ਚੰਡੀਗੜ੍ਹ, 16 ਅਕਤੂਬਰ, 2016 : ਬਾਦਲ ਸਰਕਾਰ ਦੇ ਸਰਕਾਰੀ ਪੈਨਸ਼ਨਰਾਂ ਦੀਆਂ ਲੰਬੇ ਵਕਤ ਤੋਂ ਲਟਕੀਆਂ ਆ ਰਹੀਆਂ ਮੰਗਾਂ ਪ੍ਰਤੀ ਬੇਰੁੱਖੇ ਵਤੀਰੇ ਤੋਂ ਦੁਖੀ ਪੈਨਸ਼ਨਰ ਸ਼ਨੀਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਮਿੱਲੇ, ਜਿਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਤੋਂ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਮਰਥਨ ਮੰਗਿਆ। ਇਸ ਲੜੀ ਹੇਠ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਦਾ ਇਕ ਉੱਚ ਪੱਧਰੀ ਵਫਦ ਕੈਪਟਨ ਅਮਰਿੰਦਰ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਕਾਂਗਰਸ ਦੀ ਸਰਕਾਰ ਬਣਨ 'ਤੇ ਸਰਕਾਰੀ ਪੈਨਸ਼ਨਰਾਂ ਦੀਆਂ ਮੰਗਾਂ ਪਹਿਲ ਦੇ ਅਧਾਰ 'ਤੇ ਨਿਪਟਾਉਣ ਦੀ ਅਪੀਲ ਕੀਤੀ। ਇਸ ਵਫਦ ਦੀ ਅਗਵਾਈ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਠਾਕੁਰ ਸਿੰਘ ਕਰ ਰਹੇ ਸਨ।
ਪੈਨਸ਼ਰਾਂ ਨੇ ਸ਼ਿਕਾਇਤ ਕੀਤੀ ਕਿ ਅਕਾਲੀ ਸਰਕਾਰ ਡੀ.ਏ 'ਚ ਵਾਧੇ ਦੀ ਰਕਮ ਨੂੰ ਸਮੇਂ ਸਿਰ ਅਦਾ ਕਰਨ 'ਚ ਨਾਕਾਮ ਰਹੀ ਹੈ। ਵਫਦ ਨੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਦੱਸਿਆ ਕਿ 30 ਮਹੀਨੇ ਬੀਤ ਚੁੱਕੇ ਹਨ, ਲੇਕਿਨ ਸਰਕਾਰ ਨੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਅਦਾਇਗੀ ਨਹੀਂ ਕੀਤੀ। ਡੀ.ਏ ਦੀਆਂ ਕਿਸ਼ਤ 'ਚ ਦੇਰੀ ਕਰਨਾ ਅਕਾਲੀ ਸਰਕਾਰ ਦੀ ਆਮ ਆਦਤ ਹੈ, ਜਿਹੜੀ ਸਾਡੇ ਨਾਲ ਬੁਰਾ ਵਤੀਰਾ ਕਰ ਰਹੀ ਹੈ।
ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਜਨਵਰੀ 2006 ਤੋਂ ਫੁੱਲ ਪੈਨਸ਼ਨ ਅਤੇ ਰਿਟਾਇਰਮੈਂਟ ਦੇ ਦੂਜੇ ਫਾਇਦੇ ਦੇਣ ਦੀ ਬਜਾਏ ਅਕਾਲੀ ਸਰਕਾਰ ਨੇ ਇਨ੍ਹਾਂ ਨੂੰ ਦਸੰਬਰ 2011 ਤੋਂ ਲਾਗੂ ਕੀਤਾ ਹੈ।
ਐਸੋਸੀਏਸ਼ਨ ਦੇ ਆਗੂਆਂ ਨੇ ਇਹ ਵੀ ਕਿਹਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਨੇ ਐਲਾਨ ਕੀਤਾ ਸੀ ਕਿ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਠਾਕੁਰ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਬਾਦਲ ਨੇ ਪੈਨਸ਼ਨਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਅਸੀਂ ਆਪਣੀਆਂ ਮੰਗਾਂ ਮੰਨਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ। ਜਿਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਕਾਂਗਰਸ ਉਨ੍ਹਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕੇਗੀ। ਇਸ ਮੌਕੇ ਵਫਦ ਦੇ ਮੈਂਬਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਉਚਿਤ ਹਨ। ਕੈਪਟਨ ਅਮਰਿੰਦਰ ਨੇ ਸਰਕਾਰ 'ਤੇ ਜਾਣਬੁਝ ਕੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਪ੍ਰਤੀ ਅੱਖਾਂ ਬੰਦ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾਵੇਗਾ। ਵਫਦ 'ਚ ਹੋਰਨਾਂ ਤੋਂ ਇਲਾਵਾ, ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਹਰਚੰਤ ਸਿੰਘ ਤੇ ਪੈਟ੍ਰਨ ਰਣਜੀਤ ਸਿੰਘ ਕੰਵਲ ਸਮੇਤ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ ਵੀ ਮੌਜ਼ੂਦ ਰਹੇ।