ਅਸ਼ੋਕ ਵਰਮਾ
ਬਠਿੰਡਾ, 20 ਦਸੰਬਰ 2020 - ਬਠਿੰਡਾ ਦੇ ਟੀਚਰਜ ਹੋਮ ਵਿਖੇ ਕਿਸਾਨ ਸੰਘਰਸ਼ ਕਮੇਟੀ ਦੇ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਅੱਜ ਜਿਲਾ ਪੱਧਰ ਤੇ ਟੀਚਰਜ ਹੋਮ ਟਰੱਸਟ, ਪੰਜਾਬੀ ਸਾਹਿਤ ਸਭਾ ਬਠਿੰਡਾ, ਪ੍ਰਗਤੀਸ਼ੀਲ ਲੇਖਕ ਸੰਘ ਬਠਿੰਡਾ ਅਤੇ ਇਪਟਾ ਬਠਿੰਡਾ ਦੇ ਸੱਦੇ ਤੇ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੋਮਬੱਤੀਆਂ ਜਗਾ ਕੇ ਭਾਵਪੂਰਣ ਸਰਧਾਂਜਲੀ ਭੇਂਟ ਕੀਤੀ ਗਈ। ਟੀਚਰਜ ਹੋਮ ਟਰੱਸਟ ਦੇ ਬੁਲਾਰੇ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਟਰੱਸਟ ਕਿਸਾਨੀ ਸੰਘਰਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਿਆ ਹੈ ਅਤੇ ਸੰਘਰਸ਼ ਨਾਲ ਜੁੜੇ ਹਰ ਪ੍ਰੋਗਰਾਮ ਵਿੱਚ ਹਰ ਤਰਾਂ ਦਾ ਸਹਿਯੋਗ ਦੇਵੇਗਾ।
ਸਾਹਿਤ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਨੇ ਲਾਮਿਸਾਲੀ ਸ਼ਹਾਦਤ ਦੇ ਗਏ ਸ਼ਹੀਦਾਂ ਨੂੰ ਨਮਨ ਕੀਤਾ। ਪ੍ਰਗਤੀਸੀਲ ਲੇਖਕ ਸੰਘ ਵੱਲੋ ਜਸਪਾਲ ਮਾਨਖੇੜਾ ਨੇ ‘ ਉਹ ਜਿਉਂਦਾ ਨਹੀਂ ਜਿਹੜਾ ਚੁੱਪ ਹੈ..ਦੇਖੋ ਕਿਹੜਾ ਚੁੱਪ ਹੈ’ ਸ਼ੇਅਰ ਸੁਣਾ ਕੇ ਕਿਸਾਨ ਸੰਘਰਸ ਵਿੱਚ ਲੇਖਕਾਂ ਵੱਲੋਂ ਹਰ ਤਰਾਂ ਦਾ ਸਾਥ ਅਤੇ ਸਹਿਯੋਗ ਦੇਣ ਦਾ ਅਹਿਦ ਦੁਹਰਾਇਆ। ਪਿੰਸੀਪਲ ਜਗਦੀਸ਼ ਸਿੰਘ ਘਈ ਨੇ ਵੀ ਸ਼ਹੀਦਾਂ ਨੂੰ ਯਾਦ ਕੀਤਾ। ਇਸ ਸਮਾਗਮ ਵਿੱਚ ਟੀਚਰਜ ਹੋਮ ਟਰੱਸਟ ਦੇ ਪ੍ਰਧਾਨ ਗੁਰਬਚਨ ਸਿੰਘ ਮੰਦਰਾਂ, ਬੀਰਬਲ ਦਾਸ, ਰਘਬੀਰ ਚੰਦ ਸ਼ਰਮਾ, ਪਰਮਜੀਤ ਸਿੰਘ, ਰਣਜੀਤ ਸਿੰਘ, ਕਹਾਣੀਕਾਰ ਅਤਰਜੀਤ, ਡਾ ਨੀਤੂ ਅਰੋੜਾ , ਪੰਜਾਬੀ ਸਾਹਿਤ ਸਭਾ ਵੱਲੋਂ ਰਣਬੀਰ ਰਾਣਾ, ਰਣਜੀਤ ਗੌਰਵ, ਅਮਨ ਦਾਤੇਵਾਸੀਆ, ਰਵਿੰਦਰ ਸੰਧੂ, ਦਿਲਬਾਗ ਸਿੰਘ, ਕਾਮਰੇਡ ਜਰਨੈਲ ਸਿੰਘ, ਹਰਭੁਪਿੰਦਰ ਲਾਡੀ, ਮਨਜੀਤ ਬਠਿੰਡਾ ਅਤੇ ਹੋਰ ਕਿਸਾਨਾਂ ਦੇ ਮੁੱਦਈ ਹਾਜਰ ਸਨ।