ਲੁਧਿਆਣਾ, 18 ਅਕਤੂਬਰ, 2016 : ਸੂਬੇ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਾਹਿਰਾਂ ਦਾ ਸਮੂਹ ਕਾਇਮ ਕਰਨ ਦੀ ਅਪੀਲ ਕੀਤੀ ਹੈ ਕਿਉਂ ਜੋ ਸਾਡੀ ਆਰਥਿਕਤਾ ਦਾ ਮੁੱਖ ਧੁਰਾ ਖੇਤੀਬਾੜੀ ਖੇਤਰ ਹੁਣ ਲਾਹੇਵੰਦ ਨਹੀਂ ਰਿਹਾ।
ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੂਖਮ, ਲਘੂ ਤੇ ਮੱਧਮ ਉਦਯੋਗ ਦੇ ਲਗਪਗ 250 ਉੱਦਮੀਆਂ ਨੂੰ ਸਨਮਾਨਿਤ ਕਰਨ ਅਤੇ ਔਰਤਾਂ ਨੂੰ ਚਰਖ਼ੇ ਵੰਡਣ ਲਈ ਕਰਵਾਏ ਸਮਾਰੋਹ ਮੌਕੇ ਮੁੱਖ ਮੰਤਰੀ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੀ ਹਾਜ਼ਰ ਸਨ, ਜਿਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਕਾਰਨਾਂ ਕਰਕੇ ਪੰਜਾਬ ਦੀ ਆਰਿਥਕਤਾ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ ਜਿਨ੍ਹਾਂ ਵਿੱਚ ਆਜ਼ਾਦੀ ਉਪਰੰਤ ਮੁਲਕ ਦੀ ਵੰਡ, ਲੰਮਾ ਸਮਾਂ ਅਤਿਵਾਦ ਰਹਿਣ, ਗੁਆਂਢੀ ਸੂਬਿਆਂ ਨੂੰ ਖੁੱਲ੍ਹੀਆਂ ਰਿਆਇਤਾਂ ਦੇਣ ਅਤੇ ਵਿਤਕਰੇ ਵਾਲੀ ਭਾੜਾ ਨੀਤੀ ਵਰਗੇ ਕਾਰਨ ਸ਼ਾਮਲ ਹਨ। ਉਨ੍ਹਾਂ ਕਿ ਗੁਆਂਢੀ ਮੁਲਕ ਦੀਆਂ ਗਤੀਵਿਧੀਆਂ ਨਾਲ ਸਾਡੇ ਸਰਹੱਦੀ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਸ ਦੇ ਫਲਸਰੂਪ ਆਰਿਥਕ ਪੱਛੜੇਪਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਭਾਰਤ ਸਰਕਾਰ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਉਣ ਲਈ ਅੱਗੇ ਆਵੇ ਤਾਂ ਕਿ ਸੂਬੇ ਦੇ ਮਿਹਨਤਕਸ਼ ਤੇ ਉੱਦਮੀਆਂ ਲਈ ਬਿਹਤਰ ਮੌਕੇ ਯਕੀਨੀ ਬਣਾਏ ਜਾ ਸਕਣ। ਸ. ਬਾਦਲ ਨੇ ਕਿਹਾ ਕਿ ਖੇਤੀਬਾੜੀ ਖੇਤਰ ਹੁਣ ਬਹੁਤਾ ਮੁਨਾਫਾਬਖਸ਼ ਕਿੱਤਾ ਨਾ ਰਹਿਣ ਕਰਕੇ ਸੂਬੇ ਦੇ ਵਿਕਾਸ ਲਈ ਸਨਅਤੀਕਰਨ ਦਾ ਹੋਣਾ ਲਾਜ਼ਮੀ ਹੈ।
ਮੌਜੂਦਾ ਖੇਤੀ ਸੰਕਟ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਅੱਜ ਭਾਰਤ ਸਰਕਾਰ ਨੂੰ ਖੇਤੀ ਕਿੱਤਾ ਮੁਨਾਫਾਬਖਸ਼ ਬਣਾਉਣ ਲਈ ਮਾਹਿਰਾਂ ਦਾ ਇਕ ਹੋਰ ਗਰੁੱਪ ਕਾਇਮ ਕਰਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਆਖਿਆ ਕਿ ਪੂਰੇ ਮੁਲਕ ਦੇ ਕਿਸਾਨ ਇਸ ਵੇਲੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਜਿਸ ਕਰਕੇ ਅੰਨਦਾਤਿਆਂ ਦੀ ਸਾਰ ਲੈਣਾ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਸੂਬੇ ਦੇ ਕਿਸਾਨਾਂ ਨੇ ਮੁਲਕ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਲਈ ਪਾਣੀ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਰਗੇ ਅਨਮੋਲ ਵਸੀਲੇ ਤੱਕ ਵੀ ਕੁਰਬਾਨ ਕਰ ਦਿੱਤੇ। ਸ. ਬਾਦਲ ਨੇ ਕਿਹਾ ਕਿ ਮਾਹਿਰਾਂ ਦੇ ਗਰੁੱਪ ਵੱਲੋਂ ਖੇਤੀ ਨੂੰ ਮੁਨਾਫਾਬਖਸ਼ ਬਣਾਉਣ ਲਈ ਸੁਝਾਅ ਦੇ ਢੰਗ ਤਰੀਕੇ ਦੱਸੇ ਜਾਣ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਰਜੀਕਲ ਹਮਲਿਆਂ ਰਾਹੀਂ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰਨ 'ਤੇ ਸ੍ਰੀ ਮੋਦੀ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਲੱਖਣ ਤੇ ਸਾਹਸ ਭਰੇ ਕਦਮ ਨੇ ਮੁਲਕ ਦੇ ਵਾਸੀਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨਾਲ ਪੰਜਾਬ ਨੂੰ ਬਹੁਤ ਵੱਡਾ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਪ੍ਰਾਜੈਕਟਾਂ ਨਾਲ ਪੰਜਾਬ ਦੀ ਤਰੱਕੀ ਦੀ ਰਫਤਾਰ ਹੋਰ ਤੇਜ਼ ਹੋਵੇਗੀ। ਸ. ਬਾਦਲ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਪੰਜਾਬ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇਸੰਜ਼ (ਏਮਜ਼), ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਕੌਮੀ ਪੱਧਰ ਦੀ ਬਾਗਬਾਨੀ ਸੰਸਥਾ ਸਮੇਤ ਹੋਰ ਅਹਿਮ ਪ੍ਰਾਜੈਕਟ ਪੰਜਾਬ ਨੂੰ ਦਿੱਤੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਏਮਜ਼ ਦਾ ਨੀਂਹ ਪੱਥਰ ਰੱਖਣ ਲਈ ਆਪਣੀ ਮਸਰੂਫੀਅਤ ਵਿੱਚੋਂ ਸਮਾਂ ਕੱਢਣ ਦੀ ਅਪੀਲ ਕੀਤੀ ਕਿਉਂ ਜੋ ਇਹ ਸਿਹਤ ਸੰਸਥਾ ਸੂਬੇ ਵਿੱਚ ਸਿਹਤ ਸੰਭਾਲ ਲਈ ਮੀਲ ਪੱਥਰ ਸਾਬਤ ਹੋਵੇਗੀ। ਸ. ਬਾਦਲ ਨੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ ਸਮਾਰਟ ਸਿਟੀ ਦਾ ਦਰਜਾ ਦੇਣ, ਅੰਮ੍ਰਿਤਸਰ ਨੂੰ 'ਹਰਿਦੇ' ਸਕੀਮ ਵਿੱਚ ਸ਼ਾਮਲ ਕਰਨ ਅਤੇ ਜਲ੍ਹਿਆਂ ਵਾਲੇ ਬਾਗ ਨੂੰ ਵਿਰਾਸਤੀ ਦਰਜਾ ਦੇਣ ਵਰਗੇ ਪ੍ਰਾਜੈਕਟ ਦੇਣ ਲਈ ਸ੍ਰੀ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਮੁੱਖ ਮੰਤਰੀ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਵੀ ਸੂਬਾ ਸਰਕਾਰ ਉਨ੍ਹਾਂ ਨੂੰ ਏਮਜ਼ ਦਾ ਨੀਂਹ ਪੱਥਰ ਰੱਖਣ ਲਈ ਸੱਦਾ ਦੇਵੇਗੀ ਤਾਂ ਉਹ ਇਸ ਲਈ ਜ਼ਰੂਰ ਪਹੁੰਚਣਗੇ।
ਸੂਬਾ ਸਰਕਾਰ ਵੱਲੋਂ ਸਨਅਤੀ ਵਿਕਾਸ ਲਈ ਕੀਤੇ ਵੱਡੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਨਅਤੀ ਖੇਤਰ ਦੀ ਤਰੱਕੀ ਲਈ ਬਿਜਲੀ ਨੂੰ ਅਹਿਮ ਸਰੋਤ ਸਮਝਦਿਆਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਨਅਤੀ ਖੇਤਰ ਨੂੰ ਮੁਲਕ ਭਰ ਵਿੱਚ ਸਭ ਤੋਂ ਘੱਟ ਦਰ 'ਤੇ ਬਿਜਲੀ ਦੇਣ ਤੋਂ ਇਲਾਵਾ ਨਿਵੇਸ਼ਕਾਰਾਂ ਨੂੰ ਨਿਵੇਸ਼ ਲਈ ਤੁਰੰਤ ਪ੍ਰਵਾਨਗੀ ਦੇਣ ਲਈ ਸਿੰਗਲ-ਵਿੰਡੋ ਪ੍ਰਣਾਲੀ ਨੂੰ ਲਾਗੂ ਕੀਤਾ। ਮੁੱਖ ਮੰਤਰੀ ਨੇ ਕਿਹਾ, ''ਪੰਜਾਬ ਸਰਕਾਰ ਸੁਖਾਵਾਂ ਵਪਾਰਕ ਮਾਹੌਲ ਮੁਹੱਈਆ ਕਰਵਾਉਣ ਲਈ ਪੂਰਨ ਤੌਰ 'ਤੇ ਵਚਨਬੱਧ ਹੈ ਅਤੇ ਅਸੀਂ ਉਦਯੋਗਪਤੀਆਂ ਦੀ ਸਹੂਲਤ ਲਈ ਹਰ ਸੰਭਵ ਕਦਮ ਚੁੱਕਾਂਗੇ।''
ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ, ਪੰਜਾਬ ਦਾ ਸਨਅਤੀ ਧੁਰਾ ਹੈ ਅਤੇ ਵਿਸ਼ਵ ਬੈਂਕ ਨੇ ਸਾਲ 2009 ਅਤੇ 2013 ਵਿੱਚ ਵਪਾਰ ਕਰਨ ਲਈ ਲੁਧਿਆਣਾ ਨੂੰ ਮੁਲਕ ਵਿੱਚ ਬਿਹਤਰ ਸ਼ਹਿਰ ਦਾ ਦਰਜਾ ਦਿੱਤਾ ਹੈ। ਸ. ਬਾਦਲ ਨੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨੂੰ ਉੱਦਮੀਆਂ ਵਜੋਂ ਉਭਾਰ ਕੇ ਉਨ੍ਹਾਂ ਦੀ ਦਸ਼ਾ ਸੁਧਾਰਨ ਲਈ ਐਸ.ਸੀ./ਐਸ.ਟੀ. ਹੱਬ ਦੀ ਸ਼ੁਰੂਆਤ ਕਰਨ ਸਮੇਤ ਵਿੱਢੇ ਉਪਰਾਲਿਆਂ ਪ੍ਰਤੀ ਪ੍ਰਧਾਨ ਮੰਤਰੀ ਦੀ ਦੂਰ-ਅਦੇਸ਼ੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਦਿਨ ਲੱਦੇ ਗਏ ਜਦੋਂ ਲੋਕਾਂ ਵੱਲੋਂ ਇਸ ਵਰਗ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਪਰ ਹੁਣ ਇਸ ਉੱਦਮ ਨਾਲ ਉਹ ਖੁਦ ਆਪਣਾ ਭਵਿੱਖ ਤਰਾਸ਼ਣਗੇ ਅਤੇ ਮੁਲਕ ਦੇ ਵਿਕਾਸ ਤੇ ਤਰੱਕੀ ਵਿੱਚ ਭਾਈਵਾਲ ਬਣਨਗੇ।
ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦਰਮਿਆਨ ਉੱਦਮੀਆਂ ਵਾਲੀ ਭਾਵਨਾ ਪੈਦਾ ਕਰਨ ਲਈ ਕੀਤੇ ਉਪਰਾਲਿਆਂ ਲਈ ਐਨ.ਡੀ.ਏ. ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਸੂਬੇ ਦੀ 34 ਫੀਸਦੀ ਦਲਿਤ ਵਸੋਂ ਨੂੰ ਹੋਵੇਗਾ ਜਿਸ ਨਾਲ ਉਨ੍ਹਾਂ ਦੀ ਤਕਦੀਰ ਬਦਲੇਗੀ ਅਤੇ ਉਹ ਰੁਜ਼ਗਾਰ ਮੰਗਣ ਦੀ ਬਜਾਏ ਰੁਜ਼ਗਾਰ ਦੇਣ ਵਾਲੇ ਬਣ ਜਾਣਗੇ। ਸ੍ਰੀ ਸਾਂਪਲਾ ਨੇ ਮੋਦੀ ਸਰਕਾਰ ਵੱਲੋਂ ਸਟੈਂਡ ਅੱਪ ਇੰਡੀਆ, ਡਿਜੀਟਲ ਇੰਡੀਆ ਸਮੇਤ ਹੋਰ ਲੀਹੋਂ ਹਟਵੇਂ ਉਪਰਾਲੇ ਕੀਤੇ ਜਾਣ ਦੀ ਭਰਵੀਂ ਸ਼ਲਾਘਾ ਕੀਤੀ ਜਿਸ ਨਾਲ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ।
ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪ੍ਰਾਜੈਕਟ ਦੇਣ ਦਾ ਸਿਹਰਾ ਐਨ.ਡੀ.ਏ. ਸਰਕਾਰ ਦੇ ਸਿਰ ਬੰਨ੍ਹਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਇਨ੍ਹਾਂ ਬਨਿਆਦੀ ਢਾਂਚਾ ਪ੍ਰਾਜੈਕਟਾਂ ਨਾਲ ਸੂਬੇ ਦੇ ਚੱਲ ਰਹੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਕੇਂਦਰੀ ਰਾਜ ਮੰਤਰੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਰਜੀਕਲ ਹਮਲੇ ਕਰਕੇ ਅਤਿਵਾਦੀਆਂ ਦੇ ਟਿਕਾਣੇ ਤਬਾਹ ਕਰਨ ਲਈ ਦਲੇਰਾਨਾ ਕਦਮ ਚੁੱਕਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਮੌਕੇ ਕੇਂਦਰੀ ਸੂਖਮ, ਲਘੂ ਤੇ ਮੱਧਮ ਉੱਦਮ ਮੰਤਰੀ ਸ੍ਰੀ ਕਲਰਾਜ ਮਿਸ਼ਰਾ, ਕੇਂਦਰੀ ਰਾਜ ਮੰਤਰੀ ਸ੍ਰੀ ਪਿਯੂਸ਼ ਗੋਇਲ ਤੇ ਸ੍ਰੀ ਗਿਰੀ ਰਾਜ ਸਿੰਘ, ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤੀ ਸ੍ਰੀ ਅਨਿਲ ਜੋਸ਼ੀ, ਸ੍ਰੀ ਮਦਨ ਮੋਹਨ ਮਿੱਤਲ ਤੇ ਸ. ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਕੇ.ਡੀ.ਭੰਡਾਰੀ ਅਤੇ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਸ੍ਰੀ ਕਮਲ ਸ਼ਰਮਾ ਹਾਜ਼ਰ ਸਨ।