ਰਾਜਵੰਤ ਸਿੰਘ
- ਪਿੰਡ ਲੁਹਾਰਾ ਦੇ ਕਿਸਾਨ ਅਵਤਾਰ ਸਿੰਘ ਨੂੰ ਪਿਆ ਦਿਲ ਦਾ ਦੌਰਾ, ਪਹਿਲਾਂ ਵੀ ਜ਼ਿਲ੍ਹੇ ਦੇ ਦੋ ਕਿਸਾਨ ਪਾ ਚੁੱਕੇ ਹਨ ਸ਼ਹੀਦੀਆਂ
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ 2021 - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਰੀਬ ਡੇਢ ਮਹੀਨੇ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜਿੱਥੇ ਇੱਕ ਪਾਸੇ ਸਰਦੀ ਕਰਕੇ ਕਿਸਾਨ ਬਿਮਾਰ ਹੋ ਰਹੇ ਹਨ, ਉਥੇ ਹੀ ਦਿਲ ਦਾ ਦੌਰਾ ਪੈਣ ਕਰਕੇ ਕਿਸਾਨ ਸ਼ਹੀਦੀਆਂ ਵੀ ਪਾ ਰਹੇ ਹਨ। ਅੱਜ ਫ਼ਿਰ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਸੰਘਰਸ਼ ਕਰ ਰਹੇ ਜ਼ਿਲ੍ਹੇ ਦੇ ਪਿੰਡ ਲੁਹਾਰਾ ਦੇ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਕਿਸਾਨ ਅਵਤਾਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਲੁਹਾਰਾ, ਜੋ ਟਿੱਕਰੀ ਬਾਰਡਰ ’ਤੇ 17 ਦਸੰਬਰ 2020 ਤੋਂ ਕਿਸਾਨ ਸੰਘਰਸ ਵਿੱਚ ਸ਼ਾਮਲ ਸੀ, ਜਿਸਨੂੰ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪਿਆ, ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਮਿ੍ਰਤਕ ਕਿਸਾਨ 18 ਏਕੜ ਜਮੀਨ ਦਾ ਮਾਲਕ ਸੀ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਸਰਗਰਮ ਵਰਕਰ ਵੀ ਸੀ। ਕਿਸਾਨ ਆਪਣੇ ਪਿੱਛੇ 6 ਮੈਂਬਰ ਛੱਡ ਗਿਆ ਹੈ। ਵਰਣਨਯੋਗ ਹੈ ਕਿ ਮਿ੍ਰਤਕ ਕਿਸਾਨ ਅਵਤਾਰ ਸਿੰਘ ਘਰੋਂ ਜਾਣ ਸਮੇਂ ਇਹ ਕਹਿਕੇ ਗਿਆ ਸੀ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਹ ਘਰ ਵਾਪਿਸ ਨਹੀਂ ਆਵੇਗਾ , ਬਲਕਿ ਕਿਸਾਨੀ ਝੰਡੇ ਵਿੱਚ ਲਿਪਟੀ ਉਸਦੀ ਲਾਸ਼ ਹੀ ਆਵੇਗੀ। ਕਿਸਾਨ ਦੀ ਮੌਤ ਨਾਲ ਖੇਤਰ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ।
ਪਹਿਲਾਂ ਵੀ ਜ਼ਿਲ੍ਹੇ ਦੇ ਦੋ ਕਿਸਾਨਾਂ ਦੀ ਹੋ ਚੁੱਕੀ ਹੈ ਮੌਤ
ਕਿਸਾਨੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਵਿੱਚ ਜ਼ਿਲ੍ਹੇ ਦਾ ਇਹ ਪਹਿਲਾ ਕਿਸਾਨ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦੇ ਦੋ ਕਿਸਾਨਾਂ ਦੀ ਦਿੱਲੀ ਬਾਰਡਰਾਂ ’ਤੇ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਗਿੱਦੜਬਾਹਾ ਹਲਕੇ ਦੇ ਪਿੰਡ ਲੁੰਡੇਵਾਲਾ ਦੇ ਕਿਸਾਨ ਜਗਦੀਸ਼ (65) ਤੇ ਲੰਬੀ ਹਲਕੇ ਦੇ ਪਿੰਡ ਅਬੁਲ ਖ਼ੁਰਾਣਾ ਦੇ ਕਿਸਾਨ ਹਰਪਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਚੁੱਕੀ ਹੈ। ਮਿ੍ਰਤਕ ਜਗਦੀਸ਼ ਸਿੰਘ ਪਿੰਡ ਦਾ ਨੰਬਰਦਾਰ ਸੀ। ਜਗਦੀਸ਼ ਸਿੰਘ ਦੇ ਪੁੱਤਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਰਾਤ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਦਿੱਲੀ ਲਈ ਤਿਆਰੀਆਂ ਕੀਤੀਆਂ ਗਈਆਂ, ਪਰ ਸਵੇਰੇ ਤਿੰਨ ਵਜੇ ਉਸਦੇ ਪਿਤਾ ਦੀ ਮੌਤ ਹੋ ਗਈ ਸੀ, ਜਦੋਂਕਿ ਅਬੁਲ ਖ਼ੁਰਾਣਾ ਦੇ 47 ਸਾਲਾ ਕਿਸਾਨ ਹਰਪਿੰਦਰ ਸਿੰਘ, ਜੋ 17-18 ਦਿਨਾਂ ਤੋਂ ਦਿੱਲੀ ਸੰਘਰਸ਼ ’ਚ ਸੀ ਤੇ ਨਮੂਨੀਏ ਤੋਂ ਵੀ ਪ੍ਰੀੜਤ ਰਹਿ ਚੁੱਕਾ ਸੀ, ਜਿਸਨੂੰ ਲੁਧਿਆਣਾ ’ਚ ਦਾਖ਼ਲ ਕੀਤਾ ਗਿਆ ਸੀ, ਜਿੱਥੇ ਹਰਪਿੰਦਰ ਸਿੰਘ ਦੀ ਮੌਤ ਹੋ ਗਈ ਸੀ। ਹਰਪਿੰਦਰ ਸਿੰਘ 9 ਏਕੜ ਜਮੀਨ ਦਾ ਮਾਲਕ ਸੀ ਤੇ ਉਸ ਸਿਰ 25 ਲੱਖ ਦਾ ਕਰਜ਼ ਵੀ ਸੀ।