ਚੰਡੀਗੜ੍ਹ, 23 ਅਕਤੂਬਰ, 2016 : ਸੂਬੇ ਦੇ ਪ੍ਰਸ਼ਾਸਨਿਕ ਅਤੇ ਕਾਨੂੰਨ ਤੇ ਵਿਵਸਥਾ ਦੀ ਮਸ਼ੀਨਰੀ ਦੇ ਪੂਰੀ ਤਰ੍ਹਾਂ ਕੀਤੇ ਜਾ ਚੁੱਕੇ ਸਿਆਸੀਕਰਨ ਦਾ ਖੁਲਾਸਾ ਕਰਦਿਆਂ ਪੰਜਾਬ ਕਾਂਗਰਸ ਨੇ ਭਾਰਤੀ ਚੋਣ ਕਮਿਸ਼ਨ ਨੂੰ ਸੂਬੇ 'ਚ ਸੁਤੰਤਰ ਤੇ ਨਿਰਪੱਖ ਚੋਣਾਂ ਦਾ ਕੁਝ ਦ੍ਰਿਸ਼ ਸੁਰੱਖਿਅਤ ਰੱਖਣ ਲਈ ਪੰਜਾਬ 'ਚ ਤੁਰੰਤ ਚੋਣ ਜਾਬਤਾ ਲਾਗੂ ਕਰਨ ਦੀ ਅਪੀਲ ਕੀਤੀ ਹੈ।
ਇਸ ਲੜੀ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇਕ ਵਫਦ ਮੀਤ ਪ੍ਰਧਾਨ ਡਾ. ਅਮਰ ਸਿੰਘ ਦੀ ਅਗਵਾਈ ਹੇਠ ਇਥੇ ਚੋਣ ਕਮਿਸ਼ਨ ਦੀ ਟੀਮ ਨੂੰ ਮਿੱਲਿਆ, ਜਿਹੜੀ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਤਿੰਨ ਰੋਜ਼ਾ ਪੰਜਾਬ ਦੌਰੇ 'ਤੇ ਹੈ।
ਚੋਣ ਕਮਿਸ਼ਨ ਦੀ ਟੀਮ ਦੀ ਅਗਵਾਈ ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਕਰ ਰਹੇ ਹਨ, ਜਿਨ੍ਹਾਂ ਨਾਲ ਦੋਵੇਂ ਚੋਣ ਕਮਿਸ਼ਨਰ ਅਚਲ ਕੁਮਾਰ ਜੋਤੀ ਤੇ ਓਮ ਪ੍ਰਕਾਸ਼ ਰਾਵਤ ਹਨ। ਜਦਕਿ ਪੰਜਾਬ ਕਾਂਗਰਸ ਦੀ ਟੀਮ 'ਚ ਡਾ. ਅਮਰ ਸਿੰਘ ਸਮੇਤ ਗੁਰਦਾਸਪੁਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ੋਕ ਚੌਧਰੀ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਸਕੱਤਰ ਕਮਲ ਦੀਪ ਸਿੰਘ ਸ਼ਾਮਿਲ ਸਨ।
ਇਸ ਮੌਕੇ ਚੋਣ ਕਮਿਸ਼ਨ ਸਾਹਮਣੇ ਆਪਣੀਆਂ ਸ਼ੰਕਾਵਾਂ ਜਾਹਿਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇ ਉਨ੍ਹਾਂ ਨੇ ਚੋਣ ਜਾਬਤਾ ਲਾਗੂ ਕਰਨ ਲਈ ਤੈਅ ਸਮਾਂ ਆਉਣ ਦਾ ਇੰਤਜ਼ਾਰ ਕੀਤਾ, ਤਾਂ ਸ਼ਾਇਦ ਚੋਣ ਜਾਬਤਾ ਲਾਗੂ ਕਰਨੀ ਮੁਮਕਿਨ ਨਹੀਂ ਹੋ ਸਕੇਗੀ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਉਹ ਸੂਬੇ 'ਚ ਬਿਗੜ ਰਹੇ ਸਿਆਸੀ ਹਾਲਾਤਾਂ ਨੂੰ ਕੁਝ ਕੰਟਰੋਲ ਹੇਠ ਲਿਆਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਤੁਰੰਤ ਚੋਣ ਜਾਬਤਾ ਲਾਗੂ ਕਰ ਦੇਣੀ ਚਾਹੀਦੀ ਹੈ। ਪ੍ਰਦੇਸ਼ ਕਾਂਗਰਸ ਦੇ ਵਫਦ ਨੇ ਅਕਾਲੀ ਲੀਡਰਸ਼ਿਪ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਰੋਕਣ ਵਾਸਤੇ ਡੀ.ਸੀ, ਐਸ.ਐਸ.ਪੀ ਤੇ ਐਸ.ਡੀ.ਐਮ ਪੱਧਰ ਦੇ ਖੇਤਰ ਇਚਾਰਜ਼ ਪੱਧਰ ਦੇ ਪ੍ਰਸ਼ਾਸਿਨਕ ਅਫਸਰਾਂ ਨੂੰ ਬਦਲਣ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਵੋਟਰ ਲਿਸਟਾਂ ਦੀ ਜਾਂਚ ਤੇ ਪੜਤਾਲ ਦੀ ਸੁਤੰਤਰ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ, ਜਿਨ੍ਹਾਂ ਨੂੰ ਆਂਗਣਵਾੜੀ ਵਰਕਰਾਂ ਵੱਲੋਂ ਤਿਆਰ ਕੀਤਾ ਤੇ ਸੋਧਿਆ ਗਿਆ ਹੈ ਅਤੇ ਉਨ੍ਹਾਂ 'ਚ ਜਾਅਲੀ ਵੋਟਰਾਂ ਦੇ ਨਾਂਮ ਜੋੜੇ ਗਏ ਹਨ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਵੱਲੋਂ ਚੁੱਕੇ ਗਏ ਦੂਜੇ ਮੁੱਦਿਆਂ 'ਚ ਮੀਡੀਆ ਤੇ ਧਰਮ ਦਾ ਸਿਆਸੀਕਰਨ ਸੀ। ਵਫਦ 'ਚ ਡਾ. ਅਮਰ ਸਿੰਘ, ਮੀਤ ਪ੍ਰਧਾਨ, ਕੈਪਟਨ ਸੰਦੀਪ ਸੰਧੂ, ਅਸ਼ੋਕ ਚੌਧਰੀ ਜ਼ਿਲ੍ਹਾ ਪ੍ਰਧਾਨ ਤੇ ਕਮਲ ਦੀਪ ਸਿੰਘ ਦਫਤਰ ਸਕੱਤਰ ਵੀ ਮੌਜ਼ੂਦ ਸਨ।