ਨੂਰਮਹਿਲ, 16 ਸਤੰਬਰ, 2016 : ਨੂਰਮਹਿਲ 'ਚ ਸਥਿਤ ਡੇਰਾ 'ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ' ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਦਾ ਅਸਲ ਸੱਚ ਜਾਨਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਮੰਗਲਵਾਰ ਨੂੰ ਡੇਰੇ ਪੁੱਜ ਗਈ। ਇਸ ਟੀਮ ਨੇ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਇਹ ਮਮੀ ਦਾ ਰੂਪ ਧਾਰਨ ਕਰ ਚੁੱਕੀ ਹੈ।
ਹਾਈਕੋਰਟ ਦੇ ਹੁਕਮਾਂ 'ਤੇ ਤਿੰਨ ਮੈਂਬਰੀ ਡਾਕਟਰਾਂ ਦਾ ਬੋਰਡ ਜਿਸ 'ਚ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਬੀ. ਐੱਲ ਭਾਰਦਵਾਜ ਅਤੇ ਸਹਾਇਕ ਸਿਵਲ ਸਰਜਨ ਜਲੰਧਰ ਦੇਸਰਾਜ ਤੋਂ ਇਲਾਵਾ ਹੋਰ ਇਕ ਮੈਂਬਰ ਡੇਰੇ ਪੁੱਜੇ ਅਤੇ ਮਹਾਰਾਜ ਦੀ ਮ੍ਰਿਤਕ ਦੇਹ ਦੀ ਜਾਂਚ ਕਰਨ ਮਗਰੋਂ ਦੇਖਿਆ ਕਿ ਉਨ੍ਹਾਂ ਦਾ ਪੂਰਾ ਸਰੀਰ ਕਾਲਾ ਪੈ ਚੁੱਕਾ ਹੈ ਅਤੇ ਇਕ ਮਮੀ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਟੀਮ ਨੇ ਇਸ ਗੱਲ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਇਕ ਮਮੀ ਨੂੰ ਕਿਸ ਤਰੀਕੇ ਨਾਲ ਰੱਖਿਆ ਜਾ ਰਿਹਾ ਹੈ ਅਤੇ ਕੀ ਇਹ ਤਰੀਕਾ ਸਹੀ ਹੈ ਜਾਂ ਨਹੀਂ।
ਡਾਕਟਰਾਂ ਨੇ ਕਿਹਾ ਕਿ ਉਹ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਉਹ ਆਪਣੀ ਰਿਪੋਰਟ ਸ਼ੁੱਕਰਵਾਰ ਨੂੰ ਅਗਲੀ ਸੁਣਵਾਈ ਦੌਰਾਨ ਬੰਦ ਲਿਫਾਫੇ 'ਚ ਹਾਈਕੋਰਟ ਨੂੰ ਸੌਂਪਣਗੇ। ਇਸ ਮਾਮਲੇ ਸੰਬੰਧੀ ਡੇਰੇ ਦੇ ਬੁਲਾਰੇ ਸਵਾਮੀ ਗਿਰਧਰਾਨੰਦ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ 'ਤੇ ਡਾਕਟਰਾਂ ਦੀ ਟੀਮ ਡੇਰੇ ਪੁੱਜੀ ਸੀ, ਜੋ ਕਿ ਆਪਣੀ ਰਿਪੋਰਟ ਲੈ ਕੇ ਚਲੀ ਗਈ। ਜ਼ਿਕਰਯੋਗ ਹੈ ਕਿ ਡਾਕਟਰਾਂ ਨੇ 29 ਜਨਵਰੀ, 2014 ਨੂੰ ਆਸ਼ੂਤੋਸ਼ ਮਹਾਰਾਜ ਨੂੰ ਕਲੀਨੀਕਲੀ ਡੈੱਡ ਕਰਾਰ ਦਿੱਤਾ ਸੀ, ਜਿਸ ਦੇ ਢਾਈ ਸਾਲਾਂ ਬਾਅਦ ਵੀ ਉਨ੍ਹਾਂ ਦੀ ਮ੍ਰਿਤਕ ਦੇਹ ਫਰੀਜ਼ਰ 'ਚ ਪਈ ਹੋਈ ਹੈ। ਹਾਈਕੋਰਟ ਨੇ ਕਈ ਵਾਰ ਪੰਜਾਬ ਸਰਕਾਰ ਨੂੰ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕਰਨ ਦੇ ਹੁਕਮ ਦਿੱਤੇ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਸੰਸਕਾਰ ਨਹੀਂ ਕੀਤਾ ਗਿਆ।