮਾ
ਨਵੀਂ ਦਿੱਲੀ, 7ਜਨਵਰੀ2021:ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ਮੁਤਾਬਕ ਅੱਜ ਟ੍ਰੈਕਟਰਾਂ ਦੇ ਦੋ ਕਾਫਲਾ ਮਾਰਚ ਕੁੰਡਲੀ ਅਤੇ ਸਿੰਘੂ ਬਾਰਡਰਾਂ ਵੱਲ ਕੂਚ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਸੂਬਾਈ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇੱਕ ਕਾਫਲਾ ਜੋਗਿੰਦਰ ਸਿੰਘ ਉਗਰਾਹਾਂ ਤੇ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਚੱਲਿਆ ਜਦੋਂਕਿ ਦੂਸਰੇ ਦੀ ਅਗਵਾਈ ਝੰਡਾ ਸਿੰਘ ਜੇਠੂਕੇ ਅਤੇ ਹਰਿੰਦਰ ਕੌਰ ਬਿੰਦੂ ਨੇ ਕੀਤੀ। ਦੋਵਾਂ ਕਾਫਲਿਆਂ ’ਚ 5-5 ਸੌ ਤੋਂ ਵਧੇਰੇ ਟ੍ਰੈਕਟਰਾਂ ਦੇ ਇਹਨਾਂ ਕਾਫਲਿਆਂ ਨਾਲ ਸੈਂਕੜੇ ਹਰਿਆਣਵੀ ਟਰੈਕਟਰਾਂ ਦੇ ਰਲਣ ਨਾਲ ਕਈ ਕਈ ਕਿਲੋਮੀਟਰ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਘੰਟਿਆਂ ਬੱਧੀ ਟ੍ਰੈਫਿਕ ਜਾਮ ਵੀ ਲੱਗੇ।
ਕਾਰਪੋਰੇਟ ਹਿਤਾਂ ਨੂੰ ਮੁੱਖ ਰੱਖ ਕੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਘੇਸਲ ਵੱਟੀ ਬੈਠੀ ਮੋਦੀ ਹਕੂਮਤ ਲਈ ਇੱਕ ਹੋਰ ਕੜਕਵੀਂ ਵੰਗਾਰ ਬਣ ਗਏ ਇਹ ਟਰੈਕਟਰ ਮਾਰਚ, ਜਿਹੜੇ ਕਿ 26 ਜਨਵਰੀ ਦਾ ਟ੍ਰੇਲਰ ਮਾਤਰ ਹੀ ਸਨ। ਅੱਜ ਵੀ ਪਕੌੜਾ ਚੌਕ ਵਿੱਚ ਹੋਈ ਧਰਨਾਕਾਰੀਆਂ ਦੀ ਵਿਸ਼ਾਲ ਰੈਲੀ ਨੂੰ ਹਰਪ੍ਰੀਤ ਕੌਰ ਜੇਠੂਕੇ,ਰਾਮ ਸਿੰਘ ਭੈਣੀਬਾਘਾ, ਬਸੰਤ ਸਿੰਘ ਕੋਠਾਗੁਰੂ, ਸੁਦਾਗਰ ਸਿੰਘ ਘੁਡਾਣੀ, ਗੁਰਚਰਨ ਸਿੰਘ ਲਹਿਰਾ ਨੇ ਸੰਬੋਧਨ ਕਰਦਿਆਂ ਗਹਿਗੱਡਵੇਂ ਕਿਸਾਨ ਮੋਰਚੇ ਨੂੰ ਅਣਡਿੱਠ ਕਰਕੇ ਦਰਜਨਾਂ ਕਿਸਾਨਾਂ ਦੀਆਂ ਸ਼ਹੀਦੀਆਂ ਲਈ ਜਿੰਮੇਵਾਰ ਮੋਦੀ ਹਕੂਮਤ ਦੀ ਸਖਤ ਨਿਖੇਧੀ ਕਰਦਿਆਂ ਘੋਲ਼ ਨੂੰ ਹੋਰ ਵਿਸ਼ਾਲ ਤੇ ਪ੍ਰਚੰਡ ਕਰਨ ਦਾ ਸੱਦਾ ਦਿੱਤਾ।