ਚੰਡੀਗੜ੍ਹ, 16 ਅਕਤੂਬਰ, 2016 : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਡੀਜਲ-ਪੈਟਰੋਲ ਦੀਆਂ ਕੀਮਤਾਂ ‘ਚ ਕੀਤੇ ਗਏ ਭਾਰੀ ਵਾਧੇ ਦੀ ਆਮ ਆਦਮੀ ਪਾਰਟੀ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਐਤਵਾਰ ਨੂੰ ਜਾਰੀ ਪ੍ਰੈਸ ਬਿਆਨ ‘ਚ ਪਾਰਟੀ ਦੇ ਬੁਲਾਰੇ ਅਤੇ ਭੁਲੱਥ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਵਪਾਰ, ਉਦਯੋਗ ਅਤੇ ਟਰਾਂਸਪੋਰਟ ਵਿੰਗ ਦੇ ਮੁਖੀ ਅਤੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਖੇਤਰ ਦੇ ਉਚ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ, ਜਦਕਿ ਆਮ ਆਦਮੀ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਨਾਂ ਆਗੂਆਂ ਨੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਾਰ-ਵਾਰ ਵਧਾਏ ਜਾਣ ਨੂੰ ਆਮ ਆਦਮੀ ਦੀ ਜੇਬ ਉਤੇ ਡਾਕਾ ਦੱਸਿਆ ਹੈ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਵਿੱਚ ਡੀਜਲ-ਪੈਟਰੋਲ ਦੀਆਂ ਕੀਮਤਾਂ ਸੱਤ ਵਾਰੀ ਵਧਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਪੰਜਾਬ ‘ਚ ਪੈਟਰੋਲ ਦੀ ਕੀਮਤ 64.82 ਰੁਪਏ ਪ੍ਰਤਿ ਲਿਟਰ ਅਤੇ ਡੀਜਲ ਦੀ ਕੀਮਤ 48.36 ਰੁਪਏ ਪ੍ਰਤਿ ਲਿਟਰ ਸੀ। ਜਦਕਿ ਹੁਣ ਪੈਟਰੋਲ ਦੀ ਕੀਮਤ 71.91 ਰੁਪਏ ਪ੍ਰਤਿ ਲਿਟਰ ਅਤੇ ਡੀਜਲ ਦੀ ਕੀਮਤ 55.85 ਰੁਪਏ ਪ੍ਰਤਿ ਲਿਟਰ ਹੋ ਗਈ ਹੈ। ਉਨਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਮਹਿੰਗਾਈ ਘਟਾਉਣ ਦਾ ਸਬਜਬਾਗ ਵਿਖਾ ਕੇ ਸੱਤਾ ਹਾਸਿਲ ਕਰਨ ਵਾਲੀ ਭਾਜਪਾ ਸਰਕਾਰ ਦਾ ਦੋਗਲਾ ਚਿਹਰਾ ਬੇਨਕਾਬ ਹੋ ਚੁਕਿਆ ਹੈ। ਆਪ ਆਗੂਆਂ ਨੇ ਕਿਹਾ ਕਿ ਪੈਟਰੋਲ-ਡੀਜਲ ਦੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਕੀਮਤਾਂ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਰਾਬਰ ਜਿੰਮੇਵਾਰ ਹਨ, ਕਿਉਂਕਿ ਅਕਾਲੀ ਦਲ ਮੋਦੀ ਸਰਕਾਰ ਦਾ ਅਹਿਮ ਹਿੱਸਾ ਹੈ ਅਤੇ ਬਾਦਲ ਪਰਿਵਾਰ ਦੀ ਨੂੰਹਰਾਣੀ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਕੈਬਨਿਟ ਮੰਤਰੀ ਹਨ।
ਇਸਦੇ ਨਾਲ ਹੀ ਅਮਨ ਅਰੋੜਾ ਨੇ ਪੰਜਾਬ ਵਿੱਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੂੰ ਵੀ ਕਰੜੇ ਹੱਥੀਂ ਲਿਆ। ਉਨਾਂ ਕਿਹਾ ਕਿ ਪੰਜਾਬ ਵਿੱਚ ਪੈਟਰੋਲੀਅਮ ਪਦਾਰਥਾਂ ਉਤੇ ਵੈਟ ਦੀ ਦਰ ਸਭ ਤੋਂ ਵੱਧ ਹੈ, ਜਿਸ ਕਾਰਨ ਨਾਲ ਲਗਦੇ ਸਾਰੇ ਸੂਬਿਆਂ ਵਿੱਚ ਪੈਟਰੋਲ ਪੰਜਾਬ ਨਾਲੋਂ ਕਾਫੀ ਸਸਤਾ ਹੈ। ਦੂਜੇ ਸੂਬਿਆਂ ਨਾਲੋਂ ਵੈਟ ਜਿਆਦਾ ਹੋਣ ਕਾਰਨ ਪੰਜਾਬ ਦੇ ਵਸਨੀਕਾਂ ਨੂੰ ਲਗਭਗ 6 ਰੁਪਏ ਮਹਿੰਗਾ ਪੈਟਰੋਲ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਪ ਆਗੂਆਂ ਨੇ ਵਾਅਦਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਵੈਟ ਨੂੰ ਤਰਕਸੰਗਤ ਬਣਾਇਆ ਜਾਵੇਗਾ।