ਚੰਡੀਗੜ, 22 ਅਕਤੂਬਰ, 2016 : ਧੂਰੀ ’ਚ ਖੇਤਰੀ ਭਾਸ਼ਾ ਦੇ ਇੱਕ ਰੋਜ਼ਾਨਾ ਅਖ਼ਬਾਰ ਦੇ ਪੱਤਰਕਾਰ ਦੀ ਦਿਨ-ਦਿਹਾੜੇ ਅਕਾਲੀ ਕੌਂਸਲਰ ਵੱਲੋਂ ਗੋਲ਼ੀ ਮਾਰ ਕੇ ਕੀਤੇ ਕਤਲ ਉੱਤੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਡੂੰਘਾ ਦੁੱਖ ਪ੍ਰਗਟਾਉਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨਾਂ ਮੀਡੀਆ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲੀਆਂ ਦਾ ਘਮੰਡ ਚੂਰ-ਚੂਰ ਕਰਨ ਲਈ ਇੱਕਜੁਟ ਹੋ ਕੇ ਲੜਨ।
ਮਾਨ ਨੇ ਕਿਹਾ,‘‘ਇਹ ਬਹਤ ਨਿੰਦਣਯੋਗ ਘਟਨਾ ਹੈ ਕਿ ਅਕਾਲੀ ਕੌਂਸਲਰ ਨੇ ਇੱਕ ਪੱਤਰਕਾਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਮੀਡੀਆ ਨੇ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਇਆ।’’ ਉਨਾਂ ਕਿਹਾ ਕਿ ਅਕਾਲੀ ਗੁੰਡਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਕਿ ਇਹ ਅਕਾਲੀਆਂ ਵੱਲੋਂ ‘ਪੱਤਰਕਾਰੀ ਦੀ ਹੱਤਿਆ’ ਕੀਤੇ ਜਾਣ ਦੇ ਸਮਾਨ ਹੈ।
ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਨੇ ਅੱਗੇ ਕਿਹਾ,‘‘ਜੇ ਮੀਡੀਆ ਅੱਜ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਆਵਾਜ਼ ਉਠਾਉਣ ਲਈ ਇੱਕਜੁਟ ਨਹੀਂ ਹੁੰਦਾ, ਤਾਂ ਆਉਣ ਵਾਲੇ ਅਗਲੇ ਕੁਝ ਦਿਨਾਂ ਦੌਰਾਨ ਤਾਂ ਅਕਾਲੀ ਮੀਡੀਆ ਉੱਤੇ ਹੋਰ ਵੀ ਖ਼ਤਰਨਾਕ ਹਮਲੇ ਕਰ ਸਕਦੇ ਹਨ ਕਿਉਕਿ ਉਹ ਹੁਣ ਨਿਰਾਸ਼ਾ ਦੀ ਹਾਲਤ ਵਿੱਚ ਕੁਝ ਵੀ ਕਰ ਸਕਦੇ ਹਨ।’’
ਮਾਨ ਨੇ ਕਿਹਾ,‘‘ਪਿੱਛੇ ਜਿਹੇ ਮੈਂ ਬਿਨਾ ਕਿਸੇ ਗੁੱਝੀ ਮਨਸ਼ਾ ਦੇ ਮੀਡੀਆ ਨਾਲ ਕੁਝ ਬਹਿਸਬਾਜ਼ੀ ਕਰ ਬੈਠਾ ਸਾਂ ਅਤੇ ਤਦ ਪੰਜਾਬ ਦਾ ਸਾਰਾ ਮੀਡੀਆ ਤੁਰੰਤ ਇੱਕਜੁਟ ਹੋ ਗਿਆ ਸੀ ਤੇ ਉਦੋਂ ਮੇਰੀਆਂ ਅਰਥੀਆਂ ਤੱਕ ਫੂਕੀਆਂ ਗਈਆਂ ਸਨ। ਮੈਂ ਆਪਣੀ ਉਸ ਭੁੱਲ ਲਈ ਮੁਆਫ਼ੀ ਵੀ ਮੰਗ ਲਈ ਸੀ।’’ ਉਨਾਂ ਕਿਹਾ ਕਿ ਮੀਡੀਆ ਨੂੰ ਆਪਣੇ ਸਾਥੀ ਪੱਤਰਕਾਰ ਦੀ ਹੱਤਿਆ ਦਾ ਵਿਰੋਧ ਕਰਨ ਲਈ ਕੁਝ ਏਕਤਾ ਤੇ ਜੋਸ਼ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਮਾਨ ਨੇ ਸੰਕਲਪ ਲੈਂਦਿਆਂ ਆਖਿਆ,‘‘ਤੁਹਾਡੇ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਲਈ ਮੈਂ ਸਦਾ ਤਿਆਰ ਹਾਂ ਅਤੇ ਕਿਤੇ ਵੀ ਧਰਨੇ ’ਤੇ ਬੈਠਣ ਲਈ ਤਿਆਰ ਹਾਂ।’’ ਉਨਾਂ ਉਸ ਪੱਤਰਕਾਰ ਦੇ ਦੁਖੀ ਪਰਿਵਾਰ ਪ੍ਰਤੀ ਆਪਣੀ ਡੂੰਘੀ ਹਮਦਰਦੀ ਵੀ ਪ੍ਰਗਟਾਈ, ਜਿਸ ਦੀ ਧੂਰੀ ਦੇ ਅਕਾਲੀ ਆਗੂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਪੱਤਰਕਾਰਾਂ ਵਿਰੁੱਧ ਵਧੀਕੀਆਂ ਕਰਦਾ ਰਿਹਾ ਹੈ, ਜਦੋਂ ਮਜੀਠਾ ਵਿਖੇ ਰੋਸ ਮੁਜ਼ਾਹਰਾ ਕਰ ਰਹੇ ਨਿਰਦੋਸ਼ ਪੱਤਰਕਾਰਾਂ ਉੱਤੇ ਪੁਲਿਸ ਨੇ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕਰ ਦਿੱਤਾ ਸੀ, ਤਦ ਉਹ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੀ ਰਿਹਾਇਸ਼ਗਾਹ ਵੱਲ ਜਾ ਰਹੇ ਸਨ, ਪਰ ਮੰਦੇਭਾਗੀਂ, ਮੀਡੀਆ ਉਦੋਂ ਵੀ ਆਪਣੇ ਭਾਈਚਾਰੇ ਨਾਲ ਖਲੋ ਕੇ ਆਪਣੀ ਮਜ਼ਬੂਤ ਆਵਾਜ਼ ਬੁਲੰਦ ਕਰਨੋਂ ਨਾਕਾਮ ਰਿਹਾ ਸੀ।
ਇੱਥੇ ਇਹ ਵਰਣਨਯੋਗ ਹੈ ਕਿ ਕੱਲ ਧੂਰੀ ਵਿਖੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਪੰਮੀ ਨੇ ਇੱਕ ਹਿੰਦੀ ਦੇ ਰੋਜ਼ਾਨਾ ਅਖ਼ਬਾਰ ਦੇ ਪੱਤਰਕਾਰ ਕੇਵਲ ਿਸ਼ਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਾਵੇਂ ਦੋਸ਼ੀ ਕੌਂਸਲਰ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰ ਉਹ ਹਾਲੇ ਵੀ ਪੁਲਿਸ ਦੀ ਢਿੱਲ-ਮੱਠ ਕਾਰਨ ਫ਼ਰਾਰ ਹੈ।