ਅਸ਼ੋਕ ਵਰਮਾ
ਨਵੀਂ ਦਿੱਲੀ, 5ਜਨਵਰੀ2021: ਕਿਸਾਨਾਂ ਦੇ ਸ਼ਹੀਦ ਹੋਣ, ਕੜਾਕੇ ਦੀ ਠੰਢ ਅਤੇ ਬਾਰਸ਼ ਕਰਨ ਤਰਪਾਲਾਂ ਭਿੱਜਣ ਸਮੇਤ ਕਈ ਤਰਾਂ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਖੇਤੀ ਕਾਨੂੰਨਾਂ ਨੂੰ ਲੈਕੇ ਮੋਦੀ ਸਰਕਾਰ ਖਿਲਾਫ ਦਿੱਲੀ ਮੋਰਚੇ ’ਚ ਡਟੇ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ।ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸ਼ਵਿੰਦਰ ਸਿੰਘ ਚੁਤਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੱਸਿਆਵਾਂ ਦੇ ਬਾਵਜੂਦ ਦਿੱਲੀ ਮੋਰਚੇ ਅੰਦਰ ਡਟੇ ਕਿਸਾਨ ਮਜਦੂਰ ਅਤੇ ਹੋਰ ਵਰਗ ਚੜਦੀ ਕਲਾ ਵਿੱਚ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨਾਲ 4 ਜਨਵਰੀ ਦੀ ਮੀਟਿੰਗ ਬੇਸਿੱਟਾ ਰਹੀ ਹੈ ਜਿਸ ਤੋਂ ਸਪਸ਼ਟ ਹੈ ਕਿ ਕੇਂਦਰ ਸਰਕਾਰ ਦਾ ਰੁੱਖ, ਅੰਦੋਲਨ ਪ੍ਰਤੀ ਸੰਜੀਦਾ ਨਹੀਂ ਹੈ। ਉਹਨਾਂ ਆਖਿਆ ਕਿ ਕੇਂਦਰ ਦੀ ਨੀਤੀ ਤੋਂ ਸਾਫ ਜਾਹਰ ਹੋ ਰਿਹਾ ਹੈ ਕਿ ਅਗਲੀ ਮੀਟਿੰਗ ਵਿੱਚੋਂ ਵੀ ਕੁੱਝ ਨਹੀਂ ਨਿਕਲਣ ਵਾਲਾ ਇਸ ਲਈ ਨਾਂ ਕੇਵਲ ਸੰਘਰਸ਼ ਜਾਰੀ ਰੱਖਣਾ ਬਲਕਿ ਇਸ ਦੀ ਧਾਰ ਤਿੱਖੀ ਕਰਨੀ ਪਵੇਗੀ।
ਆਗੂਆਂ ਨੇ ਪੰਜਾਬ ਦੇ ਸੰਘਰਸੀ ਕਿਸਾਨਾਂ ਮਜਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੰਬੇ ਸੰਘਰਸ਼ ਦੀ ਤਿਆਰੀ ਕਰਨ ਤੇ 26 ਜਨਵਰੀ 2021 ਦੀ ਟਰੈਕਟਰ ਪਰੇਡ ਮਾਰਚ ਦੀ ਤਿਆਰੀ ਲਈ ਮੁਹਿੰਮ ਵਿੱਢ ਦੇਣ। ਸਰਕਾਰ ਦੇ ਹਰੇਕ ਕਿਸਮ ਦੇ ਜਬਰ ਦਾ ਸਾਹਮਣਾ ਸਬਰ ਨਾਲ ਕਰਨ ਦਾ ਸੱਦਾ ਦਿੰਦਿਆਂ ਆਗੂਆਂ ਨੇ ਵੱਡੇ ਪੱਧਰ ਤੇ ਫੰਡ ਇਕੱਠਾ ਕਰਨ ਅਤੇ ਸੰਘਰਸ਼ਸ਼ੀਲ ਲੋਕਾਂ ਦੀ ਤਿਆਰੀ ਜੋਰਾਂ ਨਾਲ ਕਰਵਾਉਣ ਦੀ ਲੋੜ ਤੇ ਜੋਰ ਦਿੱਤਾ। ਸੂਬਾਈ ਆਗੂ ਜਸਵੀਰ ਸਿੰਘ ਪਿੱਦੀ ਤੇ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਮੀਟਿੰਗ ਵਿੱਚ ਕਿਸਾਨਾਂ ਨੂੰ ਤਸੱਲੀਬਖਸ਼ ਜੁਆਬ ਨਾਂ ਦੇ ਸਕਣਾ ਕੇਂਦਰ ਸਰਕਾਰ ਦੀ ਨੈਤਿਕ ਹਾਰ ਦਾ ਪ੍ਰਗਟਾਵਾ ਹੈ ਫਿਰ ਵੀ ਆਪਣੇ ਅੜੀਅਲ ਰਵੱਈਏ ਨੂੰ ਤਿਅਹਾਗ ਨਹੀਂ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਭਾਜਪਾ ਸੂਬੇ ’ਚ ਆਪਣੇ ਵਿਰੋਧ ਨੂੰ ਪੰਜਾਬ ਦਾ ਮਾਹੌਲ ਖਰਾਬ ਹੋਣ ਦੇ ਤੌਰ ’ਤੇ ਉਭਾਰ ਰਹੀ ਹੈ ਜੋਕਿ ਕਿਸਾਨਾਂ ਨੂੰ ਬਦਨਾਮ ਕਰਨ ਦੀ ਚਾਲ ਹੈ ਜਦੋਂ ਕਿ ਸੰਘਰਸ਼ ਪੂਰੀ ਤਰਾਂ ਸ਼ਾਂਤਮਈ ਚੱਲ ਰਿਹਾ ਹੈ।