ਅਸ਼ੋਕ ਵਰਮਾ
ਬਠਿੰਡਾ, 26 ਨਵੰਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਦਿੱਲੀ ਜਾਣ ਲਈ ਡੱਬਵਾਲੀ ਲਾਗੇ ਹਰਿਆਣਾ ਦੀ ਹੱਦ ਤੇ ਪੁੱਜੇ ਕਿਸਾਨਾਂ ਨੇ ਹਰਿਆਣਾ ਪੁਲਿਸ ਦੇ ਸਾਹ ਸੁਕਾ ਦਿੱਤੇ ਹਨ। ਭਾਵੇਂ ਕਿਸਾਨਾਂ ਕਿਸਾਨ ਪੁਲਿਸ ਰੋਕਾਂ ਖਿਲਾਫ ਸੜਕ ਜਾਮ ਕਰਕੇ ਸ਼ਾਂਤਮਈ ਢੰਗ ਨਾਲ ਧਰਨਾ ਲਾਈ ਬੈਠੇ ਹਨ ਪਰ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਦੇ ਵਿਰੋਧ ਦੀਆਂ ਖਬਰਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਫਿਕਰਾਂ ’ਚ ਪਾ ਰੱਖਿਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨਫਰੀ ਦੀਆਂ ਤਿੰਨ ਕੰਪਨੀਆਂ ਮੌਕੇ ਤੇ ਤਾਇਨਾਤ ਕੀਤੀਆਂ ਹੋਈਆਂ ਹਨ। ਜੇ.ਸੀ.ਬੀ ਮਸ਼ੀਨ ਨਾਲ ਨੈਸ਼ਨਲ ਹਾਈਵੇ ਤੇ ਵੱਡੇ-ਵੱਡੇ ਪੱਥਰ ਰੱਖਣ ਤੋਂ ਇਲਾਵਾ ਬੈਰੀਕੇਡ ਨੂੰ ਸੰਗਲਾ ਨਾਲ ਬੰਨ ਕੇ ਸੜਕ ਪੂਰੀ ਤਰਾਂ ਬੰਦ ਕੀਤੀ ਹੋਈ ਹੈ।
ਕਿਸੇ ਟਕਰਾਅ ਦੀ ਸਥਿਤੀ ਨਾਲ ਨਿਪਟਣ ਲਈ ਦੰਗਾ ਰੋਕੂ ਵਾਹਨ ਅਤੇ ਜਲ ਤੋਪਾਂ ਵੀ ਸੱਦੀਆਂ ਹੋਈਆਂ ਹਨ। ਨਾਕੇ ਤੇ ਤਾਇਨਾਤ ਪੁਲਿਸ ਅਧਿਕਾਰੀ ਇਸ ਮੁੱਦੇ ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਇਸ ਤੋਂ ਪਹਿਲਾਂ ਕਿਸਾਨ ਬਠਿੰਡਾ ’ਚ ਇਕੱਤਰ ਹੋਏ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਦੌਰਾਨ ਡੱਬਵਾਲੀ ਤਰਫ ਨੂੰ ਚਾਲੇ ਪਾ ਦਿੱਤੇ। ਇਸ ਮੌਕੇ ਹਰਿਆਣਾ ਦੀਆਂ ਖੁਫੀਆ ਏਜੰਸੀਆਂ ਬਠਿੰਡਾ ’ਚ ਸਥਿਤੀ ਤੇ ਨਜ਼ਰ ਰੱਖ ਰਹੀਆਂ ਸਨ ਜਿਹਨਾਂ ਵੱਲੋਂ ਪਲ ਪਲ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਸੀ। ਕਾਲੇ ਖ਼ੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇਕ ਕਰੋੜ ਰੁਪਏ ਜ਼ੁਰਮਾਨੇ ਵਾਲੇ ਆਰਡੀਨੈਸ ਨੂੰ ਰੱਦ ਕਰਵਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਦਿੱਲੀ ਮੋਰਚਾ ਲਗਾਉਣ ਜਾ ਰਹੇ ਕਿਸਾਨਾਂ ’ਚ ਵੱਡਾ ਜੋਸ਼ ਦੇਖਣ ਨੂੰ ਮਿਲਿਆ।
ਰੋਸ ਮਾਰਚ ਕਰਦਿਆਂ ਕਿਸਾਨਾਂ, ਔਰਤਾਂ,ਬਜੁਰਗਾਂ ਅਤੇ ਨੌਜਵਾਨਾਂ ਨੇ ਸਰਹੱਦ ਤੇ ਪੁੱਜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਪੁਲਸ ਨੇ ਰੋਕ ਦਿੱਤਾ । ਰੋਹ ’ਚ ਆਏ ਕਿਸਾਨਾਂ ਵੱਲੋਂ ਹਰਿਆਣਾ ਬਾਰਡਰ ਦੇ ਨਾਲ ਪੰਜਾਬ ਵਾਲੇ ਪਾਸੇ ਨੈਸ਼ਨਲ ਹਾਈਵੇ ਤੇ ਹੀ ਧਰਨਾ ਲਗਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਵੱਡੀ ਗੱਲ ਹੈ ਕਿ ਪਿੰਡਾਂ ਚੋਂ ਕਿਸਾਨਾਂ ਦੇ ਜੱਥੇ ਲਗਾਤਾਰ ਪੁੱਜ ਰਹੇ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਆਗੂ ਝੰਡਾ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਵਿਰੁੱਧ ਸ਼ਾਂਤਮਈ ਅੰਦੋਲਨ ਕਰ ਰਹੇ ਹਨ ਅਤੇ ਹੁਣ ਵੀ ਸ਼ਾਂਤੀਪੂਰਵਕ ਢੰਗ ਨਾਲ ਦਿੱਲੀ ਜਾਣਾ ਸੀ। ਹਰਿਆਣਾ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੇ ਬਾਰਡਰ ਸ਼ੀਲ ਕਰਨ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਬਾਰਡਰ ਸ਼ੀਲ ਕਰਨ ਦੀ ਸੂਰਤ ’ਚ ਮਜਬੂਰੀ ਵੱਸ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ।
ਉਹਨਾਂ ਦੱਸਿਆ ਕਿ ਦਿੱਲੀ ਉਹ ਚੋਰ ਮੋਰੀ ਰਾਹੀਂ ਵੀ ਜਾ ਸਕਦੇ ਸਨ ਪ੍ਰੰਤੂ ਇਹ ਮਸਲਾ ਹੱਲ ਨਹੀਂ ਹੋਣਾ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੇਕਰ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤਾਂ ਇਸ ਨਾਲ ਪੰਜਾਬ ਦੀ ਖ਼ੇਤੀ ਉਜੜ ਜਾਵੇਗੀ, ਇਹ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਰੰਟ ਹਨ। ਉਹਨਾਂ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਿਸ ਨਹੀਂ ਲੈਂਦੀ ਸੰਘਰਸ਼ ਜਾਰੀ ਰੱਖਿਆ ਜਾਏਗਾ। ਇਸ ਮੌਕੇ ਸੂਬਾ ਆਗੂ ਹਰਿੰਦਰ ਬਿੰਦੂ, ਜ਼ਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੰਬਾ, ਬਲਾਕ ਆਗੂ ਕੁਲਵੰਤ ਰਾਏ ਸ਼ਰਮਾ, ਰਾਮ ਸਿੰਘ ਕੋਟਗੁਰੂ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ। ਆਖਰੀ ਖਬਰਾਂ ਲਿਖੇ ਜਾਣ ਤੱਕ ਕਿਸਾਨ ਡਟੇ ਹੋਏ ਸਨ ਅਤੇ ਖਰਾਬ ਮੌਸਮ ਦੇ ਪ੍ਰਬੰਧਾਂ ਦੇ ਨਾਲ ਨਾਲ ਲੰਗਰ ਵਗੈਰਾ ਤਿਆਰ ਕੀਤਾ ਜਾ ਰਿਹਾ ਸੀ।