← ਪਿਛੇ ਪਰਤੋ
ਚੰਡੀਗੜ, 17 ਅਕਤੂਬਰ, 2016 : ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਲਗਾਤਾਰ ਹੋ ਰਹੀ ਹੈ। ਫਾਜਿਲਕਾ ਦੇ ਪਿੰਡ ਹਸਤਕਲਾ ਵਿੱਚ ਪਵਿੱਤਰ ਅੰਗਾਂ ਨੂੰ ਫਾੜੇ ਜਾਣ ਅਤੇ ਮੰਡੀ ਗੋਬਿੰਦਗੜ ਦੇ ਪਿੰਡ ਚਤੁਰਪੁਰਾ ਵਿੱਚ ਸੁਖਮਣੀ ਸਾਹਿਬ ਦੇ ਗੁਟਕੇ ਦੇ ਅੰਗ ਫਾੜੇ ਜਾਣ ਦੀ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨਾਂ ਦੋਸ਼ ਲਗਾਇਆ ਕਿ ਪੰਥ ਦੇ ਰਾਖੇ ਕਹਾਉਣ ਵਾਲੇ ਅਕਾਲੀ ਆਗੂ ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਅਤੇ ਅਸਲੀ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਪੂਰੀ ਤਰਾਂ ਅਸਫਲ ਰਹੇ। ਵੜੈਚ ਨੇ ਸਵਾਲ ਕੀਤਾ ਕਿ ਪ੍ਰੈਸ ਕਾਨਫਰੰਸਾਂ ਵਿੱਚ ਬੇਅਦਬੀ ਦੇ ਮਾਮਲਿਆਂ ਉਤੇ ਮਗਰਮੱਛ ਵਾਲੇ ਹੰਝੂ ਵਹਾਉਣ ਵਾਲੇ ਸੁਖਬੀਰ ਸਿੰਘ ਬਾਦਲ ਅਜਿਹੇ ਮਾਮਲਿਆਂ ਬਾਰੇ ਕੋਈ ਸਖਤ ਕਦਮ ਕਿਓਂ ਨਹੀਂ ਚੁੱਕਦੇ। ਉਨਾਂ ਕਿਹਾ ਕਿ ਧਰਮ ਦੇ ਨਾਂਅ ‘ਤੇ ਬਾਦਲ ਪਰਿਵਾਰ ਸਿਰਫ ਸਿਆਸਤ ਕਰ ਰਿਹਾ ਹੈ ਅਤੇ ਆਮ ਆਦਮੀ ਵੀ ਹੁਣ ਇਨਾਂ ਦੀ ਇਸ ਕੋਝੀ ਚਾਲ ਨੂੰ ਸਮਝ ਚੁੱਕਾ ਹੈ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ‘ਚ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਪਵਿੱਤਰ ਗੀਤਾ ਅਤੇ ਕੁਰਾਨ-ਏ-ਪਾਕ ਦੀ ਬੇਅਦਬੀ ਦੀਆਂ ਘਟਨਾਵਾਂ ਬੇਹੱਦ ਸ਼ਰਮਨਾਕ ਹਨ ਅਤੇ ਸਰਕਾਰ ਦੀ ਨਕਾਮੀ ਦਾ ਸਬੂਤ ਹਨ। ਗੁਰਪ੍ਰੀਤ ਸਿੰਘ ਵੜੈਚ ਨੇ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਠੋਸ ਕਦਮ ਚੁੱਕੇ ਜਾਣਗੇ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ।
Total Responses : 267