ਅਸ਼ੋਕ ਵਰਮਾ
ਬਠਿੰਡਾ, 1 ਦਸੰਬਰ 2020 - ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰਨ ਵਾਲੀਆਂ ਕਿਸਾਨ ਜੱਥੇਬੰਦੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੀ ਮੋਹਰੀ ਸਫਾਂ ’ਚ ਸ਼ਾਮਲ ਹੈ। ਖੇਤੀ ਆਰਡੀਨੈਂਸ਼ ਜਾਰੀ ਹੋਣ ਤੋਂ ਬਾਅਦ ਮੈਦਾਨ ’ਚ ਡਟੀ ਇਸ ਕਿਸਾਨ ਜੱਥੇਬੰਦੀ ਨੇ ਪਿਛਲੇ 13 ਸਾਲਾਂ ਦੌਰਾਨ ਸੰਘਰਸ਼ ਦੇ ਕਈ ਪੜਾਅ ਤੈਅ ਕੀਤੇ ਹਨ। ਹੁਣ ਵੀ ਇਸ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਉਪਰੰਤ ਹੀ ਸਾਹ ਲਿਆ ਜਾਏਗਾ। ਦਰਅਸਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਅਲੱਗ ਹੋਕੇ ਕੁਝ ਕਿਸਾਨ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਬਣਾਈ ਸੀ ਜਿਸ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਬਣਾਏ ਗਏ ਸਨ। ਜੱਥੇਬੰਦੀ ਆਪਣੇ ਸਫਰ ਤੇ ਅੱਗੇ ਵਧ ਹੀ ਰਹੀ ਸੀ ਕਿ ਇੱਕ ਸੜਕ ਹਾਦਸੇ ’ਚ ਕਿਸਾਨ ਆਗੂ ਬਲਕਾਰ ਸਿੰਘ ਦੀ ਮੌਤ ਹੋ ਗਈ। ਸ਼ਰਧਾਂਜਲੀ ਤੇ ਕਿਸਾਨ ਆਗੂ ਦੀ ਯਾਦ ਨੂੰ ਚਿਰ ਸਦੀਵੀ ਰੱਖਣ ਲਈ ਜੱਥੇਬੰਦੀ ਦਾ ਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਰੱਖ ਦਿੱਤਾ ਗਿਆ।
ਇਸ ਵੇਲੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਹਨ ਜਿਹਨਾਂ ਦਾ ਸਬੰਧ ਬਠਿੰਡਾ ਜਿਲ੍ਹੇ ਨਾਲ ਹੈ। ਕਿਸਾਨ ਜੱਥੇਬੰਦੀ ਦੀ ਉਮਰ ਬੇਸ਼ੱਕ ਬਹੁਤੀ ਵੱਡੀ ਨਹੀਂ ਲੀਡਰਸ਼ਿੱਪ ਦਾ ਸਬੰਧ ਛੋਟੀ ਕਿਸਾਨੀ ਨਾਲ ਹੋਣ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਤਜ਼ਰਬਾ ਵੱਡਾ ਹੈ। ਕਿਸਾਨਾਂ ਦੇ ਹੱਕਾਂ ਖਾਤਰ ਅਵਾਜ਼ ਉਠਾਉਣ ਦੇ ਇਵਜ਼ ’ਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਤੇ ਚਾਰ ਦਰਜਨ ਤੋਂ ਵੱਧ ਪੁਲਿਸ ਕੇਸ ਦਰਜ ਕੀਤੇ ਜਾ ਚੁੱਕੇ ਹਨ। ਉਸ ਨੂੰ ਕਈ ਵਾਰ ਪੁਲਿਸ ਤਸ਼ੱਦਦ ਅਤੇ ਜੇਹਲ ਦਾ ਮੂੰਹ ਵੀ ਵੇਖਣਾ ਪਿਆ ਹੈ। ਇਸੇ ਤਰਾਂ ਹੀ ਜੱਥੇਬੰਦੀ ਦੇ ਇੱਕ ਹੋਰ ਆਗੂ ਮਨਜੀਤ ਸਿੰਘ ਧਨੇਰ ਨੂੰ ਤਾਂ ਲੋਕ ਹੱਕ ਦੀ ਅਵਾਜ ਚੁੱਕਣ, ਔਰਤਾਂ ਖਿਲਾਫ ਕੀਤੇ ਜਾਂਦੇ ਜੁਲਮ ਅਤੇ ਕਿਰਨਜੀਤ ਕਤਲ ਕਾਂਡ ’ਚ ਨਿਆਂ ਦੀ ਲੜਾਈ ਲੜਦਿਆਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਜਿਸ ਨੂੰ ਖਾਰਜ ਕਰਵਾਉਣ ਲਈ ਕਿਸਾਨ,ਮਜਦੂਰ ਅਤੇ ਹੋਰ ਜਨਤਕ ਜੱਥੇਬੰਦੀਆਂ ਨੂੰ ਮੋਰਚਾ ਲਾਉਣਾ ਪਿਆ ਸੀ।
ਇਸੇ ਤਰ੍ਹਾਂ ਹੀ ਜੱਥੇਬੰਦੀ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਵੀ ਹਨ ਜਦੋਂਕਿ ਪਿੰਡ ਪੱਧਰ ਦੀਆਂ ਇਕਾਈਆਂ ਤੱਕ ਇਸ ਕਿਸਾਨ ਯੂਨੀਅਨ ਦਾ ਜੱਥੇਬੰਦਕ ਢਾਂਚਾ ਕਾਫੀ ਵੱਡਾ ਹੈ ਜਿਸ ’ਚ ਹਰ ਆਗੂ ਬਣਦਾ ਯੋਗਦਾਨ ਪਾ ਰਿਹਾ ਹੈ। ਇਸੇ ਢਾਂਚੇ ਦੇ ਜੋਰ ਤੇ ਹੀ ਹੁਣ ਇਹ ਕਿਸਾਨ ਧਿਰ ਮੋਦੀ ਸਰਕਾਰ ਖਿਲਾਫ ਸੜਕਾਂ ਤੇ ਬੈਠੀ ਹੋਈ ਹੈ। ਜਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਤਿੰਨ ਹੋਰ ਆਗੂਆਂ ਨੂੰ ਧਾਰਾ 307 ਤਹਿਤ ਤਿੰਨ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ। ਇਸੇ ਯੂਨੀਅਨ ਦੇ ਕਿਸਾਨ ਆਗੂ ਪਿ੍ਰਥੀਪਾਲ ਸਿੰਘ ਚੱਕ ਅਲੀਸ਼ੇਰ ਇੱਕ ਗਰੀਬ ਕਿਸਾਨ ਦੀ ਜ਼ਮੀਨ ਨੂੰ ਕੁਰਕੀ ਤੋਂ ਬਚਾਉਣ ਲਈ ਪਿੰਡ ਬੀਰੋਕੇ ਖੁਰਦ(ਮਾਨਸਾ) ’ਚ ਆੜ੍ਹਤੀਆਂ ਦੇ ਬੰਦਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜੱਥੇਬੰਦੀ ਉਸ ਨੂੰ ਕਿਸਾਨ ਘੋਲ ਦਾ ਪਹਿਲਾ ਸ਼ਹੀਦ ਮੰਨਦੀ ਹੈ। ਇਸੇ ਤਰਾਂ ਹੀ ਜੱਥੇਬੰਦੀ ਦੇ ਸਾਧੂ ਸਿੰਘ ਗਹਿਲ ਅਤੇ ਕਾਹਨ ਸਿੰਘ ਧਨੇਰ ਵੀ ਕਿਸਾਨੀ ਲਈ ਜਾਨਾਂ ਵਾਰ ਗਏ ਹਨ।
ਚੋਣਾਂ ਤੋਂ ਦੂਰ ਰਹਿੰਦੀ ਜੱਥੇਬੰਦੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਵਿਚਾਰਧਾਰਾ ਚੋਣਾਂ ਨਾਲ ਮੇਲ ਨਹੀਂ ਖਾਂਦੀ ਹੈ। ਇਸੇ ਕਾਰਨ ਹੀ ਇਸ ਜੱਥੇਬੰਦੀ ਨਾਲ ਜੁੜੇ ਆਗੂ ਹਰ ਕਿਸਮ ਦੀਆਂ ਚੋਣਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਕਿਸਾਨ ਆਗੂਆਂ ਦਾ ਪ੍ਰਤੀਕਰਮ ਹੈ ਕਿ ਚੋਣਾਂ ਇੱਕ ਧੋਖੇ ਭਰੀ ਖੇਡ੍ਹ ਹੈ ਅਤੇ ਕੁੱਝ ਘਰਾਣਿਆਂ ਨੇ ਰਾਜ ਭਾਗ ਤੇ ਕਬਜਾ ਕੀਤਾ ਹੋਇਆ ਹੈ। ਇਸੇ ਕਾਰਨ ਹੀ ਚੋਣਾਂ ਕਿਸਾਨਾਂ ,ਮਜਦੂਰਾਂ ਅਤੇ ਆਮ ਆਦਮੀ ਦਾ ਕੁੱਝ ਨਹੀਂ ਸਵਾਰ ਸਕਦੀਆਂ ਹਨ।
ਲਾਹੇਵੰਦ ਕੀਮਤਾਂ ਤੈਅ ਕਰਨ ਦੀ ਹਾਮੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਸਰਕਾਰ ਦੇ ਵਾਅਦੇ ਅਨੁਸਾਰ ਕਿਸਾਨਾਂ ਸਿਰ ਚੜ੍ਹੇ ਕਰਜੇ ਤੇ ਲਕੀਰ ਮਾਰਨ ਦੀ ਮੰਗ ਕਰ ਰਹੀ ਹੈ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨਾ ਅਤੇ 60 ਸਾਲ ਦੀ ਉਮਰ ਤੋਂ ਬਾਅਦ ਦੇ ਕਿਸਾਨ ਪਤੀ-ਪਤਨੀ ਨੂੰ ਚੌਥਾ ਦਰਜਾ ਕਰਮਚਾਰੀ ਦੇ ਬਰਾਬਰ ਦੀ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਵੱਲੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਹੇਵੰਦ ਭਾਅ ਦੇਣ ਦੀ ਵਕਾਲਤ ਕੀਤੀ ਜਾਂਦੀ ਹੈ। ਕਿਸਾਨ ਆਗੂ ਦਾ ਮੰਨਣਾ ਹੈ ਕਿ ਜੇਕਰ ਜਿਨਸਾਂ ਦੀਆਂ ਕੀਮਤਾਂ ਲਾਹੇਵੰਦ ਤੈਅ ਕੀਤੀਆਂ ਜਾਣ ਤਾਂ ਸਥਿਤੀ ਕਾਫੀ ਹੱਦ ਤੱਕ ਸੁਧਰ ਸਕਦੀ ਹੈ। ਉਹਨਾਂ ਆਖਿਆ ਕਿ ਸਰਕਾਰਾਂ ਮਸਲੇ ਹੱਲ ਕਰਨ ਤਾਂ ਕਿਸੇ ਨੂੰ ਵੀ ਸੜਕਾਂ ਤੇ ਧੱਕੇ ਖਾਣ ਦਾ ਸ਼ੌਕ ਨਹੀਂ ਹੈ।
ਕਿਸਾਨਾਂ ਦੀ ਨਹੀਂ ਸੁਣੀ ਮਨ ਕੀ ਬਾਤ
ਕਿਸਾਨ ਜੱਥੇਬੰਦੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਤਾਂ ਕਰਦੇ ਹਨ ਪਰ ਕਿਸਾਨਾਂ ਦੇ ‘ਮਨਾਂ ਦੀ ਬਾਤ’ ਕਦੇ ਨਹੀਂ ਜਾਣੀ ਹੈ। ਕਿਸਾਨਾਂ ਦੀ ਬਾਂਹ ਨਾ ਫੜਨ ਕਰਕੇ ਸਰਕਾਰਾਂ ਨੇ ਅੰਨਦਾਤਾ ਭਿਖਾਰੀ ਬਣਾ ਦਿੱਤਾ ਹੈ। ਕਿਸਾਨ ਆਗੂ ਆਖਦੇ ਹਨ ਕਿ ਜੇਕਰ ਸਰਕਾਰ ਨੇ ਤਰਕ ਦਾ ਪੱਲਾ ਫੜਿਆ ਹੁੰਦਾ ਤਾਂ ਅੱਜ ਇਹ ਹਾਲਾਤ ਨਹੀਂ ਬਣਨੇ ਸਨ। ਹੁਣ ਤਾਂ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਖਾਤਰ ਕਿਸਾਨਾਂ ਦੀਆਂ ਪੈਲੀਆਂ ਹੀ ਖੋਹਣ ਤੁਰ ਪਈ ਹੈ। ਜੱਥੇਬੰਦੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ ਹੈ।