ਅਸ਼ੋਕ ਵਰਮਾ
- 24 ਤੱਕ ਚੱਲਣਗੇ ਸ਼ਰਧਾਂਜਲੀ ਸਮਾਗਮ ਅਤੇ ਰੋਸ ਮਾਰਚ
ਚੰਡੀਗੜ੍ਹ, 20 ਦਸੰਬਰ 2020 - ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਮੁਤਾਬਕ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ 14 ਜਿਲਿਆਂ ਦੇ98 ਪਿੰਡਾਂ ਵਿੱਚ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 15 ਜਿਲਿਆਂ ਵਿੱਚ ਪਿੰਡ ਪਿੰਡ ਸ਼ਰਧਾਂਜਲੀ ਸਮਾਗਮ 23 ਦਸੰਬਰ ਤੱਕ ਕੀਤੇ ਜਾਣਗੇ ਅਤੇ 24 ਦਸੰਬਰ ਨੂੰ ਬਲਾਕ ਕੇਂਦਰਾਂ ਵਿੱਚ ਪੂਰੇ ਵਿਸ਼ਾਲ ਸਮਾਗਮ ਕੀਤੇ ਜਾਣਗੇ। ਅੱਜ ਦੇ ਸਮਾਗਮਾਂ ਵਿੱਚ ਭਾਰੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜਦੂਰ ਅਤੇ ਹੋਰ ਕਿਰਤੀ ਲੋਕ ਸ਼ਾਮਲ ਹੋਏ।
39 ਸ਼ਹੀਦਾਂ ਦੀਆਂ ਫੋਟੋ-ਫਲੈਕਸਾਂ ਉੱਤੇ ਫੁੱਲਾਂ ਦੀ ਵਰਖਾ ਅਤੇ ਦੋ ਮਿੰਟਾਂ ਲਈ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਗਲੀ ਗਲੀ ਰੋਸ ਮਾਰਚ ਕੀਤੇ ਗਏ। ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਜਗਤਾਰ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਬਰਾਸ, ਰਾਮ ਸਿੰਘ ਭੈਣੀਬਾਘਾ, ਚਮਕੌਰ ਸਿੰਘ ਨੈਣੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ, ਸਰੋਜ ਦਿਆਲਪੁਰਾ, ਪਰਮਜੀਤ ਕੌਰ ਕੋਟੜਾ, ਗੁਰਮੀਤ ਸਿੰਘ ਕਿਸ਼ਨਪੁਰਾ ਜਸਪਾਲ ਸਿੰਘ ਧੰਗਈ, ਮੋਹਨ ਸਿੰਘ ਨਕੋਦਰ, ਜਸਵੀਰ ਸਿੰਘ ਗੰਡੀਵਿੰਡ, ਬਲਵੰਤ ਸਿੰਘ ਘੁਡਾਣੀ ਆਦਿ ਸ਼ਾਮਲ ਸਨ। ਬੁਲਾਰਿਆਂ ਨੇ ਮੋਦੀ ਭਾਜਪਾ ਹਕੂਮਤ ਦੇ ਅੜੀਅਲ ਕਿਸਾਨ ਦੁਸ਼ਮਣ ਵਤੀਰੇ ਨੂੰ ਇਹਨਾਂ ਸ਼ਹੀਦਾਂ ਦੀਆਂ ਜਾਨਾਂ ਲੈਣ ਲਈ ਜੰਿਮੇਵਾਰ ਦੱਸਦੇ ਹੋਏ ਇਸ ਦੀ ਸਖਤ ਨਿਖੇਧੀ ਕੀਤੀ। ਸਰਕਾਰ ਵਿਰੁੱਧ ਅਤੇ ਕਿਸਾਨ ਮੰਗਾਂ ਦੇ ਹੱਕ ਵਿੱਚ ਰੋਹ ਭਰਪੂਰ ਨਾਹਰੇ ਲਾਉਂਦੇ ਹੋਏ ਮਜ਼ਾਹਰਾਕਾਰੀ ਪੰਜੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਸਨ। ਸ਼ਹੀਦਾਂ ਦੇ ਵਾਰਿਸਾਂ ਲਈ10-10 ਲੱਖ ਰੁਪਏ ਦਾ ਮੁਆਵਜਾ ਕਰਜਾਮੁਕਤੀ ਅਤੇ 1-1 ਜੀਅ ਲਈ ਪੱਕੀ ਨੌਕਰੀ ਦੀ ਮੰਗ ਵੀ ਜ਼ੋਰ ਨਾਲ ਉਠਾਈ ਗਈ। ਸਮੂਹਕ ਤੌਰ ਤੇ ਸ਼ਹੀਦਾਂ ਦੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਅੰਤਮ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।