ਚੰਡੀਗੜ੍ਹ/ਪਟਿਆਲਾ, 28 ਅਕਤੂਬਰ, 2016 : ਪਟਿਆਲਾ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਵੱਲੋਂ ਹਰਤੇਜਬੀਰ ਬੁੱਟਰ ਅਗਵਾਕਾਰੀ ਕੇਸ ਹੱਲ ਕਰਨ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਐਚ. ਸੀ. ਸੁਰਿੰਦਰ ਸਿੰਘ 2805/ਪਟਿਆਲਾ ਨੂੰ ਤਰੱਕੀ ਦੇ ਕੇ ਹੈਡ ਕਾਂਸਟੇਬਲ ਜਦਕਿ ਐਸ ਆਈ ਦਵਿੰਦਰ ਪ੍ਰਕਾਸ਼ ਐਸ ਐਚ ਓ ਪੁਲਿਸ ਥਾਣਾ ਤ੍ਰਿਪੜੀ ਪਟਿਆਲਾ ਨੂੰ ਇੰਸਪੈਕਟਰ ਵਜੋਂ ਤਰੱਕੀ ਦੇਣ ਤੋਂ ਇਲਾਵਾ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ, ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ 16/ਪੀ. ਆਰ., ਇੰਸਪੈਕਟਰ ਸਮਿੰਦਰ ਸਿੰਘ, ਐਸ ਆਈ ਐਲ ਆਰ ਗੁਰਮੇਲ ਸਿੰਘ 1134/ਪਟਿਆਲਾ, ਹੈਡ ਕਾਂਸਟੇਬਲ ਕਰਮਜੀਤ ਸਿੰਘ 3186/ਪਟਿਆਲਾ ਅਤੇ ਹੈਡ ਕਾਂਸਟੇਬਲ ਸੁਖਵਿੰਦਰ ਸਿੰਘ 2244/ਪਟਿਆਲਾ ਨੂੰ ਕਮੈਂਡੇਸ਼ਨ ਡਿਸਕ ਅਤੇ 24 ਹੋਰ ਅਧਿਕਾਰੀਆਂ ਨੂੰ ਉਹਨਾਂ ਦੇ ਯਤਨਾਂ ਬਦਲੇ ਕਮੈਂਡੇਸ਼ਨ ਸਰਟੀਫਿਕੇਟ -1 ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।
ਦੱਸਣਯੋਗ ਹੈ ਕਿ 24.10.16 ਨੂੰ ਛੇ ਸਾਲਾ ਲੜਕੇ ਹਰਤੇਜਬੀਰ ਬੁੱਟਰ ਪੁੱਤਰ ਜਸਪ੍ਰੀਤ ਸਿੰਘ ਬੁੱਟਰ ਨੂੰ ਮਨਜੀਤ ਨਗਰ ਪਟਿਆਲਾ ਤੋਂ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਅਗਵਾ ਕਰ ਲਿਆ ਸੀ। ਫੁਰਤੀ ਨਾਲ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਨੇ ਇਸ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਤੇ ਚਾਰ ਮੁਲਜ਼ਮ ਜਿਹਨਾਂ ਵਿਚ ਸੰਦੀਪ ਸਿੰਘ ਉਰਫ ਸੰਦੀਪ ਪੁੱਤਰ ਬੱਗਾ ਸਿੰਘ, ਰੋਹੀ ਰਾਮ ਉਰਫ ਰੋਹੀ ਪੁੱਤਰ ਬੰਤ ਸਿੰਘ, ਪ੍ਰਕਾਸ਼ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਵਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਸਫੀਪੁਰ ਪੁਲਿਸ ਥਾਣਾ ਦਿੜਬਾ ਨੂੰ ਗ੍ਰਿਫਤਾਰ ਕਰ ਲਿਆ। ਇਸ ਬਾਬਤ ਇਕ ਕੇਸ ਐਫ ਆਈ ਆਰ ਨੰ. 336 ਮਿਤੀ 24.10.16 ਅਧੀਨ ਧਾਰਾ 365, 34 ਆਈ ਪੀ ਸੀ ਪੁਲਿਸ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਕੀਤੀ ਗਈ ਹੈ।