ਚੰਡੀਗੜ੍ਹ, 20 ਅਕਤੂਬਰ, 2016 : ਧਾਰਮਿਕ ਸਥਾਨਾਂ ਨੂੰ ਸੁਰੱਖਿਆ ਮੁੱਹਈਆ ਕਰਵਾਉਣ ਵਿੱਚ ਅਸਫਲ ਰਹੀ ਬਾਦਲ ਸਰਕਾਰ 'ਤੇ ਵਰ੍ਹਦੇ ਹੋਏ ਪੰਜਾਬ ਕਾਂਗਰਸ ਨੇ ਮੰਗ ਕੀਤੀ ਹੈ ਕਿ ਬੁੱਧਵਾਰ ਨੂੰ ਮੁਕਤਸਰ ਦੇ ਪਿੰਡ ਮੱਲਣ 'ਚ ਇੱਕ ਗੁਰਦੁਆਰਾ ਸਾਹਿਬ 'ਤੇ ਕੰਟਰੋਲ ਕਰਨ ਨੂੰ ਲੈ ਕੇ ਹੋਈ ਹਿੰਸਾ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
ਇਥੇ ਜਾਰੀ ਬਿਆਨ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਇਸ ਹਿੰਸਕ ਟਕਰਾਅ ਵਿਚ ਤਿੰਨ ਵਿਅਕਤੀ ਮਾਰੇ ਗਏ ਅਤੇ ਅੱਧਾ ਦਰਜਨ ਲੋਕ ਜਖਮੀ ਹੋ ਗਏ, ਜੋ ਘਟਨਾ ਸਰਕਾਰ ਵੱਲੋਂ ਸਮੇ 'ਤੇ ਕਾਰਵਾਈ ਕੀਤੇ ਜਾਣ 'ਤੇ ਰੋਕੀ ਜਾ ਸਕਦੀ ਸੀ।
ਇਕ ਬਿਆਨ ਵਿਚ ਪ੍ਰਦੇਸ਼ ਕਾਂਗਰਸ ਆਗੂਆਂ ਕਰਨ ਕੌਰ ਬਰਾੜ, ਭਾਈ ਹਰਨਿਰਪਾਲ ਸਿੰਘ ਕੁੱਕੂ, ਹਰਚਰਨ ਸਿੰਘ ਸੋਠਾ ਅਤੇ ਨੱਥਾ ਰਾਮ ਨੇ ਕਿਹਾ ਹੈ ਕਿ ਇਸ ਘਟਨਾ ਨੇ ਇਕ ਵਾਰ ਫਿਰ ਤੋਂ ਬਾਦਲ ਸਾਸ਼ਨ ਦੌਰਾਨ ਸੂਬੇ ਵਿਚ ਵਿਗੜ ਚੁੱਕੀ ਕਾਨੂੰਨ ਤੇ ਵਿਵਸਥਾ ਦੀ ਪੋਲ ਖੋਲ ਦਿੱਤੀ ਹੈ।
ਇਸ ਦੌਰਾਨ ਸੂਬੇ 'ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਮੌਕੇ 'ਤੇ ਮੌਜੂਦ ਪੁਲਿਸ ਵੀ ਹਿੰਸਾ ਨੂੰ ਟਾਲਣ ਵਿਚ ਫੇਲ੍ਹ ਰਹੀ। ਜਿਸ ਦੌਰਾਨ 45 ਮਿੰਟ ਤੋਂ ਜਿਆਦਾ ਸਮੇਂ ਵਿਚ ਕਰੀਬ 70 ਗੋਲੀਆਂ ਚਲਾਈਆਂ ਗਈਆਂ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬੀਤੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਮੱਖਣ ਸਿੰਘ ਨੂੰ ਨਾਇਬ ਸਿੰਘ ਦੇ ਵਿਰੋਧੀ ਧਿਰ ਵੱਲੋਂ ਜਬਰਦਸਤੀ ਗੁਰਦੁਆਰੇ ਤੋਂ ਬਾਹਰ ਕੀਤੇ ਜਾਣ ਬਾਅਦ ਬੁੱਧਵਾਰ ਰਾਤ ਤੋਂ ਹੀ ਗੁਰਦੁਆਰਾ ਸਾਹਿਬ ਵਿਚ ਤਣਾਅਪੂਰਨ ਹਾਲਾਤ ਬਣੇ ਹੋਏ ਸਨ, ਲੇਕਿਨ ਫਿਰ ਵੀ ਅਧਿਕਾਰੀ ਲੋੜੀਂਦੇ ਸੁਰਖਿਆ ਪ੍ਰਬੰਧ ਕਰਨ ਵਿਚ ਫੇਲ੍ਹ ਰਹੇ ਜਿਸ ਤੋਂ ਹਾਲਾਤ ਹੋਰ ਵੀ ਵਿਗੜ ਗਏ।
ਇਸ ਮੌਕੇ 'ਤੇ ਬਾਦਲ ਸਰਕਾਰ ਦੀ ਗੰਭੀਰ ਅਤੇ ਨਿੰਦਣਯੋਗ ਅਸਫਲਤਾ 'ਤੇ ਵਰ੍ਹਦੇ ਹੋਏ ਪ੍ਰਦੇਸ਼ ਕਾਂਗਰਸ ਨੇ ਉਕਤ ਘਟਨਾ ਨੂੰ ਸੂਬੇ 'ਚ ਢਹਿ ਚੁੱਕੀ ਕਾਨੂੰਨ ਤੇ ਵਿਵਸਥਾ ਦਾ ਪ੍ਰਦਰਸ਼ਨ ਕਰਦੀਆਂ ਘਟਨਾਵਾਂ ਵਿੱਚੋਂ ਇਕ ਤਾਜਾ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਦੇ ਸ਼ਾਸਨ ਦੌਰਾਨ ਹਿੰਸਕ ਘਟਨਾਵਾਂ ਵਿਚ ਅਪਰਾਧਿਕ ਵਾਧੇ ਹੋਏ ਹਨ, ਜਿਨ੍ਹਾਂ ਵਿਚ ਜਿਆਦਾਤਰ ਸ਼ਿਕਾਰ ਦਲਿਤ ਔਰਤਾਂ ਤੇ ਬੱਚੇ ਬਣੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਸਰਕਾਰੀ ਅੰਕੜਿਆਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਜਿੱਥੇ ਦਲਿਤਾਂ ਵਿਰੁੱਧ ਅਪਰਾਧ ਸਾਲ 2007 ਵਿਚ 651 ਤੋਂ ਵੱਧ ਕੇ 2015 ਤੱਕ 12834 ਨੂੰ ਪਹੁੰਚ ਗਏ ਹਨ, ਉਥੇ ਹੀ ਔਰਤਾਂ ਵਿਰੁੱਧ ਅਪਰਾਧਾਂ ਦਾ ਅੰਕੜਾ ਸਾਲ 2007 ਤੋਂ 2014 ਦੌਰਾਨ ਦੋਗੁਣਾ ਹੋ ਚੁੱਕਾ ਹੈ। ਔਸਤਨ ਸੂਬੇ ਵਿਚ ਹਰ ਘੰਟੇ ਚਾਰ ਅਪਰਾਧ ਸਾਹਮਣੇ ਆ ਰਹੇ ਹਨ। ਇਸ ਦਿਸ਼ਾ 'ਚ ਉਨ੍ਹਾਂ ਨੇ ਸੂਬੇ ਵਿਚ ਬੇਹਾਲ ਕਾਨੂੰਨ ਤੇ ਵਿਵਸਥਾ ਲਈ ਬਾਦਲ ਸਰਕਾਰ ਦੀ ਨਿੰਦਾ ਕੀਤੀ ਹੈ।
ਪਾਰਟੀ ਆਗੂਆਂ ਨੇ ਗੁਰਦੁਆਰਾ ਸਾਹਿਬ ਵਿੱਚ ਹਿੰਸਾ ਭੜਕਾਉਣ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ, ਜੋ ਹੋਰਨਾਂ ਲਈ ਉਦਾਹਰਣ ਹੋਵੇ। ਉਨ੍ਹਾਂ ਨੇ ਇਲਾਕੇ ਵਿਚ ਤਣਾਅ 'ਤੇ ਕਾਬੂ ਪਾਉਣ ਲਈ ਜਲਦੀ ਕਦਮ ਉਠਾਉਣ ਦੀ ਮੰਗ ਕੀਤੀ ਹੈ।