ਅਸ਼ੋਕ ਵਰਮਾ
ਬਠਿੰਡਾ, 25 ਦਸੰਬਰ 2020 - ਅੱਜ ਬਠਿੰਡਾ ’ਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਭਾਰਤੀ ਜੰਤਾ ਪਾਰਟੀ ਵੱਲੋਂ ਮੌਕੇ ਕਰਵਾਏ ਜਾ ਰਹੇ ਜਸ਼ਨਾਂ ’ਚ ਅੱਜ ਕਿਸਾਨਾਂ ਨੇ ਭੰਗ ਪਾ ਦਿੱਤਾ। ਮਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਸਮਾਗਮ ਵਾਲੀ ਥਾਂ ਤੇ ਕੁੱਝ ਲੋਕ ਦਾਖਲ ਹੋ ਗਏ ਅਤੇ ਕੁਰਸੀਆਂ ਦੀ ਭੰਨ ਤੋੜ ਕੀਤੀ । ਪੁਲਿਸ ਦਖਲ ਦੇ ਬਾਵਜੂਦ ਭਾਜਪਾ ਆਗੂਆਂ ਨੂੰ ਸਮਾਗਮ ਪੰਡਾਲ ਖਾਲੀ ਕਰਨਾ ਪਿਆ। ਇਸ ਮੌਕੇ ਕਿਸਾਨਾਂ ਅਤੇ ਬੀਜੇਪੀ ਆਗੂਆਂ ਨੇ ਇੱਕ ਦੂਸਰੇ ਦੇ ਵਿਰੋਧ ’ਚ ਧਰਨਾ ਲਾ ਦਿੱਤਾ ਅਤੇ ਜਬਰਦਸਤ ਨਾਅਰੇਬਾਜੀ ਕੀਤੀ। ਦੱਸਣਯੋਗ ਹੈ ਕਿ ਅੱਜ ਕਰੀਬ 12 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵਰਗਵਾਸੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਕਿਸਾਨ ਨਿਧੀ ਯੋਜਨਾ ਜਾਰੀ ਕਰਨ ਲਈ ਵਰਚੁਅਲ ਪ੍ਰੋਗਰਾਮ ਰੱਖਿਆ ਗਿਆ ਸੀ।
ਇਸ ਪ੍ਰੋਗਰਾਮ ਨੂੰ ਦੇਖਦਿਆਂ ਜਿਲਾ ਬਠਿੰਡਾ ਭਾਜਪਾ ਨੇ ਅਮਰੀਕ ਸਿੰਘ ਰੋਡ ਤੇ ਉੜਾਂਗ ਸਿਨੇਮੇ ਦੇ ਸਾਹਮਣੇ ਮਾਰਕੀਟ ’ਚ ਸਮਾਗਮ ਰੱਖ ਲਿਆ। ਇਸ ਮੌਕੇ ਮਰਹੂਮ ਆਗੂ ਨੂੰ ਸ਼ਰਧਾਂਜਲੀ ਭੇਂਟ ਕਰਕੇ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ ਜਾਣਾ ਸੀ। ਭਾਜਪਾ ਦੇ ਇਸ ਸਮਾਗਮ ਦੀ ਕਿਸਾਨ ਜੱਥੇਬੰਦੀਆਂ ਸਮੇਤ ਵੱਖ ਵੱਖ ਸੰਘਰਸ਼ੀ ਧਿਰਾਂ ਦੀ ਭਿਣਕ ਪੈ ਗਈ। ਕਿਸਾਨਾਂ ਵੱਲੋਂ ਵਿਰੋਧ ਜਤਾਉਣ ਦੀ ਆਸ਼ੰਕਾ ਕਾਰਨ ਪੁਲਿਸ ਨੇ ਸਮਾਗਮ ਵਾਲੀ ਥਾਂ ਤੇ ਇੱਕ ਐਸਪੀ,ਤਿੰਨ ਡੀਐਸਪੀਜ਼ ਦੀ ਅਗਵਾਈਹੇਠ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕਰਨ ਤੋਂ ਇਲਾਵਾ ਅਮਰੀਕ ਸਿੰਘ ਰੋਡ ਨੂੰ ਵੱਡੇ ਬੈਰੀਕੇਡ ਲਾ ਕੇ ਸੀਲ ਕਰ ਦਿੱਤਾ। ਇਸ ਦੇ ਨਾਲ ਹੀ ਦੰਗਾ ਰੋਕੂ ਵਾਹਨ,ਜਲ ਤੋਪ ਅਤੇ ਹੰਝੂ ਗੈਸ ਦਸਤਾ ਵੀ ਮੌਕੇ ਤੇ ਬੁਲਾਇਆ ਗਿਆ ਸੀ।
ਸੁਰੱਖਿਆ ਪ੍ਰਬੰਧਾਂ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਮੌਕੇ ਤੇ ਬੈਠਕੇ ਪੁਲਿਸ ਇੰਤਜਾਮਾਂ ਦੀ ਦੇਖ ਰੇਖ ਕੀਤੀ। ਅਜੇ ਭਾਜਪਾ ਦਾ ਸਮਾਗਮ ਸ਼ੁਰੂ ਹੀ ਹੋਇਆ ਸੀ ਤਾਂ ਕਰੀਬ ਇੱਕ ਦਰਜਨ ਵਿਅਕਤੀ ਜਿਹਨਾਂ ’ਚ ਕਿਸਾਨ ਵੀ ਸਨ ਨੇ ਝੰਡੇ ਲਹਿਰਾਉਂਦਿਆਂ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਕੁੱਝ ਸਮੇਂ ਬਾਅਦ ਕਿਸਾਨਾਂ,ਮਜਦੂਰਾਂ, ਔਰਤਾਂ ਅਤੇ ਦੋਧੀ ਯੂਨੀਅਨ ਸਮੇਤ ਨੌਜੁਆਨਾਂ ਦਾ ਕਾਫਲਾ ਮੌਕੇ ਤੇ ਪੁੱਜ ਗਿਆ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਠਿੰਡਾ ਦੀ ਕਿਲਬੰਦੀ ਲੋਕ ਰੋਹ ਅੱਗੇ ਨਾਂ ਟਿਕ ਸਕੀ। ਜੋਰਦਾਰ ਹੱਲਿਆਂ ਦੌਰਾਨ ਭਾਜਪਾ ਦਾ ਵਿਰੋਧ ਕਰ ਰਹੇ ਲੋਕਾਂ ਨੇ ਬੈਰੀਕੇਡ ਤੋੜ ਕੇ ਸਮਾਗਮ ਵਾਲੀ ਥਾਂ ਨੂੰ ਵਧਣਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਮੁਜਾਹਰਾਕਾਰੀਆਂ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਰੋਕ ਤਾਂ ਲਿਆ ਪਰ ਉਹ ਧਰਨਾ ਲਾਕੇ ਬੈਠ ਗਏ।ਇਸੇ ਦੌਰਾਨ ਕੁੱਝ ਲੋਕ ਭਾਜਪਾ ਦੇ ਸਮਾਗਮ ਵਾਲੇ ਟੈਂਟ ’ਚ ਦਾਖਲ ਹੋ ਗਏ ਅਤੇ ਕੁਰਸੀਆਂ ਭੰਨਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਅਫਰਾ ਤਫਰੀ ਫੈਲ ਗਈ। ਮਹੌਲ ਜਿਆਦਾ ਵਿਗੜਦਾ ਦੇਖ ਪੁਲਿਸ ਨੇ ਭਾਜਪਾ ਆਗੂਆਂ ਨੂੰ ਪਾਸੇ ਖਿੰਡਾਇਆ। ਇਸ ਮੌਕੇ ਦੋਵਾਂ ਧਿਰਾਂ ਨੇ ਇੱਕ ਦੂਸਰੇ ਖਿਲਾਫ ਧਰਨੇ ਲਾਏ ਅਤੇ ਨਾਅਰੇਬਾਜੀ ਕੀਤੀ। ਵੱਡੀ ਗੱਲ ਹੈ ਕਿ ਪਿੰਡਾਂ ’ਚ ਪਤਾ ਲੱਗਣ ਤੇ ਕਿਸਾਨਾਂ ਦੇ ਜੱਥੇ ਬਠਿੰਡਾ ਪੁੱਜ ਲੱਗੇ ਜਿਸ ਨੇ ਪੁਲਿਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਪੀਰ ਭਾਜਪਾ ਵੱਲੋਂ ਧਰਨਾ ਚੁੱਕਣ ਤੇ ਅਫਸਰਾਂ ਨੇ ਸੁੱਖ ਦਾ ਸਾਹ ਲਿਆ।
ਕਾਰਪੋਰੇਟਾਂ ਦਾ ਮੋਹ ਤਿਆਗੇ ਮੋਦੀ ਸਰਕਾਰ
ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਮਾਰੂ ਕਾਨੂੰਨ ਪੂਰੇ ਸਮਾਜ ਲਈ ਖ਼ਤਰਨਾਕ ਹਨ। ਉਹਨਾਂ ਕਿਹਾ ਕਿ ਇਹ ਕਾਨੂੰਨ ਖੇਤੀ ਜਮੀਨ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਪਰੋਸਣ ਲਈ ਬਣਾਏ ਹਨ ਜੋ ਛੋਟੀ ਅਤੇ ਦਰਮਿਆਨੀ ਕਿਸਾਨੀ ਨੂੰ ਪੂਰੀ ਤਰਾਂ ਤਬਾਹ ਕਰ ਦੇਣਗੇ। ਅਤੇ ਬਾਕੀ ਰੁਜਗਾਰ ਵੀ ਖਤਮ ਹੋ ਜਾਏਗਾ। ਦੋੋਧੀ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਕਿਸਾਨਾਂ ,ਮਜਦੂਰਾਂ ਅਤੇ ਹੋਰ ਵਰਗਾਂ ਨੇ ਮਨ ਬਣਾ ਲਿਆ ਹੈ ਕਿ ਹੁਣ ਉਹ ਮੋਦੀ ਸਰਕਾਰ ਦੀ ਅੜੀ ਭੰਨ ਕੇ ਹੀ ਘਰਾਂ ਨੂੰ ਮੁੜਨਗੇ। ਉਹਨਾਂ ਨਸੀਹਤ ਦਿੱਤੀ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮੋਹ ਤਿਆਗੇ ਅਤੇ ਖੇਤੀ ਕਾਨੂੰਨ ਵਾਪਿਸ ਲਵੇ ਨਹੀਂ ਤਾਂ ਭਾਜਪਾ ਨੂੰ ਸੜਕਾਂ ਤੇ ਨਿਕਲਣਾ ਔਖਾ ਹੋ ਜਾਏਗਾ।
ਕਿਸਾਨ ਦੁੱਖਾਂ ’ਚ ਫਸੇ- ਬੀਜੇਪੀ ਨੂੰ ਜਸ਼ਨ ਸੁੱਝਦੇ
ਓਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਆਗੂ ਮੋਠੂ ਸਿੰਘ ਕੋਟੜਾ ਨੇ ਆਖਿਆ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਖਾਤਰ ਪੂਰੇ ਮੁਲਕ ਦੀਆਂ ਪੈਲੀਆਂ ਅਤੇ ਆਮ ਲੋਕਾਂ ਦੀ ਜਿੰਦਗੀ ਦਾਅ ਤੇ ਲਾ ਦਿੱਤੀ ਹੈ ਜਿਸ ਕਾਰਨ ਸੋਗ ਪਿਆ ਹੋਇਆ ਹੈ ਤੇ ਬੀਜੇਪੀ ਵਾਲਿਆਂ ਨੂੰ ਜਸ਼ਨ ਸੁੱਝ ਰਹੇ ਹਨ। ਉਹਨਾਂ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਨਹੀਂ ਤਾਂ ਵਿਰੋਧ ਜਾਰੀ ਰੱਖਿਆ ਜਾਏਗਾ ਅਤੇ ਪੰਜਾਬ ਦੇ ਲੋਕ ਬੀਜੇਪੀ ਨੂੰ ਕਿਸੇ ਵੀ ਥਾਂ ਸਮਾਗਮ ਨਹੀਂ ਕਰਨ ਦੇਣਗੇ। ਉਹਨਾਂ ਆਖਿਆ ਕਿ 2022 ਨੇੜੇ ਹੀ ਹੈ ਅਤੇ ਭਾਜਪਾ ਨੇ ਪਿੰਡਾਂ ’ਚ ਵੋਟਾਂ ਮੰਗਣ ਆਉਣਾ ਹੈ ਜਿਸ ਦਾ ਪਿੰਡਾਂ ਦੀਆਂ ਸੱਥਾਂ ’ਚ ਜਵਾਬ ਦਿੱਤਾ ਜਾਏਗਾ। ਭਾਜਪਾ ਵੱਲੋਂ ਲਾਏ ਭੰਨਤੋੜ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਸਾਨ ਆਗੂ ਨੇ ਕਿਹਾ ਕਿ ਬੀਜੇਪੀ ਨੇ ਆਪਣੇ ਬੰਦਿਆਂ ਕੋਲੋਂ ਕੁਰਸੀਆਂ ਤੁੜਵਾਈਆਂ ਹਨ ਜਦੋਂ ਕਿ ਕਿਸਾਨ ਤਾਂ ਸ਼ਾਂਤਮਈ ਵਿਰੋਧ ਕਰ ਰਹੇ ਸਨ।