ਚੰਡੀਗੜ੍ਹ, 23 ਅਕਤੂਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਵੱਲੋਂ ਉਦਯੋਗਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਇਕ ਹੋਰ ਡਰਾਮਾ ਕਰਾਰ ਦਿੱਤਾ ਹੈ, ਜਿਸ 'ਚ ਸੱਚਾਈ ਪ੍ਰਤੀ ਜਾਣਕਾਰੀ ਦੀ ਘਾਟ ਤੇ ਕਈ ਮੁੱਖ ਮੁੱਦਿਆਂ ਉਪਰ ਚੁੱਪੀ ਸਾਫ ਨਜ਼ਰ ਆਉਂਦੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ ਦੇ ਉਦਯੋਗਾਂ ਨੂੰ ਪੇਸ਼ ਆ ਰਹੇ ਮੁੱਦਿਆਂ ਤੋਂ ਅਣਜਾਨ, ਜਿਹੜੇ ਬਾਦਲ ਸ਼ਾਸਨ ਅਧੀਨ ਸੱਭ ਤੋਂ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ, ਕੇਜਰੀਵਾਲ ਨੇ ਸਿਰਫ ਪਹਿਲਾਂ ਤੋਂ ਪੰਜਾਬ ਕਾਂਗਰਸ ਵੱਲੋਂ ਕੀਤੇ ਜਾ ਚੁੱਕੇ ਵਾਅਦਿਆਂ ਨੂੰ ਚੁੱਕਿਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਿਜਲੀ ਰੇਟ ਘਟਾਉਣ ਤੋਂ ਲੈ ਕੇ ਵੈਟ ਵਧਾਉਣ ਤੇ ਇਸਨੂੰ ਸਰਲ ਬਣਾਉਣ, ਮਾੜੇ ਦੌਰ ਦਾ ਸਾਹਮਣਾ ਕਰ ਰਹੇ ਯੂਨਿਟਾਂ ਨੂੰ ਮੁੜ ਖੜ੍ਹਾ ਕਰਨ, ਰੋਪੜ 'ਚ ਨਵੀਂ ਉਦਯੋਗਿਕ ਟਾਊਨਸ਼ਿਪ ਬਣਾਉਣ ਤੇ ਮਾਫੀਆ ਰਾਜ ਦੇ ਖਾਤਮੇ ਦਾ ਵਾਅਦਾ ਸਾਡੀ ਪਾਰਟੀ ਪਹਿਲਾਂ ਹੀ ਵਪਾਰ ਤੇ ਉਦਯੋਗਾਂ ਨੂੰ ਰਾਹਤ ਦੇਣ ਲਈ ਕਰ ਚੁੱਕੀ ਹੈ। ਇਸ ਦੌਰਾਨ ਕੇਜਰੀਵਾਲ ਨੇ ਸਿਰਫ ਇਨ੍ਹਾਂ ਮੁੱਦਿਆਂ ਨੂੰ ਚੁੱਕਿਆ ਹੈ ਅਤੇ ਪੰਜਾਬ ਲਈ ਆਪਣੇ ਚੋਣ ਮੈਨਿਫੈਸਟੋ 'ਚ ਪੈਕ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਿਜੀ ਕੰਪਨੀਆਂ ਨਾਲ ਬਿਜਲੀ ਖ੍ਰੀਦ ਸਬੰਧੀ ਸਮਝੌਤੇ ਰੱਦ ਕਰਨ ਦਾ ਵਾਅਦਾ ਕੀਤਾ ਸੀ, ਜੋ ਕਾਂਗਰਸ ਦੀ ਪੁਰਾਣੀ ਵਚਨਬੱਧਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਨਕਲ ਕਰਨ ਵਾਸਤੇ ਵੀ ਅਕਲ ਦੀ ਲੋੜ ਹੁੰਦੀ ਹੈ ਅਤੇ ਕਾਂਗਰਸ ਦੀ ਕਾਪੀ ਕਰਨ ਦੀ ਜ਼ਲਦੀ 'ਚ ਕੇਜਰੀਵਾਲ ਆਪਣੇ ਮੈਨਿਫੈਸਟੋ 'ਚ ਕੁਝ ਮੁੱਖ ਮੁੱਦੇ ਵੀ ਸ਼ਾਮਿਲ ਕਰਨਾ ਭੁੱਲ ਗਏ। ਜਿਨ੍ਹਾਂ ਮੁੱਖ ਮੁੱਦਿਆਂ 'ਚੋਂ ਇਕ ਬਾਦਲ ਵੱਲੋਂ ਸਮਾਲ-ਸਮੇਲ ਉਦਯੋਗਿਕ ਯੂਨਿਟਾਂ ਨੂੰ ਬਾਹਰ ਭੇਜਣ ਦਾ ਲਿਆ ਗਿਆ ਫੈਸਲਾ ਹੈ, ਜਿਸ 'ਤੇ ਆਪ ਦਾ ਮੈਨਿਫੈਸਟੋ ਪੂਰੀ ਤਰ੍ਹਾਂ ਚੁੱਪ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਮੈਨਿਫੈਸਟੋ ਕਲੋਨੀਆਂ ਰੈਗੁਲਰ ਕਰਨ ਦਾ ਵਾਅਦਾ ਕਰਦਾ ਹੈ, ਜੋ ਚੋਣਾਂ ਦੀ ਚਲਾਕੀ ਤੋਂ ਇਲਾਵਾ ਕੁਝ ਨਹੀਂ ਹੈ, ਕਿਉਂਕਿ ਇਸਦਾ ਉਦਯੋਗਾਂ ਨੂੰ ਜ਼ਲਦੀ ਤੋਂ ਜ਼ਲਦੀ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਸਬੰਧੀ ਸੂਬੇ ਦੀ ਲੋੜ ਨਾਲ ਕੋਈ ਸਬੰਧ ਹੀ ਨਹੀਂ ਹੈ।
ਜਦਕਿ ਕੇਜਰੀਵਾਲ ਵੱਲੋਂ ਉਦਯੋਗਾਂ ਨਾਲ ਕੀਤੇ ਗਏ ਕੁਝ ਮੁੱਖ ਵਾਅਦਿਆਂ ਦੇ ਸਬੰਧ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਪਹਿਲਾਂ ਹੀ ਉਦਯੋਗਿਕ ਬਿਜਲੀ ਦੇ ਰੇਟਾਂ ਨੂੰ ਉਚਿਤ ਦਰਾਂ 'ਤੇ ਲਿਆਉਣ ਦਾ ਵਾਅਦਾ ਕਰ ਚੁੱਕੀ ਹੈ। ਜੇ ਸੂਬਾ ਨੈਸ਼ਨਲ ਪਾਵਰ ਗ੍ਰਿਡ ਨੂੰ 3.40 ਰੁਪਏ ਪ੍ਰਤੀ ਯੂਨਿਟ ਬਿਜਲੀ ਵੇਚ ਸਕਦਾ ਹੈ, ਤਾਂ ਫਿਰ ਉਸ ਰੇਟ ਉਪਰ ਉਦਯੋਗਾਂ ਨੂੰ ਕਿਉਂ ਨਹੀਂ ਦੇ ਸਕਦਾ? ਜਿਨ੍ਹਾਂ ਨੇ ਉਦਯੋਗਾਂ ਨੂੰ ਬਜ਼ਾਰ ਮੁਕਾਬਲੇ 'ਚ ਹੋਰ ਮਜ਼ਬੂਤ ਕਰਨ ਲਈ ਬਿਜਲੀ ਰੇਟਾਂ ਨੂੰ ਘਟਾਉਣ ਦੀ ਵਚਨਬੱਧਤਾ ਉਪਰ ਜ਼ੋਰ ਦਿੱਤਾ ਹੈ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਆਪ ਦੇ ਰੋਪੜ 'ਚ ਉਦਯੋਗਿਕ ਕੇਂਦਰ ਵਿਕਸਿਤ ਕਰਨ ਸਬੰਧੀ ਇਕ ਹੋਰ ਵਾਅਦੇ ਨੂੰ ਸਿੱਧੇ ਤੌਰ 'ਤੇ ਕਾਂਗਰਸ ਦੇ ਵਾਅਦਿਆਂ ਦੀ ਕਾਪੀ ਕਰਾਰ ਦਿੱਤਾ ਹੇ, ਜਿਹੜੀ ਪਹਿਲਾਂ ਹੀ ਪ੍ਰਾਥਮਿਕਤਾ ਦੇ ਅਧਾਰ 'ਤੇ ਕੰਡੀ ਖੇਤਰ (ਰੋਪੜ-ਗੁਰਦਾਸਪੁਰ) 'ਚ ਪਹਿਲ ਦੇ ਅਧਾਰ 'ਤੇ ਇਕ ਉਦਯੋਗਿਕ ਬੈਲਟ ਬਣਾਉਣ ਦਾ ਵਾਅਦਾ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਮੈਨਿਫੈਸਟੋ 'ਚ ਕੀਤੇ ਗਏ 21 ਵਾਅਦਿਆਂ ਨੂੰ ਸਾਫ ਤੌਰ 'ਤੇ ਪੰਜਾਬ ਕਾਂਗਰਸ ਵੱਲੋਂ ਕੀਤੇ ਕੁਝ ਜਾਂ ਹੋਰਨਾਂ ਵਾਅਦਿਆਂ ਨਾਲ ਜੋੜਿਆ ਜਾ ਸਕਦਾ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਇਸ ਤੋਂ ਪਹਿਲਾਂ ਜ਼ਾਰੀ ਕੀਤਾ ਗਿਆ ਕਿਸਾਨ ਤੇ ਨੌਜ਼ਵਾਨ ਮੈਨਿਫੈਸਟੋ ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦੀ ਕਾਪੀ ਤੋਂ ਇਲਾਵਾ ਕੁਝ ਹੋਰ ਨਹੀਂ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਨੇ ਕਾਂਗਰਸ ਦੀ ਤਰ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਹ ਮੁਹਿੰਮ ਕੇਜਰੀਵਾਲ ਦੀ ਆਖਿਰੀ ਚਲਾਕੀ ਹੋਵੇਗੀ, ਕਿਉਂਕਿ ਉਨ੍ਹਾਂ ਦੀ ਸੱਚਾਈ ਹੁਣ ਪੂਰੀ ਤਰ੍ਹਾਂ ਲੋਕਾਂ ਸਾਹਮਣੇ ਆ ਚੁੱਕੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਕੇਜਰੀਵਾਲ ਐਂਡ ਕੰਪਨੀ ਦੇ ਅਜਿਹੇ ਹੱਸਣਯੋਗ ਟੋਟਕਿਆਂ ਦੇ ਜਾਅਲ 'ਚ ਨਹੀਂ ਫੱਸਣ ਵਾਲੇ, ਵੋਟਰ ਸਮਝਦਾਰ ਹਨ ਅਤੇ ਜਾਣਦੇ ਹਨ ਕਿ ਕਿਹੜਾ ਭਰੋਸੇ ਲਾਇਕ ਹੈ।