ਅਸ਼ੋਕ ਵਰਮਾ
ਨਵੀਂ ਦਿੱਲੀ, 6 ਜਨਵਰੀ 2021:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਟਿੱਕਰੀ ਬਾਰਡਰ 'ਤੇ ਪੈਂਦੇ ਮੀਂਹ 'ਚ 41ਵੇ ਦਿਨ ਜੁੜੇ ਵਿਸ਼ਾਲ ਇਕੱਠ ਨੂੰ ਉੱਘੇ ਸਮਾਜਿਕ ਕਾਰਕੁੰਨ ਹਿਮਾਸੂੰ ਕੁਮਾਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਅਡਾਨੀ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਅੰਨ੍ਹੇ ਮੁਨਾਫਿਆਂ ਦੇ ਗਰੰਟੀ ਲਈ ਕਿਸਾਨਾਂ ਨੂੰ ਉਜਾੜਨ 'ਤੇ ਤੁਲੀ ਹੋਈ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਉਹਨਾਂ ਹੀ ਨੀਤੀਆਂ ਨੂੰ ਖੇਤੀ ਖੇਤਰ ਚ ਲਾਗੂ ਕਰ ਰਹੀ ਹੈ ਜਿਹਨਾਂ ਦੇ ਤਹਿਤ ਆਦਿ ਵਾਸੀ ਖੇਤਰਾਂ 'ਚ ਬਾਕਸਾਈਟ, ਕੋਲੇ ਤੇ ਲੋਹੇ ਵਰਗੀਆਂ ਧਾਤਾਂ ਨੂੰ ਕਾਰਪੋਰੇਟਾ ਨੂੰ ਲੁਟਾਉਣ ਲਈ ਉਥੋਂ ਦੇ ਲੋਕਾਂ ਤੇ ਅੰਨਾ ਜ਼ਬਰ ਢਾਹੁੰਦੀ ਆ ਰਹੀ ਹੈ।
ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਕੱਲ ਨੂੰ ਹਰਿਆਣੇ ਦੇ ਪਿੰਡਾਂ 'ਚ ਟਰੈਕਟਰ ਮਾਰਚ ਕਰਕੇ ਲਾਮਬੰਦੀ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ ਅਤੇ ਦਿਨੋਂ ਦਿਨ ਵਿਸ਼ਾਲ ਹੋ ਰਿਹਾ ਸੰਘਰਸ਼ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰੇਗਾ। ਉਹਨਾਂ ਆਖਿਆ ਕਿ ਜਿਵੇਂ ਸੰਘਰਸ਼ ਦੇ ਮੈਦਾਨ ਚ ਸਰਕਾਰ ਨੂੰ ਭੁਆਂਟਣੀ ਦਿੱਤੀ ਹੈ ਉਸੇ ਤਰ੍ਹਾਂ ਗੱਲਬਾਤ ਦੀ ਮੇਜ਼ ਤੇ ਵੀ ਸਰਕਾਰ ਦੀਆਂ ਚਾਲਾਂ ਨੂੰ ਫੇਲ ਕਰਕੇ ਲੋਕ ਤਾਕਤ ਦੇ ਜੋਰ ਸਦਕਾ ਘੋਲ ਨੂੰ ਜਿੱਤ ਤੱਕ ਲੈ ਕੇ ਜਾਇਆ ਜਾਵੇਗਾ।
ਇਸ ਮੌਕੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਵਿੱਚ ਦਿਰੜ ਸੰਘਰਸ਼ਸ਼ੀਲ ਔਰਤ ਦੇ ਪ੍ਰਤੀਕ ਵਜੋਂ ਉੱਭਰੀ ਅੱਸੀ ਸਾਲਾਂ ਮਾਤਾ ਮਹਿੰਦਰਪਾਲ ਕੌਰ ਪਿੰਡ ਬਹਾਦਰਗੜ੍ਹ ਜੰਡੀਆਂ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਮੌਜੂਦਾ ਸੰਘਰਸ਼ ਦੌਰਾਨ ਉਹਨਾਂ ਨੂੰ ਜਨਤਾ ਵੱਲੋਂ ਜ਼ੋ ਸਤਿਕਾਰ ਤੇ ਸਨਮਾਨ ਹਾਸਲ ਹੋਇਆ ਉਹ ਉਸਦੀ ਜ਼ਿੰਦਗੀ ਦੀ ਵੱਡਮੁੱਲੀ ਪ੍ਰਾਪਤੀ ਹੈ। ਉਹਨਾਂ ਐਲਾਨ ਕੀਤਾ ਕਿ ਲੋਕਾਂ ਤੋਂ ਮਿਲਿਆ ਸਤਿਕਾਰ ਉਹਨਾਂ ਨੂੰ ਆਖ਼ਰੀ ਦਮ ਤੱਕ ਕਿਸਾਨ ਹਿੱਤਾਂ ਲਈ ਜੂਝਣ ਦੀ ਪ੍ਰੇਰਨਾ ਦੇਵੇਗਾ। ਉਹਨਾਂ ਆਖਿਆ ਕਿ ਕੰਗਨਾ ਰਣੌਤ ਵੱਲੋਂ ਉਸ ਬਾਰੇ ਬੋਲੇ ਮੰਦੇ ਬੋਲ ਉਸਦੀ ਤਾਕਤ ਬਣੇ ਹਨ ਅਤੇ ਨੌਜਵਾਨਾਂ ਵੱਲੋਂ ਉਸਨੂੰ ਦਿੱਤੇ ਢੁਕਵੇਂ ਜਵਾਬ ਨੇ ਮੇਰੀ ਹੌਸਲਾ ਅਫ਼ਜ਼ਾਈ ਕੀਤੀ ਹੈ।
ਉਸਨੇ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਹੋਰ ਵੀ ਵਿਸ਼ਾਲ ਗਿਣਤੀ ਚ ਅੱਗੇ ਆਉਣ ਲਈ ਸੱਦਾ ਦਿੱਤਾ। ਇਸ ਮੌਕੇ ਉੱਘੇ ਰੰਗਕਰਮੀ ਡਾਕਟਰ ਸਾਹਿਬ ਸਿੰਘ ਬਹੁਚਰਚਿਤ ਨਾਟਕ ਸੰਮਾਂ ਵਾਲੀ ਡਾਂਗ ਖੇਡਿਆ ਗਿਆ ਜਿਸਨੂੰ ਲੋਕਾਂ ਨੇ ਸਾਹ ਰੋਕ ਕੇ ਸੁਣਿਆ। ਅੱਜ ਦੇ ਇਕੱਠ ਨੂੰ ਸ਼ਿੰਗਾਰਾ ਸਿੰਘ ਮਾਨ, ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਕੌਰ ਬਿੰਦੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਗੀ ਨਾਗਲਾ, ਕਿਸਾਨ ਸੰਘਰਸ਼ ਕਮੇਟੀ ਦੇ ਸੁਖਵੰਤ ਸਿੰਘ ਵਲਟੋਗ, ਪਰਮਜੀਤ ਕੌਰ ਪਿੱਖੋ, ਅਮਰੀਕ ਸਿੰਘ ਗੰਢੂਆ, ਬਸੰਤ ਸਿੰਘ ਕੋਠਾ ਗੁਰੂ, ਜਸਵੰਤ ਸਿੰਘ ਸਦਰਪੁਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।