ਅਸ਼ੋਕ ਵਰਮਾ
- ਕਿਸਾਨਾਂ ਵੱਲੋਂ ਤੀਜੇ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ
ਬਰਨਾਲਾ, 23 ਦਸੰਬਰ 2020: ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਦੌਰਾਨ ਅੱਜ ਕਿਸਾਨ ਔਰਤਾਂ ਨੇ ਵੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਸਿਰ ਧੜ ਦੀ ਲੱਗੀ ਹੋਵੇ ਤਾਂ ਉਹ ਕਿਸ ਤਰਾਂ ਚੁੱਪ ਬੈਠ ਸਕਦੀਆਂ ਹਨ। ਉਹਨਾਂ ਆਖਿਆ ਕਿ ਉਹ ਹਰ ਲੜਾਈ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜ ਰਹੀਆਂ ਹਨ ਜਿਸ ਲਈ ਉਹ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਨ। ਇਸ ਮੌਕੇ ਰੋਹ ਨਾਲ ਭਰੇ ਪੀਤੇ ਕਿਸਾਨਾਂ ਅਤੇ ਔਰਤਾਂ ਦੇ ਕਾਫਲਿਆਂ ਨੇ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ। ਅੱਜ ਦੀ ਭੁੱਖ ਹੜਤਾਲ ਦੌਰਾਨ ਕਿਸੇ ਨੇ ਵੀ ਲੰਗਰ ਨਹੀਂ ਛਕਿਆ । ਮਹੱਤਵਪੂਰਨ ਤੱਥ ਹੈ ਕਿ ਅੱਜ ਪਿੰਡਾਂ ’ਚ ਵੀ ਭੁਜਨ ਨਾਂ ਬਨਾਉਣ ਨੂੰ ਵੀ ਵੱਡਾ ਹੁੰਗਾਰਾ ਮਿਲਿਆ ਹੈ।
ਓਧਰ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਕਿਸਾਨ ਸੰਘਰਸ਼ ਦੇ84 ਵੇਂ ਦਿਨ ਸੰਘਰਸ਼ ਨੂੰ ਹੋਰ ਤੇਜ ਕਰਨ ਦੇ ਮਕਸਦ ਤਹਿਤ11 ਮੈਂਬਰੀ ਕਿਸਾਨ ਕਾਫਲੇ ਵੱਲੋਂ ਤੀਜੇ 24 ਘੰਟੇ ਦੀ ਭੁੱਖ ਹੜਤਾਲ ਜਾਰੀ ਰੱਖੀ । ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ , ਗੁਰਮੇਲ ਰਾਮ ਸ਼ਰਮਾ, ਗੁਰਚਰਨ ਸਿੰਘ ਸਰਪੰਚ , ਜਗਰਾਜ ਰਾਮਾ, ਹਰਚਰਨ ਚੰਨਾ, ਨਿਰੰਜਣ ਸਿੰਘ ਠੀਕਰੀਵਾਲ, ਨਛੱਤਰ ਸਿੰਘ ਸਹੌਰ, ਸ਼ੇਰ ਸਿੰਘ ਫਰਵਾਹੀ, ਨਿਰਭੈ ਸਿੰਘ, ਨੇਕਦਰਸ਼ਨ ਸਿੰਘ, ਪਰਮਜੀਤ ਕੌਰ, ਜਸਪਾਲ ਕੌਰ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਜਿਉਂ ਜਿਉਂ ਜਾਬਰ ਰੁੱਖ ਅਖਤਿਆਰ ਕਰ ਰਹੀ ਹੈ, ਤਿਉਂ ਤਿਉਂ ਕਿਸਾਨ ਕਾਫਲਿਆਂ ਸਮੇਤ ਹੋਰਨਾਂ ਤਬਕਿਆਂ ਅੰਦਰ ਮੋਦੀ ਹਕੂਮਤ ਖਿਲ਼ਾਫ ਗੁੱਸੇ ਦੇ ਭਾਂਬੜ ਬਲ ਰਹੇ ਹਨ ਅਤੇ ਪੜਾਅ-ਦਰ-ਪੜਾਅ ਸੰਘਰਸ਼ ਅੱਗੇ ਵਧ ਰਿਹਾ ਹੈ। ਉਹਨਾਂ ਆਖਿਆ ਕਿ ਘਰ-ਘਰ ਤੋਂ ਉੱਠੀ ਲੋਕ ਆਵਾਜ ਸਦਕਾ ਹੀ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਹਰ ਤਬਕਾ ਕਿਸੇ ਨਾਂ ਕਿਸੇ ਰੂਪ‘ਚ ਆਪਣਾ ਯੋਗਦਾਨ ਪਾ ਰਿਹਾ ਹੈ। ਅੱਜ ਤੀਜੇ ਦਿਨ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਸੁਰਿੰਦਰ ਸਿੰਘ ਪੰਨੂ,ਦੀਪ ਸਿੰਘ ਧਨੌਲਾ, ਜੀਤ ਸਿੰਘ ਸੁਲਤਾਨਪੁਰ, ਗੁਲਾਬ ਸਿੰਘ ਗਿੱਲ, ਬਲਦੇ ਸਿੰਘ, ਦਲਬਾਰਾ ਸਿੰਘ, ਵਰਿਆਮ ਸਿੰਘ, ਵਹਿਗੁਰੂ ਸਿੰਘ, ਧੰਨਾ ਸਿੰਘ , ਬਲਦੇਵ ਸਿੰਘ ਧਨੌਲਾ, ਗੁਰਮੇਲ ਸਿੰਘ ਸ਼ਾਮਿਲ ਸਨ। ਭੁੱਖ ਹੜਤਾਲ ਉੱਪਰ ਉਤਸ਼ਾਹ ਇਸ ਕਦਰ ਵਧ ਰਿਹਾ ਹੈ ਕਿ24 ਦਸੰੰਬਰ ਨੂੰ ਬੀਕੇਯੂ ਏਕਤਾ ਡਕੌਂਦਾ ਦੀ ਆਗੂ ਅਮਰਜੀਤ ਕੌਰ ਦੀ ਅਗਾਵਈ ਹੇਠ ਨਿਰੋਲ ਕਿਸਾਨ ਔਰਤਾਂ ਦਾ ਕਾਫਲਾ ਭੁੱਖ ਹੜਤਾਲ ਉੱਪਰ ਬੈਠੇਗਾ।
ਆਗੂਆਂ ਨੇ ਦੱਸਿਆ ਕਿ ਕਿਸਾਨ ਹਿੱਸਿਆਂ ਤੋਂ ਇਲਾਵਾ ਹੋਰ ਤਬਕੇ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਇੱਛਾ ਜਤਾ ਰਹੇ ਹਨ। ਹੁਣ ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਜਾ ਰਹੇ ਹਨ ਅਤੇ ਬਰਨਾਲਾ ਵਿਖੇ ਚਲਦੇ ਸੰਘਰਸ਼ ਵਿੱਚ ਵੀ ਪੂਰੇ ਜੋਸ਼ ਨਾਲ ਸ਼ਾਮਿਲ ਹੋ ਰਹੇ ਹਨ। ਇਹ ਸਾਂਜੇ ਕਿਸਾਨ ਸੰਘਰਸ਼ ਦਾ ਖੂਬਸੂਰਤ ਪਹਿਲੂ ਹੈ। ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਦੀ ਹੈਂਕੜ ਭੰਨਕੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ। ਅੱਜ24 ਘੰਟੇ ਦੀ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਦੂਜੇ ਜਥੇ ਵਿੱਚ ਗੁਰਮੀਤ ਸਿੰਘ, ਜਗਪਾਲ ਸਿੰਘ, ਕੁਲਦੀਪ ਸਿੰਘ, ਹਰਬੰਸ ਸਿੰਘ, ਬਲਦੇਵ ਸਿੰਘ, ਜਗਰਾਜ ਰਾਮਾ, ਸ਼ੇਰ ਸਿੰਘ ਫਰਵਾਹੀ, ਗੁਰਚਰਨ ਸਿੰਘ, ਜਗਰੂਪ ਸਿੰਘ, ਸੁਖਦੇਵ ਸਿੰਘ, ਹਰਗੋਬਿੰਦ, ਕੁਲਵੰਤ ਸਿੰਘ ਸ਼ਾਮਿਲ ਸਨ।
ਮੁਲਕ ਪੱਧਰ ਦੀਆਂ472 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਰਿਲਾਇੰਸ ਮਾਲ, ਅਧਾਰ ਮਾਰਕੀਟ ਬਰਨਾਲਾ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਪਰਮਿੰਦਰ ਸਿੰਘ ਹੰਢਿਆਇਆ, ਹਰਚਰਨ ਸਿੰਘ ਚੰਨਾ, ਮੇਜਰ ਸਿੰਘ ਸੰਘੇੜਾ, ਸੁਖਦਰਸ਼ਨ ਗੁੱਡੂ, ਅੰਗਰੇਜ ਸਿੰਘ, ਬਲਵੀਰ ਸਿੰਘ ਪੱਪੂ, ਅਮਰਜੀਤ ਸਿੰਘ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਪੜਾਅਵਾਰ ਅੱਗੇ ਵਧ ਰਹੇ ਵਡੇਰੇ ਲੋਕ ਹਿੱਤਾਂ ਵਾਲੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਜੋਰਦਾਰ ਅਪੀਲ ਕੀਤੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦੇ ਹਰ ਅਗਲੇਰੇ ਪੜਾਅ ਲਈ ਕਿਸਾਨ ਕਾਫਲਿਆਂ ਦਾ ਉਤਸ਼ਾਹ ਲਗਾਤਾਰ ਵਧ ਰਿਹਾ ਹੈ। ਪਿੰਡਾਂ ਅੰਦਰ ਇਹ ਵਧ ਰਿਹਾ ਉਤਸ਼ਾਹ/ਗੁੱਸਾ ਹੀ ਮੋਦੀ ਹਕੂਮਤ ਨੂੰ ਇਹ ਲੋਕ ਵਿਰੋਧੀ ਕਾਲੇ ਕਾਨੂੰਂ ਰੱਦ ਕਰਨ ਲਈ ਮਜਬੂਰ ਕਰੇਗਾ।