ਸ਼ਹੀਦੀ ਸਮਾਗਮ ਸਿਮਰਜੀਤ ਸਿੰਘ ਮਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ।
ਬਰਗਾੜੀ, 16 ਅਕਤੂਬਰ, 2016 : ਪਿਛਲੇ ਸਾਲ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚ ਚੋਰੀ ਕਰ ਲਏ ਸਨ। ਜਿਸ ਦੇ ਰੋਸ ਵਜੋਂ ਕੋਟਕਪੂਰਾ, ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਧਰਨੇ ਲਗਾਏ ਗਏ ਅਤੇ ਬਹਿਬਲ ਕਲਾਂ ਵਿਖੇ ਚੱਲ ਰਹੇ ਸ਼ਾਂਤਮਈ ਰੋਸ ਧਰਨੇ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅੰਨ•ੇਵਾਹ ਗੋਲੀਆਂ ਦੀਆਂ ਬੁਛਾੜਾਂ ਨਾਲ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਂਵਾਲਾ ਤੇ ਗੁਰਜੀਤ ਸਿੰਘ ਸਰਾਵਾਂ ਸ਼ਹੀਦ ਹੋ ਗਏ ਸਨ। ਭਾਵੇਂ ਇਹ ਸਾਰੀਆਂ ਮੰਦਭਾਗੀਆਂ ਘਟਨਾਵਾਂ ਨੂੰ ਲਗਭਗ 16 ਮਹੀਨੇ ਦਾ ਸਮਾਂ ਬੀਤ ਜਾਣ ਤੇ ਹਾਲੇ ਤੱਕ ਅਸਲ ਦੋਸ਼ੀਆਂ ਨੂੰ ਲੱਭਣ 'ਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਅਸਫ਼ਲ ਰਿਹਾ ਹੈ। ਬਹਿਬਲ ਕਲਾਂ ਗੋਲੀ ਕਾਂਡ 'ਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਂਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਪਿੰਡ ਨਿਆਮੀਵਾਲਾ ਵਿਖੇ ਸ਼੍ਰੀ ਅਖੰਡ ਪਾਠ ਅਰੰਭ ਕਰਕੇ ਅੱਜ ਭੋਗ ਪਾਏ ਗਏ।
ਭੋਗ ਉਪਰੰਤ ਸਿੱਖ ਕੌਮ ਦੀਆਂ ਮਹਾਨ ਸ਼ਖ਼ਸ਼ੀਅਤਾਂ ਨੇ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ. ਸਿਮਰਜੀਤ ਸਿੰਘ ਮਾਨ ਅਤੇ ਧਿਆਨ ਸਿੰਘ ਮੰਡ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸੰਗਤਾਂ ਅਤੇ ਸਾਰੀਆਂ ਹੀ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 10 ਨਵੰਬਰ 2016 ਨੂੰ ਸਾਬੋ ਕੀ ਤਲਵੰਡੀ ਵਿਖੇ ਸੱਦੇ ਗਏ ਸਰਬੱਤ ਖਾਲਸਾ 'ਚ ਜਰੂਰ ਪਹੁੰਚਣ। ਉਹਨਾਂ ਅੱਗੇ ਬੋਲਦਿਆਂ ਇਹ ਵੀ ਕਿਹਾ ਕਿ ਜੇਕਰ ਸੰਗਤਾਂ ਵਿੱਚੋਂ ਕਿਸੇ ਨੂੰ ਵੀ ਥਾਪੇ ਗਏ ਜਥੇਦਾਰਾਂ 'ਚ ਕਿਸੇ ਨੂੰ ਵੀ ਬਦਲਣਾ ਚਾਹੁਣ ਜਾਂ ਫਿਰ ਉਹਨਾਂ ਨੂੰ ਇਤਰਾਜ ਹੋਵੇ ਤਾਂ ਉਹ ਆਪਣੀ ਰਾਇ ਸਰਬੱਤ ਖਾਲਸਾ ਸਾਹਮਣੇ ਰੱਖ ਸਕਦੇ ਹਨ। ਇਸ ਮੌਕੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਸਿੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇੱਥੇ ਕੋਈ ਵੀ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਨਹੀਂ ਕੀਤੀ। ਇਸ ਸਮੇਂ ਪ੍ਰੋ: ਮਹਿੰਦਰਪਾਲ ਸਿੰਘ, ਸੁਰਜੀਤ ਸਿੰਘ ਅਰਾਂਈਆਂਵਾਲਾ, ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ ਆਦਿ ਹਾਜ਼ਰ ਸਨ।