ਚੰਡੀਗੜ੍ਹ, 21 ਅਕਤੂਬਰ, 2016 : ਪੰਜਾਬ ਦੀਆਂ ਤਿੰਨ ਖੱਬੀਆਂ ਪਾਰਟੀਆਂ ਸੀਪੀਆਈ (ਐਮ), ਰੈਵੋਲਿਊਸ਼ਨਰੀ ਮਾਰਕਸਵਾਦੀ ਪਾਰਟੀ ਆਫ ਇੰਡੀਆ (ਆਰਐਮਪੀਆਈ), ਸੀਪੀਆਈ (ਐਮਐਲ) ਲਿਬਰੇਸ਼ਨ ਨੇ ਇਕ ਪ੍ਰੈਸ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਦੀਆਂ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਪੈਰੋਕਾਰ ਅਕਾਲੀ ਦਲਭਾਜਪਾ ਗਠਜੋੜ, ਕਾਂਗਰਸ ਤੇ 'ਆਪ' ਅਤੇ ਆਰਐਸਐਸ ਤੇ ਸੰਘ ਪਰਿਵਾਰ ਵੱਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਤੇ ਧਾਰਮਿਕ ਕੱਟੜਤਾ ਵਿਰੁੱਧ ਇਕ ਖੱਬਾ ਤੇ ਜਮਹੂਰੀ ਰਾਜਨੀਤਕ ਮੁਤਬਾਦਲ ਉਸਾਰਨ ਲਈ ਪੂਰਾ ਤਾਣ ਲਾਉਣਗੀਆਂ। ਸੰਘ ਪਰਿਵਾਰ ਵੱਲੋਂ ਦੇਸ਼ ਭਰ ਵਿਚ ਫਾਸ਼ੀ ਤੇ ਫਿਰਕੂ ਜ਼ਹਿਰ ਫੈਲਾਅ ਕੇ ਦੇਸ਼ ਦੇ ਧਰਮ ਨਿਰਪੱਖ ਤਾਣੇਬਾਣੇ ਨੂੰ ਤੋੜਨ ਦੀਆਂ ਸਾਜਿਸ਼ਾਂ ਦਾ ਮੁਕਾਬਲਾ ਕਰਨ ਦੇ ਨਾਲਨਾਲ ਨਵਉਦਾਰਵਾਦੀ ਨੀਤੀਆਂ ਦੀਆਂ ਹਮਾਇਤੀ ਰਾਜਨੀਤਕ ਪਾਰਟੀਆਂ ਵਿਰੁੱਧ ਜਨਤਕ ਰੋਹ ਉਭਾਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ, ਜੋ ਸਿਰਫ਼ ਤੇ ਸਿਰਫ਼ ਖੱਬੀਆਂ ਤੇ ਮਜਹੂਰੀ ਧਿਰਾਂ ਹੀ ਕਰ ਸਕਦੀਆਂ ਹਨ।
ਸਾਥੀ ਚਰਨ ਸਿੰਘ ਵਿਰਦੀ, ਸਕੱਤਰ ਸੀਪੀਆਈ (ਐਮ) ਪੰਜਾਬ ਰਾਜ ਕਮੇਟੀ, ਸਾਥੀ ਮੰਗਤ ਰਾਮ ਪਾਸਲਾ, ਜਨਰਲ ਸਕੱਤਰ ਆਰਐਮਪੀਆਈ ਅਤੇ ਸਾਥੀ ਗੁਰਮੀਤ ਸਿੰਘ ਬਖਤਪੁਰਾ, ਸਕੱਤਰ ਸੀਪੀਆਈ (ਐਮਐਲ) ਲਿਬਰੇਸ਼ਨ, ਪੰਜਾਬ ਰਾਜ ਕਮੇਟੀ ਨੇ ਕਿਹਾ ਹੈ ਕਿ ਅਕਾਲੀ ਦਲਭਾਜਪਾ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਸਮਾਜ ਦੇ ਸਾਰੇ ਕਿਰਤੀ ਵਰਗ, ਮਜ਼ਦੂਰਾਂ, ਖੇਤ ਮਜ਼ਦੂਰ, ਕਿਸਾਨ, ਦਲਿਤ, ਨੌਜਵਾਨ, ਦੁਕਾਨਦਾਰ ਇਸ ਸਰਕਾਰ ਨੇ ਕੁੱਟੇ ਤੇ ਲੁੱਟੇ ਹਨ ਅਤੇ ਭ੍ਰਿਸ਼ਟਾਚਾਰ ਰਾਹੀਂ ਅਰਬਾਂਖਰਬਾਂ ਰੁਪਏ ਕਮਾਏ ਹਨ, ਉਸ ਕਾਰਨ ਇਸ ਗਠਜੋੜ ਦਾ ਚੋਣਾਂ ਅੰਦਰ ਭੋਗ ਪੈਣਾ ਤੈਅ ਹੈ। ਨਾਲ ਹੀ ਨਵਉਦਾਰਵਾਦੀ ਨੀਤੀਆਂ ਦੀ ਅਨੁਆਈ ਤੇ ਕੁਰੱਪਟ ਕਾਂਗਰਸ ਪਾਰਟੀ ਵੱਲੋਂ ਚੋਣਾਂ ਜਿੱਤਣ ਲਈ ਜਿਸ ਤਰ੍ਹਾਂ ਕਿਸਾਨ ਯਾਤਰਾ ਵਰਗੇ ਪਾਖੰਡ ਕੀਤੇ ਜਾ ਰਹੇ ਹਨ, ਉਸ ਬਾਰੇ ਇਹ ਤੱਥ ਯਾਦ ਰੱਖਣਾ ਚਾਹੀਦਾ ਹੈ ਕਿ ਇਸੇ ਕਾਂਗਰਸ ਦੇ ਰਾਜ ਵਿਚ ਕਿਸਾਨਾਂ ਦੇ ਬਿਜਲੀ ਬਿੱਲ ਲਗਾਏ ਗਏ ਸਨ ਤੇ ਨੌਕਰੀਆਂ ਮੰਗਦੇ ਪੜ੍ਹੇਲਿਖੇ ਨੌਜਵਾਨ ਲੜਕੇ ਤੇ ਲੜਕੀਆਂ ਉਪਰ ਸੜਕਾਂ 'ਤੇ ਪੁਲਿਸ ਲਾਠੀਆਂ ਵਰ੍ਹਾਉਣ ਦੀਆਂ ਘਟਨਾਵਾਂ ਅਜੇ ਵੀ ਲੋਕਾਂ ਦੀ ਯਾਦਾਸ਼ਤ ਵਿਚ ਮੌਜੂਦ ਹਨ। ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਨਵਉਦਾਰਵਾਦੀ ਨੀਤੀਆਂ ਨੂੰ ਸ਼ੁਰੂ ਕਰਨ ਅਤੇ ਪੂਰੀ ਤਾਕਤ ਨਾਲ ਲਾਗੂ ਕਰਨ ਵਾਲੀ ਇਹੋ ਕਾਂਗਰਸ ਪਾਰਟੀ ਹੈ। 'ਆਪ' ਪੂਰੀ ਤਰ੍ਹਾਂ ਨਵ ਉਦਾਰਵਾਦੀ ਨੀਤੀਆਂ ਦੀ ਮੁਦੱਈ ਹੈ ਤੇ ਪੰਜਾਬ ਵਿਚਾਲੇ ਇਸ ਦੁਆਰਾ ਖੜ੍ਹੇ ਕੀਤੇ ਜਾ ਰਹੇ ਬਹੁਤੇ ਉਮੀਦਵਾਰ ਆਮ ਆਦਮੀ ਤੋਂ ਭਿੰਨ 'ਖਾਸ' ਜ਼ਿਆਦਾ ਹਨ।
ਯਾਦ ਰਹੇ ਕਿ ਪ੍ਰਾਂਤ ਦੀਆਂ 4 ਖੱਬੀਆਂ ਪਾਰਟੀਆਂ ਵੱਲੋਂ ਪਿਛਲੇ ਸਮੇਂ ਤੋਂ ਦਲਿਤਾਂ ਉਪਰ ਹੋ ਰਹੇ ਜਬਰ, ਕਰਜ਼ੇ ਦੇ ਭਾਰ ਕਾਰਨ ਕਿਸਾਨਾਂਮਜ਼ਦੂਰਾਂ ਦੀਆਂ ਹੋ ਰਹੀਆਂ ਆਤਮ ਹੱਤਿਆਵਾਂ, ਨੌਜਵਾਨਾਂ ਨੂੰ ਰੁਜ਼ਗਾਰ, ਬੇਘਰੇ ਲੋਕਾਂ ਨੂੰ ਰਹਿਣ ਲਈ ਮਕਾਨ ਤੇ ਮਹਿੰਗਾਈ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਵਰਗੇ ਮਸਲਿਆਂ ਉਪਰ ਜਨਤਕ ਲਾਮਬੰਦੀ ਕੀਤੀ ਜਾ ਰਹੀ ਸੀ, ਉਸੇ ਚੌਖਟੇ ਵਿਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅੰਦਰ ਸਮਰਾਏਦਾਰਜਗੀਰਦਾਰ ਪਾਰਟੀਆਂ ਵਿਰੁੱਧ ਲਕੀਰ ਖਿਚ ਖੱਬਾ ਤੇ ਜਮਹੂਰੀ ਮੁਤਬਾਦਲ ਉਸਾਰਨ ਲਈ ਪੂਰੀ ਵਾਹ ਲਾਉਣਗੀਆਂ।
ਇਨ੍ਹਾਂ ਤਿੰਨਾਂ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਿਵੇਂ ਅਖਬਾਰਾਂ ਵਿਚ ਕਾਂਗਰਸ ਤੇ ਸੀਪੀਆਈ ਦੇ ਗਠਜੋੜ ਦੀਆਂ ਖਬਰਾਂ ਆ ਰਹੀਆਂ ਹਨ। ਇਹ ਅਤਿਅੰਤ ਮੰਦਭਾਗੀ ਗੱਲ ਹੈ ਕਿ ਸੀਪੀਆਈ ਖੱਬੀ ਏਕਤਾ ਨੂੰ ਦਗਾ ਦੇ ਰਹੀ ਹੈ। ਸਾਡਾ ਇਸ ਤਰ੍ਹਾਂ ਦੀ ਮੌਕਾਪ੍ਰਸਤ ਰਾਜਨੀਤੀ ਨਾਲ ਕੋਈ ਲੈਣਾਦੇਣਾ ਨਹੀਂ ਹੈ ਅਤੇ ਅਸੀਂ ਅਸੂਲੀ ਰਾਜਨੀਤੀ ਦੇ ਤਹਿਤ ਅਕਾਲੀ ਦਲਭਾਜਪਾ ਗਠਜੋੜ, ਕਾਂਗਰਸ ਤੇ ਆਪ ਦੇ ਵਿਰੋਧ ਵਿਚ ਪੂਰੀ ਤਾਕਤ ਨਾਲ ਚੋਣਾਂ ਵਿਚ ਭਾਗ ਲਵਾਂਗੇ ਤਾਂ ਕਿ ਪੰਜਾਬ ਦੀ ਵਿਧਾਨ ਸਭਾ ਵਿਚ ਲੋਕ ਪੱਖੀ ਰਾਜਨੀਤੀ ਦੇ ਬੁਲਾਰੇ ਵੱਧ ਤੋਂ ਵੱਧ ਗਿਣਤੀ ਵਿਚ ਭੇਜੇ ਜਾ ਸਕਣ।
ਅਸੀਂ ਪੰਜਾਬ ਦੀਆਂ ਸਮੂਹ ਖੱਬੀਆਂ ਤੇ ਜਮਹੂਰੀ ਧਿਰਾਂ 'ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਜਿਹੜੇ ਕਿ ਖੱਬੇ ਪੱਖੀਆਂ ਦੀ ਅਸੂਲੀ ਏਕਤਾ ਨੂੰ ਚੋਣਾਂ ਵਿਚ ਹਕੀਕਤ ਦੇ ਰੂਪ ਵਿਚ ਦੇਖਣਾ ਚਾਹੁੰਦੇ ਹਨ ਕਿ ਉਹ ਅਕਾਲੀ ਦਲਭਾਜਪਾ ਗਠਜੋੜ, ਕਾਂਗਰਸ ਤੇ ਆਪ ਵਰਗੀਆਂ ਲੋਕ ਵਿਰੋਧੀ ਧਿਰਾਂ ਨਾਲ ਸਿੱਧਾ ਜਾਂ ਅਸਿੱਧਾ ਗਠਜੋੜ ਕਰਨ ਵਾਲੇ ਮੌਕਾਪ੍ਰਸਤ ਦਲਾਂ ਨੂੰ ਇਸ ਆਤਮਘਾਤੀ ਰਾਹ ਤੋਂ ਰੋਕਣ ਵਿਚ ਆਪਣੀ ਭੂਮਿਕਾ ਅਦਾ ਕਰਨ।
ਅਸੀਂ ਪੰਜਾਬ ਅੰਦਰ ਖੱਬੀਆਂ ਤੇ ਜਮਹੂਰੀ ਧਿਰਾਂ ਦੀ ਚੋਣਾਂ ਅੰਦਰ ਏਕਤਾ ਰਾਹੀਂ ਇਕ ਯੋਗ ਲੋਕ ਪੱਖੀ ਮੁਤਬਾਦਲ ਉਸਾਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਾਂਗੇ। ਤਿੰਨਾਂ ਆਗੂਆਂ ਨੇ ਕਿਹਾ ਕਿ ਛੇਤੀ ਹੀ ਖੱਬੇ ਪੱਖੀ ਦਲਾਂ ਦੇ ਸਾਂਝੇ ਉਮੀਦਵਾਰਾਂ ਬਾਰੇ ਸਹਿਮਤੀ ਕਰਨ ਲਈ ਮੀਟਿੰਗ ਕੀਤੀ ਜਾਵੇਗੀ।