ਅਸ਼ੋਕ ਵਰਮਾ
ਬਠਿੰਡਾ,14 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਮੋਰਚੇ ਮੌਕੇ ਭਾਰਤੀ ਜੰਤਾ ਪਾਰਟੀ ਆਗੂਆਂ ਹਰਜੀਤ ਗਰੇਵਾਲ ਅਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ ਦੇ ਦਾਬਾ ਪਾਉਣ ਵਾਲੇ ਵਤੀਰੇ ਨੂੰ ਦੇਖਦਿਆਂ ਮੌਜੂਦਾ ਲੋਕ ਘੋਲ ਵਿੱਚ ਪੇਂਡੂ ਔਰਤਾਂ ਨੂੰ ਉਤਾਰਨ ਦਾ ਪੈਂਤੜਾ ਅਖਤਿਆਰ ਕਰਦਿਆਂ ਸੰਘਰਸ਼ ਨੂੰ ਦੋਵਾਂ ਭਾਜਪਾ ਆਗੂਆਂ ਦੇ ਪਿੰਡਾਂ ਦੀਆਂ ਸੱਥਾਂ ’ਚ ਲਿਜਾਣ ਦਾ ਫੈਸਲਾ ਕੀਤਾ ਹੈ। ਜੱਥੇਬੰਦੀ ਨੇ ਔਰਤ ਦਿਵਸ ਮਨਾਉਣ ਦੇ ਸੱਦੇ ਤਹਿਤ 18 ਜਨਵਰੀ ਨੂੰ ਗਰੇਵਾਲ ਦੇ ਪਿੰਡ ਧਨੌਲਾ ਅਤੇ ਜਿਆਣੀ ਦੇ ਪਿੰਡ ਕਟਹਿਰਾ ’ਚ ਔਰਤਾਂ ਦੀਆਂ ਵਿਸ਼ਾਲ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਔਰਤ ਸ਼ਕਤੀ ਵਿੱਚ ਵੱਡਾ ਹਿੱਸਾ ਉਹਨਾਂ ਔਰਤਾਂ ਦਾ ਹੋਵੇਗਾ ਜਿਹਨਾਂ ਦੇ ਕਮਾਊ ਪਤੀ ਜਾਂ ਪੁੱਤ ਖੇਤੀ ਤੇ ਆਏ ਸੰਕਟ ਕਾਰਨ ਜਹਾਨੋਂ ਤੁਰ ਗਏ ਸਨ। ਇਸ ਦੇ ਨਾਲ ਹੀ ਪੇਂਡੂ ਖੇਤਰ ਨਾਲ ਸਬੰਧਤ ਸਧਾਰਨ ਪ੍ਰੀਵਾਰਾਂ ਦੀਆਂ ਹਜਾਰਾਂ ਔਰਤਾਂ ਵੀ ਭਾਜਪਾ ਖਿਲਾਫ ਇਸ ਜੰਗ ’ਚ ਕੁੱਦਣਗੀਆਂ।
ਲੋਕ ਸੰਘਰਸ਼ਾਂ ਦੀ ਕਾਮਯਾਬੀ ਲਈ ਕਿਸਾਨ ਤੇ ਮਜ਼ਦੂਰ ਔਰਤਾਂ ਨੂੰ ਸ਼ਾਮਲ ਕਰਨ ਦੀ ਵੱਡੀ ਜਰੂਰਤ ਮਹਿਸੂਸ ਹੋਈ ਹੈ । ਅੱਜ ਇਸ ਕਿਸਾਨ ਜੱਥੇਬੰਦੀ ਨੇ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਬਠਿੰਡਾ, ਮਾਨਸਾ , ਫਾਜਲਿਕਾ ਅਤੇ ਸ੍ਰੀ ਮੁਕਤਸਰ ਸਾਹਿਬ ਜਿਲਿਆਂ ਦੀ ਹੰਗਾਮੀ ਮੀਟਿੰਗ ਕਰਕੇ ਇਹ ਫੈਸਲਾ ਲਿਆ ਹੈ। ਮਹੱਤਵਪੂਰਨ ਤੱਥ ਹੈ ਕਿ ਸਰਕਾਰਾਂ ਲਈ ਔਰਤਾਂ ਨਾਲ ਟੱਕਰ ਲੈਣੀ ਕਾਫੀ ਔਖੀ ਹੁੰਦੀ ਹੈ ਜਿਸ ਕਰਕੇ ਸਾਰਾ ਧਿਆਨ ਪਿੰਡਾਂ ਵੱਲ ਕੇਂਦਰਤ ਕੀਤਾ ਗਿਆ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਜੇਕਰ ਔਰਤਾਂ ਮੈਦਾਨ ’ਚ ਉਤਰਦੀਆਂ ਹਨ ਤਾਂ ਨਾਂ ਕੇਵਲ ਮੋਦੀ ਸਰਕਾਰ ਬਲਕਿ ਭਾਜਪਾ ਲੀਡਰਸ਼ਿਪ ਲਈ ਨਵੀਂ ਸਿਰਦਰਦੀ ਪੈਦਾ ਹੋ ਸਕਦੀ ਹੈ ਜੋ ਪਹਿਲਾਂ ਹੀ ਮੁਖਾਲਫਤ ਦੇ ਵੱਡੇ ਸੰਕਟ ਨਾਲ ਜੂਝ ਰਹੀ ਹੈ। ਪਿਛਲਾ ਤਜ਼ਰਬਾ ਦੱਸਦਾ ਹੈ ਕਿ ਔਰਤਾਂ ਦੀ ਸ਼ਮੂਲੀਅਤ ਨਾਲ ਘੋਲਾਂ ਦੀ ਸਫਲਤਾ ਵਧਦੀ ਹੈ ਜਿਸ ਕਰਕੇ ਜਥੇਬੰਦੀ ਨੇ ਇਹ ਮੁਹਿੰਮ ਵਿੱਢੀ ਗਈ ਹੈ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਘੋਲ ਨੇ ਲੋਕ ਤਾਕਤ ਦਾ ਜਲਵਾ ਵਿਖਾਇਆ ਹੈ ਅਤੇ ਲੋਕਾਂ ਨੇ ਸਿਆਸੀ ਪਾਰਟੀਆਂ ਦੀ ਖਸਲਤ ਨੂੰ ਬੁੱਝਦਿਆਂ ਆਪਣੇ ਮਸਲੇ ਦੇ ਹੱਲ ਲਈ ਆਪਣੇ ਏਕੇ ਅਤੇ ਸੰਘਰਸ਼ ਤੇ ਹੀ ਟੇਕ ਰੱਖੀ ਹੈ।ਉਹਨਾਂ ਕਿਹਾ ਕਿ ਲੋਕ ਲਹਿਰ ਦਾ ਰੂਪ ਧਾਰਨ ਕਰਦੇ ਜਾ ਰਹੇ ਇਸ ਅੰਦੋਲਨ ਦੇ ਅਸਰ ਕਾਰਨ ਸੁਪਰੀਮ ਕੋਰਟ ਨੂੰ ਵੀ ਕਿਸਾਨਾਂ ਦੇ ਸੰਘਰਸ਼ ਕਰਨ ਦੇ ਹੱਕ ਨੂੰ ਤਸਲੀਮ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨ ਦੇ ਸਮਰੱਥ ਨਹੀਂ ਕਿਉਂਕਿ ਇਸ ਦੇ ਮੈਂਬਰ ਇਹਨਾਂ ਕਾਨੂੰਨਾਂ ਦੇ ਮੁੱਦਈ ਹਨ। ਇਸ ਕਰਕੇ ਹੁਣ ਦਿੱਲੀ ਡਟਣ ਦੇ ਨਾਲ ਨਾਲ ਪੰਜਾਬ ਵਿੱਚ ਵੀ ਲਾਮਬੰਦੀ ਤੇਜ ਕਰੇਗੀ ਅਤੇ ਘੋਲ ਵਿੱਚ ਕਿਸਾਨਾਂ ਦੇ ਨਾਲ ਨਾਲ ਔਰਤਾਂ ਅਤੇ ਵੱਖ ਵੱਖ ਤਬਕਿਆਂ ਨੂੰ ਵੀ ਜਥੇਬੰਦ ਕਰਨ ਲਈ ਯਤਨ ਜੁਟਾਏ ਜਾਣਗੇ।
ਸੁਖਜੀਤ ਸਿੰਘ ਕੋਠਾਗੁਰੂ ਨੇ ਜਥੇਬੰਦੀ ਵੱਲੋਂ ਇਸ ਸੰਘਰਸ਼ ’ਚ ਹੁਣ ਤੱਕ ਨਿਭਾਏ ਰੋਲ ਦੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਪਹੋਰਨਾਂ ਤਬਕਿਆਂ ਦੀ ਹਮਾਇਤ ਚ ਨਿੱਤਰਣ ਦਾ ਕਾਰਨ ਇਹੀ ਹੈ ਕਿ ਜਥੇਬੰਦੀ ਹਰ ਸੰਘਰਸ਼ਸ਼ੀਲ ਤਬਕੇ ਦੀ ਬਿਨਾਂ ਸ਼ਰਤ ਹਮਾਇਤ ਚ ਨਿੱਤਰਦੀ ਰਹੀ ਹੈ। ਜਗਤਾਰ ਸਿੰਘ ਕਾਲਾਝਾੜ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਕਿਸਾਨਾਂ ਦਾ ਅਨਿੱਖੜਵਾਂ ਅੰਗ ਬਣਦੇ ਖੇਤ ਮਜਦੂਰਾਂ ਨੂੰ ਜਥੇਬੰਦ ਕਰਨ ਦਾ ਕਾਰਜ ਘੋਲ ਨੂੰ ਹੋਰ ਵੀ ਤਕੜਾਈ ਦੇਵੇਗਾ ਇਸ ਕਰਕੇ ਸਾਨੂੰ ਤਨਦੇਹੀ ਨਾਲ ਖੇਤ ਮਜਦੂਰਾਂ ਨੂੰ ਜਥੇਬੰਦ ਕਰਨ ਚ ਜੁਟਣਾ ਚਾਹੀਦਾ ਹੈ।ਅੱਜ ਦੇ ਇਕੱਠ ਵਿੱਚ ਇੰਦਰਜੀਤ ਸਿੰਘ ਝੱਬਰ, ਗੁਰਪਾਸ਼ ਸਿੰਘ ਸਿੰਘੇਵਾਲਾ,ਦਰਸ਼ਨ ਸਿੰਘ ਮਾਈਸਰਖਾਨਾ ਅਤੇ ਰਾਜਵਿੰਦਰ ਸਿੰਘ ਰਾਜੂ ਰਾਮਨਗਰ ਵੀ ਹਾਜਰ ਸਨ ਜਿਹਨਾਂ ਅੰਤਮ ਜਿੱਤ ਤੱਕ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਸਟੇਜ ਦਾ ਸੰਚਾਲਨ ਹਰਜਿੰਦਰ ਸਿੰਘ ਬੱਗੀ ਨੇ ਕੀਤਾ।
ਔਰਤਾਂ ਦੇ ਸੰਘਰਸ਼ ’ਚ ਕੁੱਦਣ ਦਾ ਕਾਰਨ
ਦੱਸਣਯੋਗ ਹੈ ਕਿ ਸਾਲ 2009 ’ਚ ਕਿਸਾਨ ਮਜ਼ਦੂਰ ਧਿਰਾਂ ਨੇ ਖੁਦਕਸ਼ੀ ਵਰਗੇ ਮੰਦਭਾਗੇ ਵਰਤਾਰੇ ਦਾ ਸ਼ਿਕਾਰ ਹੋਈਆਂ ਵਿਧਵਾ ਔਰਤਾਂ ਦੇ ਇਕੱਠ ਕੀਤੇ ਸਨ। ਇਹਨਾਂ ਇਕੱਠਾਂ ਕਾਰਨ ਬਣੇ ਹਾਲਾਤਾਂ ਦੇ ਨਤੀਜੇ ਵਜੋਂ ਆਤਮਹੱਤਿਆ ਕਰਨ ਵਾਲੇ ਕਿਸਾਨ ਪ੍ਰੀਵਾਰਾਂ ਨੂੰ 2 ਲੱਖ ਰੁਪੈ ਦੀ ਮਾਲੀ ਸਹਾਇਤਾ ਦਾ ਐਲਾਨ ਕਰਨਾ ਪਿਆ ਸੀ। ਭਾਵੇਂ ਸਰਕਾਰ ਨੇ ਬਾਅਦ ’ਚ ਇਸ ਮਸਲੇ ਨੂੰ ਬਾਅਦ ’ਚ ਲਟਕਾ ਦਿੱਤਾ ਪਰ ਔਰਤਾਂ ਦੀ ਅਹਿਮੀਅਤ ਜੱਗ ਜਾਹਰ ਹੋ ਗਈ ਸੀ। ਯੂਨੀਅਨ ਨੇ ਬਕਾਇਦਾ ਔਰਤ ਵਿੰਗ ਬਣਾਕੇ ਔਰਤਾਂ ਦੀ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ। ਇਸ ਵੇਲੇ ਹਰਿੰਦਰ ਕੌਰ ਬਿੰਦੂ,ਹਰਪ੍ਰੀਤ ਕੌਰ ਜੇਠੂਕੇ,ਪਰਮਜੀਤ ਕੌਰ ਪਿੱਥੋ, ਮਾਲਣ ਕੌਰ ਕੋਠਾ ਗੁਰੂ , ਬਲਜੀਤ ਕੌਰ ਬਰਨਾਲਾ, ਕੁਲਦੀਪ ਕੌਰ ਕੁੱਸਾ ਆਦਿ ਔਰਤ ਆਗੂ ਹਨ ਜੋ ਔਰਤਾਂ ਨੂੰ ਅੰਦੋਲਨ ਲਈ ਤਿਆਰ ਕਰ ਰਹੀਆਂ ਹਨ।