ਮਹਿਲ ਕਲਾਂ ਵਿਖੇ ਪੱਲੇਦਾਰਾਂ ਨਾਲ ਮੀਟਿੰਗ ਕਰਦੇ ਹੋਏ ਬਸਪਾ ਉਮੀਦਵਾਰ ਡਾ. ਮੱਖਣ ਸਿੰਘ।
ਮਹਿਲ ਕਲਾਂ, 25 ਸਤੰਬਰ, 2016 (ਗੁਰਭਿੰਦਰ ਗੁਰੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਮੱਖਣ ਸਿੰਘ ਨੇ ਮਹਿਲ ਕਲਾਂ ਵਿਖੇ ਸੈਂਕੜੇ ਪੱਲੇਦਾਰਾਂ ਨਾਲ ਚੋਣ ਮੀਟਿੰਗ ਕੀਤੀ ਅਤੇ ਬਸਪਾ ਦੀਆਂ ਲੋਕ ਪੱਖੀ ਨੀਤੀਆਂ ਸਬੰਧੀ ਚਰਚਾ ਕੀਤੀ। ਡਾ. ਮੱਖਣ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਬੁਰੀ ਤਰਾਂ ਫ਼ੇਲ੍ਹ ਹੋ ਚੁੱਕੀ ਅਤੇ ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰਾ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਪਰ ਸਰਕਾਰ ਸਿਆਸੀ ਹਿਤਾਂ ਨੂੰ ਪਹਿਲ ਦੇ ਰਹੀ ਹੈ ਜਦਕਿ ਬੇਅਦਬੀ ਕਰਨ ਵਾਲੇ ਦੋਸੀ ਵਿਅਕਤੀ ਅਜੇ ਤੱਕ ਪੁਲਿਸ ਫੜ ਨਹੀਂ ਸਕੀ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦਲਿਤਾਂ, ਪਛੜਿਆਂ ਅਤੇ ਮਜ਼ਦੂਰਾਂ ਤੇ ਲਗਾਤਾਰ ਜੁਲਮ ਹੋ ਰਹੇ ਹਨ ਅਤੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਅਤੇ ਦਲਿਤ ਵਿਰੋਧੀ ਨੀਤੀਆਂ ਕਰਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਦਲਿਤ ਵਿਦਿਆਰਥੀਆਂ ਨੂੰ ਪੈਸਾ ਜਾਰੀ ਨਹੀਂ ਕੀਤਾ ਜਾ ਰਿਹਾ , ਜਿਸ ਕਰਕੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਮੱਖਣ ਸਿੰਘ ਨੇ ਦੱਸਿਆ ਕਿ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਪ੍ਰੀ ਨਿਰਮਾਣ ਮੌਕੇ ਫਗਵਾੜਾ ਵਿਖੇ 9 ਅਕਤੂਬਰ ਨੂੰ ਕੀਤੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਵਜੋਂ ਮਹਿਲ ਕਲਾਂ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਰੈਲੀ ਵਿੱਚ ਮਹਿਲ ਕਲਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਬਸਪਾ ਵਰਕਰ 20 ਬੱਸਾਂ ਦੇ ਕਾਫ਼ਲੇ ਰਾਹੀਂ ਫਗਵਾੜਾ ਲਈ ਰਵਾਨਾ ਹੋਣਗੇ। ਇਸ ਮੌਕੇ ਪਵਿੱਤਰ ਸਿੰਘ,ਸਰਬਜੀਤ ਸਿੰਘ ਨਾਗਰੀ, ਪੱਲੇਦਾਰ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ, ਪ੍ਰੇਮ ਸਿੰਘ ਸੱਦੋਵਾਲ, ਮੁਕੰਦ ਸਿੰਘ ਬਧੇਸਾ, ਦਰਬਾਰਾ ਸਿੰਘ ਬਧੇਸਾ ਆਦਿ ਆਗੂ ਵੀ ਹਾਜ਼ਰ ਸਨ।