ਜੀਰਕਪੁਰ, 13 ਸਤੰਬਰ, 2016 : ਜੀਰਕਪੁਰ-ਪੰਚਕੁਲਾ ਮਾਰਗ ਤੇ ਪ੍ਰਸਤਾਵਿਤ ਗਰਿੱਡ ਦੀ ਸਥਾਪਨਾ ਦੇ ਲਈ ਜਮੀਨ ਦਾ ਕਬਜਾ ਲੈਣ ਗਈ ਨਗਰ ਕੌਂਸਲ ਦੀ ਟੀਮ ਨੂੰ ਅੱਜ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਬਰੰਗ ਪਰਤਣਾ ਪੈ ਗਿਆ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਹਾਈਕੋਰਟ ਦੇ ਸਟੇ ਆਰਡਰ ਦੇ ਬਾਵਜੂਦ ਵਿਧਾਇਕ ਦੇ ਇਸ਼ਾਰੇ ਤੇ ਪ੍ਰਸ਼ਾਸਨ ਵਲੋਂ ਉਨ•ਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦੀ ਅਪੀਲ ਤੇ ਇਥੇ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਪਿੰਡ ਵਾਸੀਆਂ ਨੂੰ ਇਸ ਮਾਮਲੇ ਵਿੱਚ ਸਹਿਯੋਗ ਦਿੱਤੇ ਜਾਣ ਦਾ ਭਰੋਸਾ ਦਿੱਤਾ ਅਤੇ ਵਿਧਾਇਕ ਐਨ.ਕੇ.ਸ਼ਰਮਾ ਦਾ ਪੁਤਲਾ ਸਾੜਿਆ।
ਬਲਟਾਣਾ ਨਿਵਾਸੀ ਗੁਰਚਰਨ ਸਿੰਘ ਕਾਲਾ, ਗੁਰਜੀਤ ਸਿੰਘ, ਬਲਵੀਰ ਸਿੰਘ, ਚੂਹੜ ਸਿੰਘ, ਸੋਨੂੰ ਬਲਟਾਣਾ, ਹਰਚਰਨ ਸਿੰਘ, ਰਣਜੀਤ ਸਿੰਘ ਨੇ ਦੱਸਿਆ ਕਿ ਜੀਰਕਪੁਰ ਵਿੱਚ ਪੰਚਕੂਲਾ ਮਾਰਗ ਤੇ ਕਰੀਬ ਚਾਰ ਏਕੜ ਜਮੀਨ ਨੂੰ ਲੈਕੇ ਲੰਮੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ। ਨਗਰ ਕੌਂਸਲ ਇਸ ਜਮੀਨ ਨੂੰ ਐਕਵਾਈਰ ਕਰਨਾ ਚਾਹੁੰਦੀ ਹੈ। ਜਿਸਦਾ ਵਿਰੋਧ ਕਰਦੇ ਹੋਏ ਪਿੰਡ ਵਾਸੀ ਅਦਾਲਤ ਵਿੱਚ ਚਲੇ ਗਏ। ਹਾਈਕੋਰਟ ਨੇ ਇਸ ਮਾਮਲੇ ਤੇ ਸਟੇਅ ਆਰਡਰ ਜਾਰੀ ਕਰ ਦਿੱਤਾ। ਇਸਦੇ ਬਾਵਜੂਦ ਸਥਾਨਕ ਵਿਧਾਇਕ ਦੇ ਇਸ਼ਾਰੇ ਤੇ ਇਸ ਜਮੀਨ ਨੂੰ ਐਕਵਾਈਰ ਕਰਨ ਦੇ ਮੰਤਵ ਨਾਲ ਕਬਜਾ ਲੈਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਥੇ ਰਹਿ ਰਹੇ ਹਨ ਅਤੇ ਵਿਧਾਇਕ ਤੋਂ ਇਸ ਪ੍ਰੋਜੈਕਟ ਨੂੰ ਬਦਲਣ ਦੀ ਮੰਗ ਕਰ ਚੁੱਕੇ ਹਨ। ਇਸ ਜਮੀਨ ਤੇ ਜਬਰੀ ਕਬਜਾ ਲੈਣ ਲਈ ਅੱਜ ਜਦੋਂ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਇਥੇ ਪੁੱਜੇ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਮਨਪ੍ਰੀਤ ਸਿੰਘ ਬੰਨੀ ਸੰਧੂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਮਲੇ ਦਾ ਵਿਰੋਧ ਕੀਤਾ। ਕਾਂਗਰਸੀ ਆਗੂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਸਥਾਨਕ ਵਿਧਾਇਕ ਦਾ ਪੁਤਲਾ ਵੀ ਸਾੜਿਆ।
ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਨਾਂਅ ਤੇ ਦਲਿਤਾਂ ਨੂੰ ਬੇਘਰ ਕਰਨ ਤੇ ਤੁਲੀ ਹੋਈ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਇਸ ਪ੍ਰੋਜੈਕਟ ਰਾਂਹੀ ਕੁੱਝ ਪ੍ਰਭਾਵਸ਼ਾਲੀ ਲੋਕਾਂ ਨੂੰ ਲਾਭ ਪਹੁੰਚਾਣ ਦੀ ਕੋਸ਼ਿਸ ਕਰ ਰਹੀ ਹੈ। ਜਦੋਂ ਤੱਕ ਸਰਕਾਰ ਵਲੋਂ ਗਰਿੱਡ ਦੀ ਸਥਾਪਨਾ ਦੇ ਲਈ ਦੂਜੀ ਥਾਂ ਦੀ ਚੋਣ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸਦਾ ਵਿਰੋਧ ਕੀਤਾ ਜਾਵੇਗਾ।