ਚੰਡੀਗੜ੍ਹ, 19 ਅਕਤੂਬਰ, 2016 : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਉਂਦੀ 23 ਅਕਤੂਬਰ ਨੂੰ ਦੇਸ਼ ਨੂੰ ਸਮਰਪਿਤ ਕੀਤੀ ਜਾ ਰਹੀ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਅਤੇ ਮਿਊਜ਼ਿਅਮ (ਪੀ.ਐਸ.ਡਬਲਯੂ.ਐਚ.ਐਮ.ਐਮ) ਦੇ ਉਦਘਾਟਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਇਸ ਸਮਾਗਮ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਨਾਉਣ 'ਤੇ ਜ਼ੋਰ ਦਿੱਤਾ।
ਬੀਤੀ ਸ਼ਾਮ ਪੰਜਾਬ ਭਵਨ ਵਿਖੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਇਸ ਉਦਘਾਟਨੀੇ ਸਮਾਰੋਹ ਨੂੰ ਯਾਦਗਾਰੀ ਬਨਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਨ ਸ਼ਾਨ ਦੀ ਰਾਖੀ ਰੱਖਦੇ ਹੋਏ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਬਹਾਦਰ ਫੌਜੀਆਂ ਦੀ ਯਾਦ ਵਿੱਚ ਇਹ ਆਪਣੇ ਕਿਸਮ ਦੀ ਦੇਸ਼ ਭਰ ਵਿੱਚ ਪਹਿਲੀ ਤੇ ਵਿਲੱਖਣ ਯਾਦਗਾਰ ਹੈ। ਉਨ੍ਹਾਂ ਨੇ ਇਸ ਯਾਦਗਾਰ ਦੀ ਮਹਾਨਤਾ ਦੇ ਮੱਦੇਨਜ਼ਰ ਉਦਘਾਟਨੀ ਮੌਕੇ ਲੋਕਾਂ ਦੀ ਪ੍ਰਭਾਵੀ ਸ਼ਮਲੀਅਤ ਕਰਵਾਉਣ ਲਈ 'ਤੇ ਜ਼ੋਰ ਦਿੱਤਾ। ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰ ਦੇਸ਼ ਦੀ ਸੇਵਾ ਕਰਨ ਵਾਲੇ ਹਥਿਆਰਬੰਦ ਸੈਨਾਵਾਂ ਦੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਹੈ।
ਗੌਰਤਬਲ ਹੈ ਕਿ ਇਸ ਉਦਘਾਟਨੀ ਸਮਾਰੋਹ ਵਿੱਚ ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਫੌਜ ਦੇ ਕੁਝ ਸਾਬਕਾ ਮੁਖੀ ਅਤੇ ਵੱਡੀ ਗਿਣਤੀ ਉੱਚ ਫੌਜੀ ਅਧਿਕਾਰੀ ਹਿੱਸਾ ਲੈਣਗੇ। ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਇਸ ਸਮਾਰੋਹ ਵਿਚ 20 ਹਜ਼ਾਰ ਦੇ ਕਰੀਬ ਸਾਬਕਾ ਫੌਜੀਆਂ/ਵਿਧਵਾਵਾਂ ਦੇ ਪਹੁੰਚਣ ਦੀ ਉਮੀਦ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੈਪਰੇਟਰੀ ਅਕੈਡਮੀ ਅਤੇ ਮਾਈ ਭਾਗੋ ਆਰਮਡ ਫੋਰਸ ਪ੍ਰੈਪਰੇਟਰੀ ਅਕੈਡਮੀ ਦੇ ਵਿਦਿਆਰਥੀ ਵੀ ਇਸ ਜੰਗੀ ਯਾਦਗਾਰ ਦੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣਗੇ। ਇਹ ਅਤਿ ਆਧੁਨਿਕ ਪ੍ਰਾਜੈਕਟ 130 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਚ ਮਹਾਨ ਪੰਜਾਬ ਦੇ 2,000 ਸਾਲ ਦੇ ਇਤਿਹਾਸ ਨੂੰ ਮੂਰਤੀਮਾਨ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਸੋਹਣ ਸਿੰਘ ਠੰਡਲ, ਵਿਧਾਇਕ ਸ. ਗੁਰਬਚਨ ਸਿੰਘ ਬੱਬੇਹਾਲੀ, ਸ. ਬਲਜੀਤ ਸਿੰਘ ਜਲਾਲ ਉਸਮਾ, ਸ. ਮਨਜੀਤ ਸਿੰਘ ਮੀਆਂਵਿੰਡ, ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਸ. ਸੁੱਚਾ ਸਿੰਘ ਲੰਗਾਹ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।