ਬਾਘਾਪੁਰਾਨਾ/ਕੋਟਕਪੂਰਾ, 17 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਬਾਦਲਾਂ ਦੀ ਸ਼ਮੂਲਿਅਤ ਵਾਲੇ ਹਰੇਕ ਘੁਟਾਲੇ ਦੀ ਉਹ ਜਾਂਚ ਕਰਵਾਉਣਗੇ ਤੇ ਉਨ੍ਹਾਂ ਨੂੰ ਸੂਬੇ ਨੂੰ ਫੇਲ੍ਹ ਕਰਨ ਵਾਸਤੇ ਸਬਕ ਸਿਖਾਇਆ ਜਾਵੇਗਾ।
ਇਸ ਮੌਕੇ ਕਿਸਾਨ ਯਾਤਰਾ ਰੋਡ ਸ਼ੋਅ ਦੌਰਾਨ ਕੈਪਟਨ ਅਮਰਿੰਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਾਦਲਾਂ ਨੇ ਨਸ਼ਿਆਂ ਤੋਂ ਲੈ ਕੇ ਬੱਸਾਂ ਦੇ ਪਰਮਿਟ ਦੇ ਘੁਟਾਲੇ ਤੱਕ ਅਤੇ ਰੇਤ ਮਾਫੀਆ ਤੋਂ ਲੈ ਕੇ ਸ਼ਰਾਬ ਮਾਫੀਆ ਤੱਕ ਦੇ ਘੁਟਾਲਿਆਂ ਦੀ ਲੜੀ ਰਾਹੀਂ ਸੂਬੇ ਨੂੰ ਲੁੱਟਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਇਨ੍ਹਾਂ ਦੇ ਹਰੇਕ ਘੁਟਾਲੇ ਦੀ ਪੂਰੀ ਕਾਨੂੰਨੀ ਪ੍ਰੀਕ੍ਰਿਆ ਹੇਠ ਡੂੰਘਾਈ ਨਾਲ ਜਾਂਚ ਕਰਾਂਗੇ ਤੇ ਹਰੇਕ ਗੁਨਾਹਗਾਰ ਨੂੰ ਜੇਲ੍ਹ ਭੇਜਿਆ ਜਾਵੇਗਾ।
ਇਸੇ ਤਰ੍ਹਾਂ, ਪੰਜਾਬ ਕ੍ਟਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਕਿ ਮੰਡੀਆਂ ਤੋਂ ਕਿਸਾਨਾਂ ਦਾ ਝੌਨਾ ਸਮੇਂ 'ਤੇ ਖ੍ਰੀਦਣ 'ਚ ਅਸਫਲ ਰਹੇ ਬਾਦਲਾਂ ਨੂੰ ਉਹ ਸਮਾਂ ਆਉਣ 'ਤੇ ਸਬਕ ਸਿਖਾਉਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਤੇ ਉਨ੍ਹਾਂ ਨਾਲ ਧੋਖਾ ਕਰਨ 'ਚ ਸ਼ਾਮਿਲ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੈਪਟਨ ਅਮਰਿੰਦਰ ਕਿਸਾਨ ਯਾਤਰਾ ਰੋਡ ਸ਼ੋਅ ਦੇ ਪਹਿਲੇ ਦਿਨ ਮੋਗਾ ਤੇ ਫਰੀਦਕੋਟ ਜ਼ਿਲ੍ਹਿਆਂ ਦੀਆਂ ਮੰਡੀਆਂ 'ਚ ਕਿਸਾਨਾਂ ਦੇ ਨਾਲ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਮੋਗਾ ਦੇ ਬਾਘਾਪੁਰਾਣਾ 'ਚ ਉਤਸਾਹਿਤ ਕਿਸਾਨਾਂ ਦੇ ਵਿੱਚ ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਇਨ੍ਹਾਂ ਬਾਦਲਾਂ ਨੇ ਤੁਹਾਡਾ ਝੌਨਾ ਨਹੀਂ ਚੁੱਕਿਆ, ਪਰ ਮੈਂ ਇਨ੍ਹਾਂ ਨੂੰ ਚੁੱਕਾਂਗਾ, ਜਿਥੇ ਦੁਪਹਿਰ ਵੇਲੇ ਪਹੁੰਚੇ ਕੈਪਟਨ ਅਮਰਿੰਦਰ ਦੇ ਕਿਸਾਨ ਯਾਤਰਾ ਰੋਡ ਸ਼ੋਅ ਦੇ ਸਵਾਗਤ ਲਈ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਕੱਠੇ ਹੋਏ ਸਨ।
ਬਾਅਦ 'ਚ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ 'ਚ ਪੰਜਾਬ ਕਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਕਿ ਕਿਸਾਨਾਂ ਦੇ ਹਿੱਤਾਂ ਖਿਲਾਫ ਕੰਮ ਕਰ ਰਹੇ ਸਾਰੇ ਅਕਾਲੀਆਂ ਨੂੰ ਕਾਂਗਰਸ ਸਬਕ ਸਿਖਾਏਗੀ। ਇਸ ਦੌਰਾਨ ਕਿਸਾਨਾਂ ਦੇ ਦੋਸ਼ ਕਿ ਸੂਬੇ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਘਟੀਆ ਕੀਟਨਾਸ਼ਕ ਵੇਚ ਰਹੇ ਹਨ, 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਉਨ੍ਹਾਂ ਦੇ ਅਤੇ ਕੋਟਕਪੂਰਾ ਤੋਂ ਵਿਧਾਇਕ ਮਨਤਾਰ ਬਰਾੜ ਸਮੇਤ ਹੋਰਨਾਂ ਅਕਾਲੀ ਆਗੂਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਦੋਨਾਂ ਮੰਡੀਆਂ 'ਚ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ, ਜ਼ਿਨ੍ਹਾਂ ਨੇ ਬਾਦਲ ਸਰਕਾਰ ਖਿਲਾਫ ਸ਼ਿਕਾਇਤਾਂ ਦੀ ਲੰਬੀ ਸੂਚੀ ਦਰਜ਼ ਕਰਵਾਈ। ਜਿਸ 'ਤੇ ਕੈਪਟਨ ਅਮਰਿੰਦਰ ਨੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਉਣ 'ਤੇ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ 'ਤੇ ਸੁਲਝਾਉਣ ਦਾ ਵਾਅਦਾ ਕੀਤਾ।
ਬਾਘਾਪੁਰਾਣਾ ਦਾਣਾ ਮੰਡੀ 'ਚ ਕਈ ਕਿਸਾਨਾਂ ਨੇ ਦੱਸਿਆ ਕਿ ਉਹ ਬੀਤੇ ਇਕ ਹਫਤੇ ਤੋਂ ਸਰਕਾਰੀ ਏਜੰਸੀਆਂ ਵੱਲੋਂ ਉਨ੍ਹਾਂ ਦਾ ਝੌਨਾ ਖ੍ਰੀਦੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਖ੍ਰੀਦ 'ਚ ਹੋ ਰਹੀ ਦੇਰੀ ਉਨ੍ਹਾਂ ਲਈ ਮਹਿੰਗੀ ਸਾਬਤ ਹੋ ਰਹੀ ਹੈ, ਜਿਹੜੇ ਪਹਿਲਾਂ ਤੋਂ ਕਰਜਿਆਂ ਤੇ ਹੋਰਨਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਜਿਥੇ ਕਿਸਾਨਾਂ ਨੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਸਪ੍ਰੇਅ ਦੀ ਗੁਣਤਾ ਨੂੰ ਲੈ ਕੇ ਵੀ ਸ਼ਿਕਾਇਤ ਕੀਤੀ। ਉਥੇ ਹੀ, ਮੰਡੀ 'ਚ ਕੰਮ ਕਰਨ ਵਾਲੇ ਪੱਲੇਦਾਰਾਂ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਦਿਹਾੜੀ ਨਹੀਂ ਮਿੱਲ ਰਹੀ ਹੈ।
ਇਸ ਦੌਰਾਨ ਕਿਸਾਨਾਂ ਨੇ ਕੈਪਟਨ ਅਮਰਿੰਦਰ ਨੂੰ ਸੱਤਾ 'ਚ ਆਉਣ ਤੋਂ ਬਾਅਦ ਸੂਬੇ 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦਾ ਬਦਲਾ ਲੈਣ ਦੀ ਅਪੀਲ ਕੀਤੀ। ਪ੍ਰਦੇਸ਼ ਕਾਂਗਰਸ ਪ੍ਰਧਾਨ 'ਤੇ ਪੂਰਾ ਭਰੋਸਾ ਪ੍ਰਗਟਾਉਂਦਿਆਂ ਕਿਸਾਨਾਂ ਨੇ ਉਨ੍ਹਾਂ ਨੂੰ ਦੁੱਖਾਂ ਤੋਂ ਛੁਟਕਾਰਾ ਦਿਲਾਉਣ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ।
ਕੋਟਕਪੂਰਾ 'ਚ ਕਿਸਾਨਾਂ ਨੇ ਉਨ੍ਹਾਂ ਦੇ ਝੌਨੇ ਦੀ ਖ੍ਰੀਦ ਨਾ ਹੋਣ ਤੋਂ ਇਲਾਵਾ, ਉਨ੍ਹਾਂ ਖਿਲਾਫ ਸਥਾਨਕ ਪੁਲਿਸ ਵੱਲੋਂ ਦਰਜ਼ ਕੀਤੀਆਂ ਗਈਆਂ ਝੂਠੀਆਂ ਸ਼ਿਕਾਇਤਾਂ ਦਾ ਮੁੱਦਾ ਵੀ ਚੁੱਕਿਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਉਨ੍ਹਾਂ ਖਿਲਾਫ ਦਰਜ਼ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਵਾਏਗੀ ਜਾਵੇਗੀ।
ਕਿਸਾਨਾਂ ਨਾਲ ਚਰਚਾ ਕਰਦਿਆਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਤੇ ਉਨ੍ਹਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਅਗਾਮੀ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਦਾ ਬਾਘਾਪੁਰਾਣਾ ਪਹੁੰਚਣ 'ਤੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਨ੍ਹਾਂ 'ਚ ਜ਼ਿਆਦਾਤਰ ਕਿਸਾਨ ਸਨ। ਉਹ ਆਪਣੇ ਕਿਸਾਨ ਯਾਤਰ ਰੋਡ ਸ਼ੋਅ ਲਈ ਤਿਆਰ ਕੀਤੀ ਗਈ ਹਾਈ ਟੈਕ ਬੱਸ 'ਚ ਦੁਪਹਿਰ ਵੇਲੇ ਇਲਾਕੇ 'ਚ ਪਹੁੰਚੇ, ਜਿਸਨੂੰ ਸੋਮਵਾਰ ਸਵੇਰੇ ਚੰਡੀਗੜ੍ਹ ਸਥਿਤ ਕਾਂਗਰਸ ਭਵਨ 'ਚ ਕਰਜ਼ਾ ਪ੍ਰਭਾਵਿਤ ਕਿਸਾਨਾਂ ਦੀਆਂ ਵਿਧਵਾਵਾਂ ਵੱਲੋਂ ਝੰਡੀ ਦਿਖਾਈ ਗਈ ਸੀ, ਜਿਨ੍ਹਾਂ ਨੇ ਬੀਤੇ ਹਫਤਿਆਂ ਦੌਰਾਨ ਖੁਦਕੁਸ਼ੀਆਂ ਕੀਤੀਆਂ ਸਨ।
ਦਾਣਾ ਮੰਡੀ ਵਿਖੇ 'ਚ ਕਿਸਾਨਾਂ ਨਾਲ ਮਿੱਲਣ ਲਈ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਦਾ ਰੋਡ ਸ਼ੋਅ ਜਿਵੇਂ ਹੀ ਪਿੰਡਾਂ ਦੇ ਬਾਹਰ ਪਹੁੰਚਿਆ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਸੜਕ ਦੇ ਦੋਨਾਂ ਪਾਸੇ ਲਾਈਨਾਂ ਲਗਾ ਕੇ ਖੜ੍ਹੀ ਹੋ ਗਈ। ਬਾਅਦ 'ਚ ਰੋਡ ਸ਼ੋਅ ਇਕ ਹੋਰ ਮੀਟਿੰਗ ਲਈ ਫਰੀਦਕੋਟ ਨਿਕਲ ਗਿਆ, ਜਿਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਵੱਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਸਵਾਗਤ ਕੀਤਾ ਗਿਆ।
ਇਹ ਤਿੰਨ ਰੋਜ਼ਾ ਰੋਡ ਸ਼ੋਅ ਮੰਗਲਵਾਰ ਨੂੰ ਫਰੀਦਕੋਟ ਤੋਂ ਅੱਗੇ ਵੱਧੇਗਾ। ਜਿਥੋਂ ਕੈਪਟਨ ਅਮਰਿੰਦਰ ਲੁਧਿਆਣਾ ਵਿਖੇ ਬਾਦਲਾਂ ਤੇ ਉਨ੍ਹਾਂ ਦੇ ਸਾਥੀਆਂ ਦਾ ਉਸੇ ਜਗ੍ਹਾ ਚਿੱਟਾ ਰਾਵਣ ਸਾੜਨ ਲਈ ਨਿਕਲਣਗੇ, ਜਿਥੇ ਦੁਸਹਿਰੇ ਮੌਕੇ ਅਕਾਲੀਆਂ ਨੇ ਕਾਂਗਰਸੀ ਵਰਕਰਾਂ 'ਤੇ ਹਮਲਾ ਕੀਤਾ ਸੀ।
ਲੁਧਿਆਣਾ ਦਾ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਨੂੰ ਸ਼ਹਿਰ 'ਚ ਦੌਰੇ ਦੇ ਬਰਾਬਰ ਤੈਅ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਲੁਧਿਆਣਾ ਤੋਂ ਬਾਅਦ ਆਪਣੇ ਰੋਡ ਸ਼ੋਅ ਲਈ ਚੱਲ ਪੈਣਗੇ, ਜੋ ਤਿੰਨ ਦਿਨਾਂ 'ਚ 500 ਕਿਲੋਮੀਟਰ ਤੋਂ ਵੱਧ ਦਾ ਦਾਇਰਾ ਕਵਰ ਕਰਨਗੇ।