ਅਸ਼ੋਕ ਵਰਮਾ
-ਜੀਓ ਸਟੋਰ ਬੰਦ ਕਰਵਾਕੇ ਕੰਪਨੀ ਤਬਦੀਲ ਕਰਨ ਦਾ ਸੱਦਾ
ਬਠਿੰਡਾ, 18 ਦਸੰਬਰ 2020 - ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਤੇਜ ਹੋਈ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦੀ ਚੰਗਿਆੜੀ ਨੇ ਬਠਿੰਡਾ ’ਚ ਰਿਲਾਇੰਸ ਨੂੰ ਆਪਣੇ ਲਪੇਟੇ ’ਚ ਲੈ ਲਿਆ ਹੈ। ਅੱਜ ਬਠਿੰਡਾ ’ਚ ਇਕੱਤਰ ਹੋਏ ਨੌਜਵਾਨਾਂ ਨੇ ਜਬਰਦਸਤ ਨਾਅਰੇਬਾਜੀ ਕਰਦਿਆਂ ਮਾਲ ਰੋਡ ਤੇ ਚੱਲ ਰਹੇ ਜੀਓ ਸਟੋਰ ਨੂੰ ਬੰਦ ਕਰਵਾ ਦਿੱਤਾ ਹੈ। ਇਸ ਤੋਂ ਪਹਿਲਾਂ ਸੰਘਰਸ਼ੀ ਧਿਰਾਂ ਨੇ ਸ਼ਹਿਰ ’ਚ ਚੱਲ ਰਹੇ ਰਿਲਾਇੰਸ ਕੰਪਨੀ ਦੇ ਸ਼ਾਪਿੰਗ ਮਾਲ ਦਾ ਕੰਮਕਾਜ ਪਿਛਲੇ ਕਈ ਦਿਨਾਂ ਤੋਂ ਠੱਪ ਕੀਤਾ ਹੋਇਆ ਹੈ। ਇਸੇ ਤਰਾਂ ਹੀ ਰਿਲਾਇੰਸ ਦੇ ਤੇਲ ਪੰਪ ਵੀ ਸੰਘਰਸ਼ ਦੀ ਮਾਰ ਹੇਠ ਆਏ ਹੋਏ ਹਨ ਜਿਹਨਾਂ ਤੇ ਡੀਜ਼ਲ ਪੈਟਰੋਲ ਦੀ ਵਿੱਕਰੀ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਅੱਜ ਸਟੋਰ ਬੰਦ ਕਰਵਾਉਣ ਪੁੱਜੇ ਨੌਜਵਾਨਾਂ ਨੇ ਆਖਿਆ ਕਿ ਲੋਕ ਕਾਰਪੋਰੇਟ ਉਤਪਾਦਾਂ ਤੋਂ ਪਾਸਾ ਵੱਟਣ ਖਾਸ ਤੌਰ ਤੇ ਜੀਓ ਸਿੰਮ ਫੌਰੀ ਤੌਰ ਤੇ ਪੋਰਟ ਕਰਵਾਉਣ।
ਨੌਜਵਾਨ ਮੁੰਡਿਆਂ ਦਾ ਕਹਿਣਾ ਹੈ ਕਿ ਜਦੋਂ ਮੋਦੀ ਦੇ ਚਹੇਤੇ ਪੂੰਜੀਪਤੀਆਂ ਦੇ ਕਾਰੋਬਾਰਾਂ ਨੂੰ ਮਾਰ ਪਵੇਗੀ ਤਦ ਹੀ ਇਹਨਾਂ ਦੀ ਅਕਲ ਟਿਕਾਣੇ ਆਵੇਗੀ। ਉਹਨਾਂ ਇਸ ਮੌਕੇ ਅੰਬਾਨੀ, ਅੰਡਾਨੀ ਦੇ ਸਾਮਾਨ ਦਾ ਮੁਕੰਮਲ ਬਾਈਕਾਟ ਕਰਕੇ ਆਮ ਵਸਤਾਂ ਨੂੰ ਅਪਣਾਉਣ ਦਾ ਸੱਦਾ ਵੀ ਦਿੱਤਾ । ਨੌਜਵਾਨ ਗੁਰਚਰਨ ਸਿੰਘ ਔਲਖ ਨੇ ਦੱਸਿਆ ਕਿ ਹੁਣ ਜਦੋਂ ਪੰਜਾਬ ਅੰਦਰ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਮੋਦੀ ਸਰਕਾਰ ਖਿਲਾਫ਼ ਜਬਰਦਸਤ ਰੋਸ ਬਣਿਆ ਹੈ ਤਾਂ ਉਹ ਕਿਸਾਨ ਪੁੱਤਰ ਹੋਣ ਦੇ ਨਾਤੇ ਕਿਸ ਤਰਾਂ ਚੁੱਪ ਬੈਠ ਸਕਦੇ ਹਨ। ਉਹਨਾਂ ਆਖਿਆ ਕਿ ਅੱਜ ਜਦੋਂ ਸਟੋਰ ਪ੍ਰਬੰਧਕਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਤਾਂ ਉਹਨਾਂ ਨੇ ਵੀ ਕੋਈ ਬਹੁਤਾ ਵਿਰੋਧ ਨਹੀਂ ਕੀਤਾ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਖੇਤੀ ਹੀ ਨਾਂ ਰਹੀ ਤਾਂ ਪੰਜਾਬ ’ਚ ਕੁੱਝ ਵੀ ਨਹੀਂ ਬਚਣਾ ਹੈ।
ਉਹਨਾਂ ਆਖਿਆ ਕਿ ਕਾਰਪੋਰੇਟਾਂ ਘਰਾਣਿਆਂ ਵੱਲੋਂ ਮੁਲਕ ਦੀਆਂ ਜਮੀਨਾਂ ਤੇ ਕਬਜਾ ਕਰਨ ਦੀਆਂ ਵਿਉਂਤਾਂ ਕਾਰਨ ਹੁਣ ਇਹ ਮੁੱਦਾ ਦੇਸ਼ ਦੀ ਜੁਆਨੀ ਦੀ ਹੋਂਦ ਨਾਲ ਜੁੜ ਗਿਆ ਹੈ। ਇਸ ਮੌਕੇ ਹਾਜਰ ਕੁੱਝ ਨੌਜਵਾਨਾਂ ਨੇ ਆਖਿਆ ਕਿ ‘ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਸਾਥੀਓਂ ਮੋਦੀ ਸਰਕਾਰ ਦੇ ਚਹੇਤੇ ਕਾਰਪੋਰੇਟ ਘਰਾਣਿਆਂ ਦੀਆਂ ਅੱਖਾਂ ਖੋਹਲਣ ਲਈ ਜੀਓ ਕੰਪਨੀ ਨੂੰ ਤਿਆਗ ਕੇ ਆਪਣੇ ਮੋਬਾਇਲ ਨੰਬਰ ਹੋਰਨਾਂ ਨੈਟਵਰਕਾਂ ‘ਚ ਤਬਦੀਲ ਕਰਵਾਓ ਅਤੇ ਰਿਲਾਇੰਸ ਦੇ ਪੰਪਾਂ ਤੋਂ ਤੇਲ ਪਵਾਉਣਾ ਬੰਦ ਕਰ ਦਿਓ। ਉਹਨਾਂ ਆਖਿਆ ਕਿ ਜੇਕਰ ਇਹਨਾਂ ਕੰਪਨੀਆਂ ਨੂੰ ਆਰਥਿਕ ਸੱਟ ਵੱਜੇਗੀ ਫਿਰ ਹੀ ਇਹਨਾਂ ਦੀ ਪੈਸੇ ਦੀ ਭੁੱੱਖ ਸ਼ਾਂਤ ਹੋਵੇਗੀ। ਉਹਨਾਂ ਆਖਿਆ ਕਿ ਬਹੁਕੌਮੀ ਕੰਪਨੀਆਂ ਦੇ ਸਾਮਾਨ ਦੀ ਥਾਂ ਆਮ ਤਰਾਂ ਦੀਆਂ ਵਸਤਾਂ ਦੀ ਵਰਤੋਂ ਕਰਨ ਵੱਲ ਆਉਣਾ ਸਮੇਂ ਦੀ ਅਣਸਰਦੀ ਲੋੜ ਹੈ।
ਬਾਈਕਾਟ ਕਰਨਾ ਹੁਣ ਮੁੱਖ ਲੋੜ:ਝੁੰਬਾ
ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਅਜ਼ਾਦੀ ਦੀ ਲੜਾਈ ਦੌਰਾਨ ਵੀ ਅੰਗਰੇਜਾਂ ਦੀ ਸਰਕਾਰ ਦਾ ਬਾਈਕਾਟ ਕੀਤਾ ਗਿਆ ਸੀ, ਜਿਸ ਨੇ ਦੇਸ਼ ਤੇ ਰਾਜ ਕਰਨ ਵਾਲੇ ਗੋਰਿਆਂ ਤੋਂ ਅਜ਼ਾਦੀ ਹਾਸਲ ਕਰਨ ’ਚ ਵੱਡਾ ਯੋਗਦਾਨ ਪਾਇਆ ਸੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਸਿਰਫ਼ ਪੂੰਜੀਪਤੀਆਂ ਦੇ ਹਿੱਤਾਂ ਬਾਰੇ ਹੀ ਸੋਚ ਰਹੀ ਹੈ ਅਤੇ ਦੇਸ਼ ਵਾਸੀਆਂ ਨੂੰ ਕਾਰਪੋਰੇਟਾਂ ਦਾ ਗੁਲਾਮ ਬਣਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਖੇਤੀ ਖੇਤਰ ’ਚ ਇਹਨਾਂ ਘਰਾਣਿਆਂ ਦੇ ਮਹਿੰਗੇ ਕੀਟਨਾਸ਼ਕ ਵਰਤੇ ਜਾ ਰਹੇ ਹਨ ਜਿਸ ਨਾਲ ਵੀ ਅੰਨੀਂ ਲੁੱਟ ਅਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਬਹਾਦਰ ਪੰਜਾਬੀਆਂ ਨੂੰ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਪੂਰਨ ਰੂਪ ’ਚ ਬਾਈਕਾਟ ਕਰਕੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।
ਮੁਹਿੰਮ ਸ਼ਲਾਘਾਯੋਗ: ਐਡਵੋਕੇਟ ਮਾਹਲ
ਸੰਵਿਧਾਨ ਬਚਾਓ ਮੰਚ ਮਾਨਸਾ ਦੇ ਸੀਨੀਅਰ ਨੇਤਾ ਐਡਵੋਕੇਟ ਗੁਰਲਾਭ ਸਿੰਘ ਮਾਹਲ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੀ ਜਵਾਨੀ ਜਾਗ ਗਈ ਹੈ ਅਤੇ ਕੇਂਦਰ ਸਰਕਾਰ ਸਮੇਤ ਇਹਨਾਂ ਦੇ ਚਹੇਤਿਆਂ ਨੂੰ ਸਬਕ ਸਿਖਾਉਣ ਦੇ ਰੌਂਅ ’ਚ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਬਿੱਲ ਦੇਸ਼ ਦੇ ਕਿਸਾਨਾਂ ਨੂੰ ਖਤਮ ਕਰਕੇ ਅੰਬਾਨੀਆਂ-ਅੰਡਾਨੀਆਂ ਦੀ ਮਰਜ਼ੀ ‘ਤੇ ਨਿਰਭਰ ਕਰ ਦੇਣਗੇ ਜੋ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ ਇਹਨਾਂ ਕਾਰਪੋਰੇਟ ਘਰਾਣਿਆਂ ਖਿਲਾਫ਼ ਵੱਡਾ ਅਸਰ ਪਾਏਗੀ। ਐਡਵੋਕੇਟ ਮਾਹਲ ਨੇ ਬਾਈਕਾਟ ਨੂੰ ਅੱਗੇ ਵਧਾਉਣ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਇਹ ਮੁਹਿੰਮ ਤੇਜ ਕਰਨ ਦੀ ਅਪੀਲ ਕੀਤੀ ਹੈ।
ਖੇਤੀ ਕਾਨੂੰਨਾਂ ਨਾਲ ਤਬਾਹੀ ਤੈਅ:ਅਸ਼ਵਨੀ ਘੁੱਦਾ
ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਦਾ ਕਹਿਣਾ ਸੀ ਕਿ ਪੰਜਾਬੀ ਹੁਣ ਜਾਣ ਗਏ ਹਨ ਕਿ ਇਹ ਖੇਤੀ ਕਾਨੂੰਨ ਮੋਦੀ ਸਰਕਾਰ ਨਹੀਂ ਬਲਕਿ ਅੰਬਾਨੀ-ਅੰਡਾਨੀ ਦੇ ਇਸ਼ਾਰੇ ਤੇ ਲਿਆਂਦੇ ਹਨ। ਉਹਨਾਂ ਕਿਹਾ ਕਿ ਪੂਰਾ ਦੇਸ਼ ਕਿਸਾਨਾਂ ਨਾਲ ਜੁੜ ਗਿਆ ਹੈ ਕਿਉਂਕਿ ਜੇ ਕਿਸਾਨ ਹੀ ਨਾ ਰਿਹਾ ਤਾਂ ਫਿਰ ਹੋਰ ਕਈ ਵਰਗ ਵੀ ਤਬਾਹ ਹੋ ਜਾਣਗੇ। ਉਹਨਾਂ ਕਿਹਾ ਕਿ ਨੌਜਵਾਣ ਜਾਣ ਗਏ ਹਨ ਕਿ ਹੁਣ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਦੀ ਬੋਲੀ ’ਚ ਹੀ ਜਵਾਬ ਦੇਣਾ ਪੈਣਾ ਹੈ। ਉਹਨਾਂ ਕਿਹਾ ਕਿ ਇਹਨਾਂ ਪੂੰਜੀਪਤੀਆਂ ਦੇ ਵੱਡੇ ਵੱਡੇ ਸਟੋਰਾਂ ਅਤੇ ਮਾਲਜ਼ ਨੇ ਛੋਟੇ ਦੁਕਾਨਦਾਰਾਂ ਨੂੰ ਖਤਮ ਕੀਤਾ ਹੈ ਤੇ ਜੇ ਕਾਨੂੰਨ ਲਾਗੂ ਹੋ ਗਏ ਤਾਂ ਹਰ ਤਰਫ ਤਬਾਹੀ ਤੈਅ ਹੈ।