- ਸ਼ਹੀਦ ਹੋਏ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਵੇ ਕੇਂਦਰ ਸਰਕਾਰ :ਬੈਂਸ
ਲੁਧਿਆਣਾ, 20 ਦਸੰਬਰ 2020 - ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕਿਸਾਨ ਜੱਥੇਬੰਦੀਆਂ ਦੇ ਦਿੱਤੇ ਸਦੇ ਤੇ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਸੰਤ ਬਾਬਾ ਰਾਮ ਸਿੰਘ ਜੀ ਸੀਂਘੜੇ ਵਾਲਿਆਂ ਸਮੇਤ ਹੋਰ ਲਗਭਗ 2 ਦਰਜ਼ਨ ਕਿਸਾਨਾ ਨੂੰ ਪਾਰਟੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਗੁਰਦੁਆਰਾ ਕੋਟ ਮੰਗਲ ਸਿੰਘ ਨਗਰ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਕਿਸਾਨ ਸੰਘਰਸ਼ ਦੇ ਜਿੱਤ ਲਈ ਅਰਦਾਸ ਕੀਤੀ ਗਈ। ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੂਬਾ ਸਰਕਾਰਾਂ ਦੇ ਸੰਵਿਧਾਨਿਕ ਹੱਕ ਤੇ ਡਾਕਾ ਮਾਰਦੇ ਹੋਏ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਨੂੰਨ ਪਾਸ ਕੀਤੇ, ਜਿਨਾ ਨੂੰ
ਵਾਪਸ ਕਰਵਾਉਣ ਲਈ ਕਿਸਾਨਾ ਨੂੰ ਇਸ ਅੱਤ ਦੀ ਸਰਦੀ ਵਿਚ ਸੰਘਰਸ਼ ਕਰਦੇ ਹੋਏ ਸੜਕਾਂ 'ਤੇ ਰਾਤਾਂ ਗੁਜਾਰਨੀਆਂ ਪੈ ਰਹੀਆਂ ਹਨ ਅਤੇ ਇਸ ਸੰਘਰਸ਼ ਦੋਰਾਨ ਲਗਭਗ 2 ਦਰਜ਼ਨ ਕਿਸਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ। ਬੈਂਸ ਨੇ ਕੇਂਦਰ ਸਰਕਾਰ ਅੱਗੇ ਪੁਰਜੋਰ ਸ਼ਬਦਾਂ ਰਾਹੀ ਮੰਗ ਕੀਤੀ ਕਿ ਸ਼ਹੀਦ ਹੋਏ ਕਿਸਾਨਾ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਦੇ ਹੋਏ ਉਨਾ ਦੇ ਕਿਸੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਧਰਨੇ ਤੇ ਬੈਠੇ ਕਿਸਾਨਾ ਦੇ ਦੁੱਖ ਦਰਦ ਦੇਖ ਕੇ ਭਾਵੁਕ ਹੋ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਸ਼ਹੀਦ ਹੋਣ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਸੀਂਘੜੇ ਵਾਲਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਬੈਂਸ ਭਰਾਵਾਂ ਨੇ ਕਿਹਾ ਕਿ ਇਨਾ ਦੀ ਸ਼ਹਾਦਤ ਨੇ ਜਿੱਥੇ ਕਿਸਾਨ ਅੰਦੋਲਨ ਨੂੰ ਬਹੁਤ ਬਲ ਦਿੱਤਾ ਹੈ ਉੱਥੇ ਦੇਸ਼ ਵਿਚੋਂ ਤਾਨਾਸ਼ਾਹੀ ਦੇ ਰੁਝਾਨ ਨੂੰ ਠੱਲ ਪਾ ਕੇ ਲੋਕਤੰਤਰ ਨੂੰ ਮਜਬੂਤ ਕਰਨ ਲਈ ਇਸ ਸ਼ਹਾਦਤ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਉਨਾ ਹੋਰ ਕਿਹਾ ਕਿ ਕਿਸਾਨ ਜੱਥੇਬੰਦੀਆਂ ਦਾ ਤਿੰਨੇ ਕਾਨੂੰਨ ਰੱਦ ਕਰਵਾਉਣ ਦਾ ਫੈਸਲਾ ਬਿਲਕੁਲ ਸਹੀ ਹੈ ਅਤੇ ਕੇਂਦਰ ਸਰਕਾਰ ਵਲੋਂ ਕਾਨੂੰਨਾਂ ਵਿਚ ਸੋਧਾਂ ਦੇ ਤੋਂ ਗੁਰੇਜ ਕਰਨਾ ਚਾਹੀਦਾ ਹੈ, ਕਿਉਂ ਕਿ ਇਹ ਕਾਨੂੰਨਾਂ ਦੀ ਜੜ੍ਹ ਬਰਕਰਾਰ ਰਹਿ ਗਈ ਤਾਂ ਭੱਵਿਖ ਵਿਚ ਦੁਬਾਰਾ ਇਹ ਜੜ੍ਹ ਹਰੀ ਹੋ ਸਕਦੀ ਹੈ।
ਉਹਨਾਂ ਕਿਹਾ ਕਿ ਬਾਬਾ ਜੀ ਭੀਮ ਰਾਓ ਅੰਬੇਦਕਰ ਜੀ ਦੀ ਅਗਵਾਈ ਹੇਠ ਲਿੱਖੇ ਗਏ ਦੇਸ਼ ਦੇ ਸਵਿਧਾਨ ਅਨੁਸਾਰ ਸੰਘੀ ਢਾਂਚੇ ਵਿਚ ਖੇਤੀ ਬਾੜੀ ਅਤੇ ਜਿਨਸਾ ਦਾ ਮੰਡੀਕਰਨ ਤੇ ਕਾਨੂੰਨ ਬਣਾਉਣਾ ਦਾ ਅਧਿਕਾਰ ਸੁਬਿਆਂ ਕੋਲ ਹੈ, ਜੇਕਰ ਇਨਾ ਕਾਨੂੰਨਾਂ ਵਿਚ ਸਿਰਫ ਸੋਧ ਕਰਕੇ ਹੀ ਸਾਰ ਲਿਆ ਜਾਂਦਾਂ ਹੈ ਤਾਂ ਉਹ ਸੰਘੀ ਢਾਂਚੇ ਤੇ ਇਕ ਬਹੁਤ ਵੱਡੀ ਸੱਟ ਹੋਵੇਗੀ ਅਤੇ ਸਵਿਧਾਨ ਦਾ ਅਨਾਦਰ ਹੋਵੇਗਾ। ਉਨਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੇ ਸਮਾਗਮਾਂ ਤੇ ਨਤਮਸਤਕ ਹੋਣ ਉਪਰੰਤ ਦਿੱਲੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਪੱੁਜ ਕੇ ਆਪਣਾ ਹਿੱਸਾ ਪਾਓ ਤਾਂ ਜੋ ਇਸ ਅੰਦੋਲਨ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਪਾਇਆ ਜਾ ਸਕੇ। ਇਸ ਮੋਕੇ ਤੇ ਬੈਂਸ ਭਰਾਵਾਂ ਤੋਂ ਇਲਾਵਾ ਲਿਪ ਦੀ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਸ਼ਸ਼ੀ ਮਲਹੋਤਰਾ, ਪਾਰਟੀ ਦੇ ਜਨਰਲ ਸਕੱਤਰ ਰਣਧੀਰ ਸਿੰਘ ਸਿਵੀਆ, ਜੱਥੇਬੰਦਕ ਸਕੱਤਰ ਬਲਦੇਵ ਸਿੰਘ, ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ, ਪੂਰਬੀ ਦੇ ਇੰਚਾਰਜ ਗੁਰਜੋਧ ਸਿੰਘ ਗਿੱਲ, ਕੇਂਦਰੀ ਦੇ ਇੰਚਾਰਜ ਪਵਨਦੀਪ ਸਿੰਘ ਮਦਾਨ, ਆਤਮ ਨਗਰ ਦੇ ਇੰਚਾਰਜ ਰਣਜੀਤ ਸਿੰਘ ਘਟੋੜੇ, ਜਤਿੰਦਰਪਾਲ ਸਿੰਘ ਸਲੂਜਾ, ਅਰਜਨ ਸਿੰਘ ਚੀਮਾ, ਹਰਜਾਪ ਸਿੰਘ ਗਿੱਲ, ਕੋਂਸਲਰ ਇੰਦਰਜੀਤ ਸਿੰਘ ਰੂਬੀ ਅਤੇ ਸਿਕੰਦਰ ਸਿੰਘ ਪੰਨੂ, ਹਰਪ੍ਰੀਤ ਕੌਰ, ਰਜਨੀ, ਨਰਿੰਦਰ ਕੌਰ, ਪ੍ਰਕਾਸ ਸਿੰਘ ਮਾਨ, ਦਲਜੀਤ ਸਿੰਘ ਦਾਸੂਵਾਲ ਆਦਿ ਹਾਜਰ ਸਨ।