ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 2 ਜਨਵਰੀ 2021-ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਖੇਤ ਮਜਦੂਰ ਯੂਨੀਅਨ ਅਤੇ ਪੇਂਡੂ ਡਾਕਟਰ ਯੂਨੀਅਨ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਖੇਤ ਮਜਦੂਰਾਂ ਵੱਲੋਂ ਪਿੰਡ ਪਿੰਡ ਰੋਸ ਰੈਲੀਆਂ ਤੇ ਮੁਜਾਹਰੇ ਕੀਤੇ ਜਾ ਰਹੇ ਹਨ। ਅੱਜ ਇਸ ਖੇਤਰ ਦੇ ਪਿੰਡ ਭਾਗਸਰ ਵਿਖੇ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਜ਼ਿਲ੍ਹਾ ਆਗੂ ਤਰਸੇਮ ਸਿੰਘ ਖੁਡੇਹਲਾਲ , ਬਲਾਕ ਪ੍ਰਧਾਨ ਕਾਕਾ ਸਿੰਘ ਖੁਡੇਹਲਾਲ, ਇਕਾਈ ਪ੍ਰਧਾਨ ਅਮਰੀਕ ਸਿੰਘ , ਡਾਕਟਰ ਐਸੋਸ਼ੀਏਸ਼ਨ ਦੇ ਬਲਾਕ ਪ੍ਰਧਾਨ ਡਾਕਟਰ ਦਰਸ਼ਨ ਸਿੰਘ ਤੇ ਡਾਕਟਰ ਹਰਭਿੰਦਰ ਸਿੰਘ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਦੇ ਖਿਲਾਫ ਪਹਿਲਾਂ ਪਿੰਡ ਦੀਆਂ ਗਲੀਆਂ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਫਿਰ ਜਲਘਰ ਦੇ ਨਜਦੀਕ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਖੇਤ ਮਜਦੂਰਾਂ ਨੂੰ ਵੀ ਇਹ ਕਾਨੂੰਨ ਲੈ ਡੁੱਬਣਗੇ। ਆਗੂਆਂ ਨੇ ਇਹ ਵੀ ਕਿਹਾ ਕਿ 7 ਜਨਵਰੀ ਨੂੰ ਪੰਜਾਬ ਭਰ ਵਿੱਚੋਂ ਹਜਾਰਾਂ ਮਜਦੂਰ ਕਿਸਾਨਾਂ ਦੀ ਹਮਾਇਤ ਤੇ ਦਿੱਲੀ ਜਾਣਗੇ।