ਚੰਡੀਗੜ੍ਹ, 01 ਨਵੰਬਰ 2016: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਸੂਬੇ ਦੇ ਨਿਰਮਾਣ ਨੂੰ 1947 ਤੋਂ ਬਾਅਦ ਪੰਜਾਬੀਆਂ ਦੀ ਦੂਜੀ ਵੰਡ ਕਰਾਰ ਦਿੰਦਿਆਂ ਮੰਗਲਵਾਰ ਨੂੰ ਅਕਾਲੀਆਂ ਉਪਰ ਆਪਣੇ ਸੰਪ੍ਰਦਾਇਕ ਏਜੰਡੇ ਨੂੰ ਪੂਰਾ ਕਰਨ ਖਾਤਿਰ ਸੂਬੇ ਨੂੰ ਤੋੜਨ ਦਾ ਦੋਸ਼ ਲਗਾਇਆ ਹੈ।
ਅਕਾਲੀ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਏ ਜਾਣ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਹੈ ਕਿ ਇਸ ਮੌਕੇ ਨੂੰ ਮਨਾਉਣ ਲਾਇਕ ਕੀ ਹੈ, ਜਿਸਨੇ ਸੂਬੇ ਦੀ ਲਗਾਤਾਰ ਗਿਰਾਵਟ ਦੀ ਸ਼ੁਰੂਆਤ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਮੌਕਾ ਅਕਾਲੀਆਂ ਵਾਸਤੇ ਮਨਾਉਣ ਦੀ ਬਜਾਏ, ਪਛਤਾਵਾ ਕਰਨ ਵਾਲਾ ਹੋਣਾ ਚਾਹੀਦਾ ਹੈ। ਜਿਨ੍ਹਾਂ ਨੇ ਸੂਬੇ ਨੂੰ ਇਸ ਤਰੀਕੇ ਨਾਲ ਵੰਡਿਆ ਕਿ ਉਸਦੇ ਸਾਰੇ ਅਹਿਮ ਸੰਸਾਧਨ ਤੇ ਵਿਕਾਸ ਦੇ ਮੌਕੇ ਖੋਹੇ ਗਏ ਅਤੇ ਉਹ ਹਿੱਸਾ ਬਾਅਦ 'ਚ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੀ ਝੋਲੀ ਜਾ ਪਿਆ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਪੰਜਾਬ ਨੇ ਨਾ ਸਿਰਫ ਵੱਡਾ 80 ਲੱਖ ਏਕੜ 'ਚ ਫੈਲ੍ਹਿਆ ਇਲਾਕਾ ਖੋਹ ਦਿੱਤਾ, ਬਲਕਿ ਉਸਦੇ ਕੀਮਤੀ ਸੰਸਾਧਨ ਜਿਵੇਂ ਪਾਣੀ, ਹਾਈਡ੍ਰੋ ਇਲੈਕਟ੍ਰਿਕ ਪਾਵਰ, ਜੰਗਲ ਤੇ ਸੈਰ ਸਪਾਟਾ ਹਿਮਾਚਲ ਪ੍ਰਦੇਸ਼ ਕੋਲ ਚਲੇ ਗਏ, ਜਦਕਿ ਵੱਡੀ ਮਾਤਰਾ 'ਚ ਸੰਗਠਿਤ ਉਦਯੋਗਿਕ ਖੇਤਰ ਹਰਿਆਣਾ ਹਿੱਸੇ ਆਉਣ ਪਏ।
ਇਹੋ ਕਾਰਨ ਹੈ ਕਿ ਹਰਿਆਣਾ ਖਾਸ ਕਰਕੇ ਫਰੀਦਾਬਾਦ, ਗੁੜਗਾਉਂ ਤੇ ਪਾਨੀਪਤ ਉਦਯੋਗਿਕ ਵਿਕਾਸ ਦੇ ਮਾਮਲੇ 'ਚ ਤਰੱਕੀ ਕਰ ਰਹੇ ਹਨ, ਜਦਕਿ ਪੰਜਾਬ ਆਪਣੇ ਵਿਵਾਦਾਂ ਨਾਲ ਸੰਘਰਸ਼ ਕਰਦਾ ਹੋਇਆ ਪਿੱਛੇ ਰਹਿ ਗਿਆ ਹੈ, ਜਿਸ 'ਚ ਚੰਡੀਗੜ੍ਹ ਦੀ ਆਪਣੀ ਕਾਰਜਕਾਰੀ ਰਾਜਧਾਨੀ ਵਜੋਂ ਮੰਗ ਅਤੇ ਹਰਿਆਣਾ ਨੂੰ ਸਾਡਾ ਅਹਿਮ ਪਾਣੀ ਮੁਹੱਈਆ ਕਰਵਾਉਣ ਪ੍ਰਤੀ ਵਚਨਬੱਧਤਾ, ਸ਼ਾਮਿਲ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ 1966 ਦੀ ਦੂਜੀ ਵੰਡ ਤੋਂ ਬਾਅਦ ਪੰਜਾਬ ਹਾਲੇ ਤੱਕ ਖੁਦ ਨੂੰ ਉਭਾਰ ਨਹੀਂ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ 'ਚ ਕਦੇ ਵੀ ਨਹੀਂ ਹੋਇਆ ਹੋਣਾ, ਜਦੋਂ ਸੂਬੇ ਦੇ ਲੋਕ ਖੁਦ ਨੂੰ ਵਧਾਉਣ ਦੀ ਬਜਾਏ ਆਪਣੀ ਜ਼ਮੀਨ ਛੋਟੀ ਕਰਨ ਵਾਸਤੇ ਜ਼ਿਆਦਾ ਇੱਛੁਕ ਸਨ।
ਉਨ੍ਹਾਂ ਨੇ ਕਿਹਾ ਕਿ ਇਸ ਸ਼ਰਮਨਾਕ ਕਾਰੇ ਲਈ ਅਕਾਲੀ ਜ਼ਿੰਮੇਵਾਰ ਹਨ, ਜਿਹੜੇ ਹੁਣ ਠਾਠਾਂ ਮਾਰ ਕੇ ਇਸ ਮੌਕੇ ਨੂੰ ਮਨਾ ਰਹੇ ਹਨ। ਇਸ ਲੜੀ ਹੇਠ 50 ਸਾਲ ਪਹਿਲਾਂ ਜੋ ਪੰਜਾਬ ਨਾਲ ਹੋਇਆ, ਉਸ ਉਪਰ ਪੰਜਾਬੀਆਂ ਦਾ ਮਾਣ ਕਰਨ ਜਾਂ ਖੁਸ਼ ਹੋਣ ਦਾ ਕੋਈ ਅਰਥ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਮੌਕੇ ਅਕਾਲੀਆਂ ਨਾਲ ਮੰਚ ਸਾਂਝਾ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਲੀਡਰ, ਜਿਹੜੀ ਉਸ ਵੇਲੇ ਜਨ ਸੰਘ ਦਾ ਨਵਾਂ ਚੇਹਰਾ ਹੈ, ਜਿਸਨੇ ਜੀਅ ਜਾਨ ਨਾਲ ਪੰਜਾਬ ਸੂਬੇ ਦੇ ਨਿਰਮਾਣ ਦਾ ਵਿਰੋਧ ਕੀਤਾ ਸੀ। ਸੀਨੀਅਰ ਜੰਨ ਸੰਘ ਲੀਡਰਾਂ, ਜਿਵੇਂ ਯੋਗਯ ਦੱਤ ਸ਼ਰਮਾ ਨੇ ਪੰਜਾਬੀ ਸੂਬਾ ਬਣਾਉਣ ਸਬੰਧੀ ਅਕਾਲੀਆਂ ਦੇ ਕਦਮ ਦਾ ਵਿਰੋਧ ਕਰਨ ਲਈ ਭੁੱਖ ਹੜ੍ਹਤਾਲਾਂ ਕੀਤੀਆਂ ਸਨ ਅਤੇ ਸੜਕਾਂ 'ਤੇ ਪ੍ਰਦਰਸ਼ਨ ਕੀਤੇ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ 1947 'ਚ ਭਾਰਤ ਦੀ ਦਰਦਨਾਕ ਵੰਡ 'ਚ ਅੱਧਾ ਸੂਬਾ ਪਹਿਲਾਂ ਹੀ ਖੋਹ ਗਿਆ ਸੀ, ਜਦਕਿ ਬਾਅਦ 'ਚ ਜੋ ਬੱਚਿਆ ਸੀ, ਉਸਨੂੰ ਅਕਾਲੀਆਂ ਨੇ ਪੰਜਾਬੀ ਸੂਬੇ ਦੇ ਨਾਂਮ 'ਤੇ ਹੋਰ ਟੁਕੜੇ ਟੁਕੜੇ ਕਰ ਦਿੱਤਾ। ਪੰਜਾਬ ਕਾਂਗਰਸ ਨੇ ਅਕਾਲੀਆਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬੀ ਸੂਬੇ ਦੀ ਵੰਡ ਤੋਂ ਬਾਅਦ ਹੋਇਆ ਇਕ ਵੀ ਫਾਇਦਾ ਗਿਣਾਉਣ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪੰਜਾਬ ਦੀ ਅਕਾਲੀ ਸਰਕਾਰ 'ਤੇ ਦੂਜੀ ਵੰਡ ਤੋਂ ਬਾਅਦ ਸੂਬੇ ਦਾ ਜੋ ਵੀ ਮਾਣ ਬੱਚਿਆ, ਉਸਨੂੰ ਹੋਲੀ ਹੋਲੀ ਖਤਮ ਕਰਨ ਦਾ ਦੋਸ਼ ਲਗਾਇਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬੀਤੇ ਸਾਲਾਂ ਦੌਰਾਨ ਭਾਵੇਂ ਉਹ ਆਰਥਿਕ, ਖੇਤੀਬਾੜੀ, ਉਦਯੋਗਿਕ ਜਾਂ ਕਾਨੂੰਨ ਤੇ ਵਿਵਸਥਾ ਦਾ ਮਾਮਲਾ ਹੋਵੇ, ਹਰ ਫਰੰਟ 'ਤੇ ਸੂਬਾ ਫੇਲ੍ਹ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੇ ਕੁਸ਼ਾਸਨ ਨੇ ਸੂਬੇ ਨੂੰ 10 ਸਾਲ ਪਿੱਛੇ ਧਕੇਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਨਾਲੋਂ ਬੇਹਤਰ ਸ਼ਾਸਨ ਹਾਸਿਲ ਕਰਨ ਦੇ ਲਾਇਕ ਹਨ ਅਤੇ ਵਾਅਦਾ ਕੀਤਾ ਕਿ ਉਹ ਸੂਬੇ ਦਾ ਪੁਰਾਣਾ ਮਾਣ ਵਾਪਿਸ ਲਿਆਉਣਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਦੇ ਭਾਰਤ ਦਾ ਨੰਬਰ ਇਕ ਸੂਬਾ ਅਖਵਾਉਣ ਵਾਲਾ ਪੰਜਾਬ, ਅੱਜ ਪਿਛੜਿਆਂ ਦੀ ਗਿਣਤੀ 'ਚ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਸੂਬੇ ਨੂੰ ਮੌਜ਼ੂਦਾ ਬਰਬਾਦੀ ਤੋਂ ਬਚਾਉਣ ਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀ ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹ ਤੇ ਬਰਬਾਦ ਕਰਨ ਲਈ ਤੁਲੇ ਹੋਏ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਅਕਾਲੀਆਂ ਦੇ ਖਤਰਨਾਕ ਇਰਾਦਿਆਂ ਤੋਂ ਬੱਚ ਕੇ ਰਹਿਣ ਦੀ ਅਪੀਲ ਕੀਤੀ ਹੈ।